ਆਸਟਰੇਲੀਆ ਸ਼ੁਰੂ ਕਰੇਗਾ ਕਿਸਾਨਾਂ ਲਈ ਵੀਜ਼ਾ

ਆਸਟਰੇਲੀਆ ਸ਼ੁਰੂ ਕਰੇਗਾ ਕਿਸਾਨਾਂ ਲਈ ਵੀਜ਼ਾ

ਪਰਥ : ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਵਿਚ ਖੇਤੀਬਾੜੀ ਕਰ ਰਹੇ ਕਿਸਾਨਾਂ ਨੂੰ ਸਹੀ ਸਮੇਂ ‘ਤੇ ਲੇਬਰ ਹਾਸਿਲ ਕਰਨ ਵਿਚ ਆਉਂਦੀ ਮੁਸ਼ਕਿਲ ਦੇ ਚਲਦਿਆਂ ਸਰਕਾਰ ਖੇਤੀ ਪੇਸ਼ੇ ਲਈ ਇਕ ਖਾਸ ਕਿਸਾਨੀ ਵੀਜ਼ਾ ਸ਼ੁਰੂ ਕਰ ਸਕਦੀ ਹੈ, ਜਿਸਦਾ ਖੁਲਾਸਾ ਡੇਵਿਡ ਲਿੱਟਲਪ੍ਰਾਊਂਡ ਖੇਤੀਬਾੜੀ ਮੰਤਰੀ ਨੇ ਕੀਤਾ। ਹਾਲਾਂਕਿ ਮੌਜੂਦਾ ਸਮੇਂ ਵਿਚ ਕਈ ਸਾਰੇ ਵੀਜ਼ੇ ਹਨ, ਜਿਨ੍ਹਾਂ ਜ਼ਰੀਏ ਖੇਤ ਕਾਮੇ ਆਸਟ੍ਰੇਲੀਆ ਵਿਚ ਆ ਕੇ ਕੰਮ ਕਰਦੇ ਹਨ, ਇਹਨਾਂ ‘ਚ ਸੀਜ਼ਨਲ ਵਰਕਰ ਪ੍ਰੋਗਰਾਮ, ਵਰਕਿੰਗ ਹੌਲੀਡੇ ਮੇਕਰ ਵੀਜ਼ਾ ਆਦਿ ਸ਼ਾਮਿਲ ਹਨ।
ਕੁੱਝ ਕਿਸਾਨਾਂ, ਕਿਸਾਨ ਸੰਗਠਨਾਂ ਅਤੇ ਖੇਤੀ ਨਾਲ ਜੁੜੀਆਂ ਸੰਸਥਾਵਾਂ ਨੇ ਖੇਤੀ ਕਾਮਿਆਂ ਦੀ ਥੁੜ੍ਹ ਨੂੰ ਪੂਰਾ ਕਰਨ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ। ਖੇਤੀਬਾੜੀ ਮੰਤਰੀ ਨੇ ਇਸ ਮੰਗ ਦਾ ਸਮਰਥਨ ਕਰਦਿਆਂ ਇਸ਼ਾਰਾ ਦਿਤਾ ਕਿ ਇਹ ਵੀਜ਼ਾ ਜਲਦੀ ਹੀ ਉਪਲੰਬਧ ਹੋਵੇਗਾ। ਹਾਲਾਂਕਿ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਇਹ ਕਿਸ ਤਰ੍ਹਾਂ ਦਾ ਵੀਜਾ ਹੋਵੇਗਾ । ਉਨ੍ਹਾਂ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਸਰਕਾਰ 6-9 ਮਹੀਨੇ ਦੀ ਮਿਆਦ ਦਾ ਮਲਟੀਪਲ ਐਂਟਰੀ ਵੀਜ਼ਾ ਖਾਸ ਖੇਤ ਕਾਮਿਆਂ ਲਈ ਸ਼ੁਰੂ ਕਰੇ ਜਿਸ ਵਿਚ ਸਪੌਂਸਰਸ਼ਿਪ ਜਾਂ ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਨਾ ਹੋਵੇ। ਡੇਵਿਡ ਕੋਲਮੈਨ ਆਵਾਸ ਮੰਤਰੀ ਵੀ ਮੰਨਦੇ ਹਨ ਕਿ ਆਸਟ੍ਰੇਲੀਆ ਦੇ ਹਰੇਕ ਖੇਤਰ ਦੀਆਂ ਇਮੀਗ੍ਰੇਸ਼ਨ ਸਬੰਧੀ ਲੋੜਾਂ ਇਕ ਸਾਰ ਨਹੀਂ ਹਨ ਅਤੇ ਉਨ੍ਹਾਂ ਲਈ ਨਵੇਂ ਜ਼ਰੀਏ ਭਾਲਣ ਦੀ ਲੋੜ ਹੈ।