ਕੁੜੀਆਂ ‘ਤੇ ਚਿੜੀਆਂ ਦੀ ਹੋਣੀ

ਕੁੜੀਆਂ ‘ਤੇ ਚਿੜੀਆਂ ਦੀ ਹੋਣੀ 

ਬਚਪਨ ਵਿੱਚ ਰਾਤ ਨੂੰ ਸਾਡੀ ਦਾਦੀ ਮਾਂ ਸਾਨੂੰ ਬਾਤਾਂ ਸੁਣਾਉਂਦੀ ਅਤੇ ਅਸੀਂ ਸਾਰੇ ਭੈਣ ਭਰਾ ਵਾਰ- ਵਾਰ ਇੱਕ ਹੀ ਬਾਤ ਸੁਣਨ ਦੀ ਜ਼ੱਿਦ ਕਰਦੇ। ਉਹ ਬਾਤ ਸੀ ‘ਇੱਕ ਸੀ ਚਿੜੀ ਤੇ ਇੱਕ ਸੀ ਕਾਂ।’ ਕਹਾਣੀ ਇਸ ਤਰ੍ਹਾਂ ਸੀ- ਇੱਕ ਵਾਰ ਚਿੜੀ ਤੇ ਕਾਂ ਨੂੰ ਬਾਜਰੇ ਦਾ ਦਾਣਾ ਲੱਭ ਜਾਂਦਾ ਹੈ। ਚਿੜੀ ਕਾਂ ਨਾਲ ਉਸ ਨੂੰ ਬੀਜਣ ਦੀ ਸਲਾਹ ਕਰਦੀ ਹੈ। ਕਾਂ ਸਹਿਮਤ ਤਾਂ ਹੋ ਜਾਂਦਾ ਹੈ, ਪਰ ਕੰਮ ਕੋਈ ਨਹੀਂ ਕਰਦਾ। ਚਿੜੀ ਇਕੱਲਿਆਂ ਹੀ ਸਾਰਾ ਕੰਮ ਨਿਪਟਾਉਂਦੀ ਹੈ ਤੇ ਫ਼ਸਲ ਵੰਡਣ ਦਾ ਸਮਾਂ ਆ ਜਾਂਦਾ ਹੈ। ਹੁਣ ਵਿਹਲੜ ਕਾਂ ਚੌਧਰੀ ਬਣ ਕੇ ਪਹੁੰਚ ਜਾਂਦਾ ਹੈ। ਚਿੜੀ ਨਿਰਾਸ਼ੇ ਮਨ ਨਾਲ ਤੂਤੜੇ ਦੇ ਢੇਰ ਉੱਪਰ ਬੈਠੀ ਆਪਣੀ ਹੋਣੀ ਨੂੰ ਕੋਸ ਰਹੀ ਹੁੰਦੀ ਹੈ। ਕੁਦਰਤ ਇਨਸਾਫ ਕਰਦੀ ਹੈ। ਜ਼ੋਰਦਾਰ ਮੀਂਹ ਸ਼ੁਰੂ ਹੁੰਦਾ ਹੈ ਅਤੇ ਗੜੇ ਪੈਣ ਲੱਗਦੇ ਹਨ। ਚਿੜੀ ਤੂਤੜੇ ਵਿੱਚ ਲੁਕ ਜਾਂਦੀ ਹੈ ਜਦੋਂਕਿ ਕਾਂ ਸਿਰ ਵਿੱਚ ਗੜਾ ਵੱਜਣ ਕਾਰਨ ਉੱਥੇ ਹੀ ਮਰ ਜਾਂਦਾ ਹੈ। ਮੀਂਹ ਹਟਦਾ ਹੈ ਤੇ ਚਿੜੀ ਨੂੰ ਬਾਜਰਾ ਅਤੇ ਤੂਤੜਾ ਦੋਨੋਂ ਹੀ ਮਿਲ ਜਾਂਦੇ ਹਨ।
ਅਸਲ ਵਿੱਚ ਇਹ ਕਹਾਣੀ ਅਚੇਤ ਮਰਦ ਪ੍ਰਧਾਨ ਸਮਾਜ ਦੀ ਸਿਰਜਣਾ ਹੈ। ਇਹ ਹੁਣ ਵੀ ਹੋ ਰਿਹਾ ਹੈ। ਹੁਣ ਜਦੋਂ ਅਸੀਂ ਵੱਡੇ ਹੋ ਚੁੱਕੇ ਹਾਂ ਅਤੇ ਸਮਾਜ ਵਿੱਚ ਵਿਚਰ ਰਹੇ ਹਾਂ ਤਾਂ ਸਾਨੂੰ ਕਦਮ-ਕਦਮ ਇਸ ਕਹਾਣੀ ਦਾ ਸਾਕਾਰ ਰੂਪ ਦਿਖਾਈ ਦਿੰਦਾ ਹੈ। ਚਿੜੀਆਂ ਜ਼ੁਲਮ ਸਹਿੰਦੀਆਂ ਅਤੇ ਸਹਿਕਦੀਆਂ ਹਨ ਅਤੇ ਕਾਂ ਹੱਕ ਮਾਰਦੇ ਤੇ ਆਫਰੇ ਫਿਰਦੇ ਹਨ। ਕਿਤੇ ਚਿੜੀਆਂ ਨੂੰ ਖ਼ੂਨ ਪਸੀਨਾ ਇੱਕ ਕਰਕੇ ਮਿਹਨਤ ਕਰਨ ਦੇ ਬਾਵਜੂਦ ਭੁੱਖੇ ਮਰਦੇ ਦੇਖਦੇ ਹਾਂ। ਕਿਤੇ ਛੋਟੇ-ਛੋਟੇ ਬੋਟ ਕੂੜੇ ਕਰਕਟ ਦੇ ਢੇਰਾਂ ਤੋਂ ਲਿਫ਼ਾਫ਼ੇ ਤੇ ਹੋਰ ਨਿੱਕ ਸੁੱਕ ਇਕੱਠਾ ਕਰਦੇ ਦਿਖਾਈ ਦਿੰਦੇ ਹਨ। ਕਿਤੇ ਬਸਤਾ ਲੈ ਕੇ ਸਕੂਲ ਜਾਣ ਦੀ ਬਜਾਏ ਮਾਸੂਮ ਢਾਬਿਆਂ ‘ਤੇ ਜੂਠੇ ਭਾਂਡੇ ਮਾਂਜ ਰਹੇ ਹੁੰਦੇ ਹਨ ਤੇ ਕਿਤੇ ਖੇਡਣ ਦੀ ਉਮਰੇ ਭੋਲੇ ਭਾਲੇ ਚਿਹਰੇ ਚੌਰਾਹਿਆਂ ‘ਤੇ ਭੀਖ ਮੰਗ ਰਹੇ ਹੁੰਦੇ ਹਨ। ਉਨ੍ਹਾਂ ਨੂੰ ਹਰ ਥਾਂ ਠੁੱਡੇ ਤੇ ਧੱਕੇ ਹੀ ਮਿਲਦੇ ਹਨ। ਲੱਗਦਾ ਹੈ ਸਮਾਜ ਦੇ ਢੋਡਰ ਕਾਵਾਂ ਨੇ ਉਨ੍ਹਾਂ ਨੂੰ ਤਾਂ ਤੂਤੜਾ ਵੀ ਨਹੀਂ ਦਿੱਤਾ।
ਚਿੜੀਆਂ ਦੀ ਗੱਲ ਕਰਦਿਆਂ ਕੁੜੀਆਂ ਦੀ ਗੱਲ ਆਪ ਮੁਹਾਰੇ ਹੀ ਹੋ ਜਾਂਦੀ ਹੈ ਕਿਉਂਕਿ ਸਾਡੇ ਸਮਾਜ ਵਿੱਚ ਤਾਂ ਕੁੜੀਆਂ ਦੀ ਤੁਲਨਾ ਹੀ ਚਿੜੀਆਂ ਨਾਲ ਕੀਤੀ ਜਾਂਦੀ ਹੈ। ਨਾ ਕਿਸੇ ਨੂੰ ਚਿੜੀ ਮਰਨ ਦਾ ਦਰਦ ਹੁੰਦਾ ਹੈ ਤੇ ਨਾ ਕੁੜੀ ਮਰਨ ਦਾ। ਚਿੜੀਆਂ ਵੀ ਖ਼ਤਮ ਹੋ ਰਹੀਆਂ ਹਨ ਤੇ ਕੁੜੀਆਂ ਦੀ ਗਿਣਤੀ ਵੀ ਘੱਟ ਰਹੀ ਹੈ। ਕੁੜੀ ਹੋਣਾ ਹੀ ਉਸਦੀ ਹੋਂਦ ਦਾ ਸਰਾਪ ਹੈ। ਪਹਿਲਾਂ ਤਾਂ ਕੁੜੀ ਨੂੰ ਜੰਮਣ ਪਿੱਛੋਂ ਮਾਰਿਆ ਜਾਂਦਾ ਸੀ ਤੇ ਹੁਣ ਉਸਨੂੰ ਜੰਮਣ ਤੋਂ ਪਹਿਲਾਂ ਹੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਨਮ ਦੇਣ ਵਾਲੀ ਮਾਂ ਦੀ ਕੁੱਖ ਹੀ ਉਸਦੀ ਕਤਲਗਾਹ ਬਣ ਜਾਂਦੀ ਹੈ। ਇੱਥੇ ਉਸ ਦੇ ਜਨਮ ਦਾ ਮੁੱਢ ਬੰਨ੍ਹਣ ਵਾਲੇ ਮਾਂ- ਬਾਪ ਹੀ ਕਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਜੋ ਕਹਾਣੀ ਵਿਚਲੇ ਕਾਂ ਨਾਲੋਂ ਕਿਤੇ ਵੱਧ ਨਿਰਦਈ ਅਤੇ ਖੂੰਖਾਰ ਜਾਪਦੇ ਹਨ। ਕਈ ਵਿਚਾਰੀਆਂ ਲਾਡਾਂ ਨਾਲ ਪਾਲੀਆਂ ਪੋਸੀਆਂ ਇਨ੍ਹਾਂ ਕਾਵਾਂ ਦੇ ਲਾਲਚ ਸਦਕਾ ਦਾਜ ਦੀ ਬਲੀ ਚੜ੍ਹ ਜਾਂਦੀਆਂ ਹਨ ਤੇ ਕਈ ਬਿਨਾਂ ਕਸੂਰ ਹੀ ਨਰਕ ਦੀ ਜੂਨ ਭੋਗਦੀਆਂ ਰਹਿੰਦੀਆਂ ਹਨ। ਸੱਚ ਤਾਂ ਇਹ ਹੈ ਕਿ ਸਾਡੇ ਸਮਾਜ ਵਿੱਚ ਵਿਚਰ ਰਹੇ ਇਹ ਮਨ ਦੇ ਕਾਲੇ ਕਾਂ ਕਈ ਵਾਰ ਛੋਟੇ ਛੋਟੇ ਬਾਲ-ਬਾਲੜੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਆਪਣੇ ਲਾਲਚ, ਸਵਾਰਥ ਅਤੇ ਹਵਸ ਦੀ ਪੂਰਤੀ ਕਰਨ ਉਪਰੰਤ ਮਾਰ ਕੇ ਕਿਸੇ ਕੋਨੇ ਵਿੱਚ ਸੁੱਟ ਦਿੰਦੇ ਹਨ ਤੇ ਜਾਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੰਦੇ ਹਨ। ਇੱਥੋਂ ਤਕ ਕਈ ਤਾਂ ਪਸ਼ੂ- ਪੰਛੀਆਂ ਤੇ ਕੁਦਰਤ ਦੀਆਂ ਦਾਤਾਂ ਨਾਲ ਵੀ ਖਿਲਵਾੜ ਕਰਦੇ ਹਨ।
ਸ੍ਰੀ ਗੁਰੂ ਗੋਬਿੰਦ ਜੀ ਨੇ ਚਿੜੀਆਂ ਤੋਂ ਬਾਜ਼ ਤੁੜਾਉਣ ਦਾ ਸੰਕਲਪ ਦੇ ਕੇ ਇੱਕ ਰੂਹ-ਹੀਣ ਅਤੇ ਸਹਿਕ ਰਹੀ ਕੌਮ ਵਿੱਚ ਨਵੀਂ ਰੂਹ ਅਤੇ ਅਜਿਹਾ ਉਤਸ਼ਾਹ ਜਗਾਇਆ ਕਿ ਉਹ ਜਬਰ ਜ਼ੁਲਮ ਨਾਲ ਟੱਕਰ ਲੈਣ ਅਤੇ ਅਣਖ ਭਰਪੂਰ ਜੀਵਨ ਜਿਉਣ ਲਈ ਆਪਣੀ ਜਾਨ ਵੀ ਦਾਅ ‘ਤੇ ਲਗਾਉਣ ਲੱਗੇ। ਉਹ ਹੱਕ ਤੇ ਸੱਚ ਲਈ ਆਵਾਜ਼ ਉਠਾਉਣ ਲੱਗੇ। ਅੱਜ ਉਸੇ ਸੰਕਲਪ ਅਤੇ ਸੋਚ ਦੀ ਫਿਰ ਤੋਂ ਲੋੜ ਹੈ ਕਿਉਂਕਿ ਹਾਲੇ ਵੀ ਅਣਗਿਣਤ ਚਿੜੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਕਦਮ ਕਦਮ ਉੱਪਰ ਸਮਾਜ ਦੇ ਕਾਵਾਂ ਦੇ ਜ਼ੁਲਮ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਹ ਵਿਚਾਰੀਆਂ ਬੇਵਸੀ ਦੇ ਆਲਮ ਵਿੱਚ ਆਪਣਾ ਜੀਵਨ ਬਤੀਤ ਕਰ ਰਹੀਆਂ ਹਨ। ਉਨ੍ਹਾਂ ਦੀ ਬਾਤ ਸੁਣਨ ਵਾਲਾ ਕੋਈ ਨਹੀਂ। ਕਾਸ਼! ਕੁਦਰਤ ਮਿਹਰ ਕਰੇ। ਚਿੜੀ ਤੇ ਕਾਂ ਵਾਲੀ ਕਹਾਣੀ ਸੱਚ ਹੋਵੇ। ਇਨ੍ਹਾਂ ਕਾਵਾਂ ਦੇ ਟੋਟਣ ਵਿੱਚ ਵੀ ਗੜੇ ਵੱਜਣ ਤੇ ਮਿਹਨਤਕਸ਼ ਅਤੇ ਸਮਾਜਿਕ ਅਨਿਆਂ ਦਾ ਸ਼ਿਕਾਰ ਹੋ ਰਹੀਆਂ ਇਨ੍ਹਾਂ ਸਮੂਹ ਨਿਰਦੋਸ਼ ਚਿੜੀਆਂ ਨੂੰ ਵੀ ਜਿਉਣ ਦਾ ਹੱਕ ਮਿਲੇ। ਉਨ੍ਹਾਂ ਵਿੱਚ ਏਨੀ ਹਿੰਮਤ ਆਵੇ ਕਿ ਕੋਈ ਵੀ ਉਨ੍ਹਾਂ ਨੂੰ ਵਿਚਾਰੀਆਂ ਨਾ ਸਮਝੇ।

-ਪਰਮਿੰਦਰ ਕੌਰ ਕਰਾਂਤੀ