ਸੰਮਤੀ ਚੋਣਾਂ ਲਈ 58 ਫ਼ੀਸਦੀ ਵੋਟਾਂ ਪਈਆਂ, ਕਈ ਥਾਵਾਂ ‘ਤੇ ਭਿੜੇ ਅਕਾਲੀ-ਕਾਂਗਰਸੀ

ਸੰਮਤੀ ਚੋਣਾਂ ਲਈ 58 ਫ਼ੀਸਦੀ ਵੋਟਾਂ ਪਈਆਂ, ਕਈ ਥਾਵਾਂ ‘ਤੇ ਭਿੜੇ ਅਕਾਲੀ-ਕਾਂਗਰਸੀ

ਚੰਡੀਗੜ੍ਹ : ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੀਆਂ ਚੋਣਾਂ, ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੌਰਾਨ ਵਾਪਰੀਆਂ ਛੋਟੀਆਂ-ਮੋਟੀਆਂ ਝੜਪਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਈਆਂ ਹਨ। ਰਾਮਪੁਰਾ ਨੇੜੇ ਦੇ ਪਿੰਡ ਧੂਲੇਵਾਲ ਵਿਚ ਦੁਵੱਲੀ ਗੋਲੀਬਾਰੀ ਵੇਲੇ ਮਚੀ ਹਫੜਾ ਦਫੜੀ ਦੌਰਾਨ ਤੇਜ਼ ਰਫ਼ਤਾਰ ਜਾ ਰਹੀ ਕਾਰ ਥੱਲੇ ਆ ਕੇ ਇਕ ਛੋਟੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ ਹੈ। ਇਸ ਤੋਂ ਬਿਨਾ ਵੱਖ-ਵੱਖ ਘਟਨਾਵਾਂ ਵਿਚ ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਪੰਜਾਬ ਵਿਚ ਔਸਤਨ 58.10 ਫ਼ੀ ਸਦੀ ਵੋਟਾਂ ਪਈਆਂ ਹਨ। ਵੋਟਰਾਂ ਦੀ ਕੁਲ ਗਿਣਤੀ 1,27,87,395 ਵਿਚੋਂ 43, 90 ਫ਼ੀ ਸਦੀ ਨੇ ਅਪਣੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਵੋਟਾਂ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਸੀ ਅਤੇ 4 ਵਜੇ ਖ਼ਤਮ ਹੋ ਗਿਆ। ਪਿਛਲੇ ਸਾਲ 65 ਫ਼ੀ ਸਦੀ ਵੋਟਾਂ ਭੁਗਤੀਆਂ ਸਨ। ਤਰਨਤਾਰਨ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਵਿਚ ਕਾਂਗਰਸੀਆਂ ‘ਤੇ ਅਕਾਲੀ ਵਰਕਰਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਜਸਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੀ ਦਸਤਾਰ ਵੀ ਉਤਾਰ ਦਿਤੀ ਗਈ।
ਦੋਵਾਂ ਧਿਰਾਂ ਦਰਮਿਆਨ ਇੱਟਾਂ ਰੋੜੇ ਚਲੇ ਜਿਸ ਵਿਚ ਮੈਨੇਜਰ ਜਸਵਿੰਦਰ ਸਿੰਘ ਦੇ ਤਿੰਨ ਸਾਥੀ ਚਮਕੌਰ ਸਿੰਘ, ਸੀਤਲ ਸਿੰਘ ਤੇ ਜਸਪਾਲ ਸਿੰਘ ਸਖ਼ਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮੈਨੇਜਰ ਜਸਵਿੰਦਰ ਸਿੰਘ ਪਿੰਡ ਅਲਾਦੀਮਪੁਰ ਦੇ ਵਾਸੀ ਹਨ। ਹਮਲਵਰਾਂ ਨੇ ਪੱਤਰਕਾਰਾਂ ਨੂੰ ਵੀ ਧਮਕੀਆਂ ਦਿਤੀਆਂ। ਵੱਖ ਵੱਖ ਥਾਵਾਂ ਤੋਂ ਮਿਲੀ ਸੂਚਨਾ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਉਠੀਆ ਵਿਚ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿਚ ਵੀ ਭਿੜੇ। ਫ਼ਿਰੋਜ਼ਪੁਰ ਦੇ ਪਿੰਡ ਢੀਂਡਸਾ ਵਿਚ ਅਕਾਲੀ ਦਲ ਨੇ ਕਾਂਗਰਸ ਦੇ ਵਰਕਰਾਂ ਉਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਹਨ।
ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ : ਬਾਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੂੰ ‘ਦਿਨ-ਦਿਹਾੜੇ ਬੇਰਹਿਮੀ ਨਾਲ ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ 19 ਸਤੰਬਰ 2018 ਨੂੰ ਲੋਕਤੰਤਰ ਲਈ ਸਭ ਤੋਂ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਕਾਂਗਰਸ ਨੇ ਪੰਜਾਬ ਨੂੰ ਮਾੜੇ ਸਮਿਆਂ ਵਾਲਾ ਬਿਹਾਰ ਬਣਾ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਰਾਜ ਚੋਣ ਕਮਿਸ਼ਨ ਨੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਪੂਰੀ ਤਰਾਂ ਤਿਆਗ ਦਿੱਤਾ ਸੀ। ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸਰਕਾਰੀ ਮਸ਼ੀਨਰੀ ਅਤੇ ਚੋਣ ਕਮਿਸ਼ਨ ਨੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕੀਤਾ ਹੈ।

ਕੁਝ ਪੋਲਿੰਗ ਬੂਥਾਂ ‘ਤੇ ਮੁੜ ਹੋਣਗੀਆਂ ਚੋਣਾਂ
ਪੰਜਾਬ ਦੇ ਕਈ ਇਲਾਕਿਆਂ ‘ਚ ਚੋਣਾਂ ਨੂੰ ਲੈ ਕੇ ਪਾਰਟੀਆਂ ‘ਚ ਆਪਸੀ ਝਗੜੇ ਅਤੇ ਹੋਰ ਹਿੰਸਕ ਘਟਨਾਵਾਂ ਦੌਰਾਨ ਕਈ ਪਿੰਡਾਂ ਨੇ ਤਾ ਚੋਣਾਂ ਤੋਂ ਬਾਈਕਾਟ ਹੀ ਕਰ ਦਿੱਤਾ ਸੀ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਚੋਣ ਕਮਿਸ਼ਨ ਨੇ ਸੂਬੇ ਦੇ ਕੁਝ ਇਲਾਕਿਆ ‘ਚ ਮੁੜ ਵੋਟਾਂ ਪਾਉਣ ਦਾ ਐਲਾਨ ਜਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਚੋਣ ਕਮਿਸ਼ਨ ਨੇ 7 ਜ਼ਿਲ੍ਹਿਆਂ ਦੇ 51 ਬੂਥਾਂ ‘ਚ ਮੁੜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣਗੀਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਸਰਾਰਤੀ ਅਨਸਰਾਂ ਨੇ ਸੂਬੇ ਦੀਆਂ ਕਈ ਥਾਵਾਂ ‘ਤੇ ਬੈਲਟ ਬਕਸੇ ਹੀ ਚੁੱਕ ਕੇ ਲੈ ਗਏ ਅਤੇ ਉਸ ਦੀ ਭੰਨ ਤੋੜ ਕਰਕੇ ਵੋਟਾਂ ਨੂੰ ਅੱਗ ਲਗਾ ਦਿੱਤੀ।