ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਦੀ ਮੀਟਿੰਗ ‘ਚ ਫਿਰ ਜ਼ਬਰ ਦਾ ਬੋਲਬਾਲਾ

ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਦੀ ਮੀਟਿੰਗ ‘ਚ ਫਿਰ ਜ਼ਬਰ ਦਾ ਬੋਲਬਾਲਾ

ਸੱਤਾਧਾਰੀਆਂ ਨੇ ਬਣੇ ਰਹਿਣ ਲਈ ਗੈਰ ਮੈਂਬਰਾਂ ਦਾ ਲਿਆ ਸਹਾਰਾ

ਖਾਰਜ ਕੀਤੇ ਮੈਂਬਰਾਂ ਨਾਲ ‘ਕਦੇ ਮਰ ਚਿੜੀਏ ਕਦੇ ਜੀਅ ਚਿੜੀਏ’ ਵਾਲੀ ਖੇਡੀ ਜਾ ਰਹੀ ਹੈ ਖੇਡ

ਐਬਟਸਫੋਰਡ: (ਬਰਾੜ-ਭਗਤਾ ਭਾਈ ਕਾ): ਏਥੋਂ ਦੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਦੀਆਂ ਚੋਣਾਂ ਨੂੰ ਲੈ ਕੇ ਛਿੜੇ ਵਿਵਾਦ ਕਾਰਨ ਪੰਜਾਬੀ ਭਾਈਚਾਰਾ ਦੋਫਾੜ ਹੋਇਆ ਜਾਪ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਕਬਜ਼ਾ ਜਮਾਈ ਬੈਠੀ ਸਤਾਧਾਰੀ ਧਿਰ ਤਾਨਾਸ਼ਾਹੀ ਫੁਰਮਾਨ ਨਾਲ ਗੁਰਦੁਆਰਾ ਸਾਹਿਬ ਦੀਆਂ ਚੋਣਾਂ ‘ਤੇ ਇੱਕ ਤਰਾਂ ਦੀ ਐਮਜੰਸੀ ਹੀ ਲਾਈ ਬੈਠੀ ਹੈ। ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਬਰਕਰਾਰ ਰੱਖਣ ਲਈ ਮੌਜੂਦਾ ਕਮੇਟੀ ਕਈ ਅਜਿਹੇ ਮੈਂਬਰਾਂ ‘ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ‘ਤੇ ਲਾਈ ਪਾਬੰਦੀ ਨੂੰ ਸਦਾ ਲਈ ਬਰਕਰਾਰ ਰੱਖਣਾ ਚਾਹੁੰਦੀ ਹੈ ਜਿਹੜੇ ਮੈਂਬਰਾਂ ਤੋਂ ਉਹ ਸ਼ਾਇਦ ਇਸ ਗੱਲ ਦਾ ਭੈਅ ਖਾਂਦੀ ਹੈ ਕਿ ਕਿਤੇ ਜੇ ਇਨ੍ਹਾਂ ਮੈਂਬਰਾਂ ਨੂੰ ਗੁਰਦੁਆਰਾ ਦੀ ਮੈਂਬਰਸ਼ਿਪ ਤੋਂ ਖਾਰਜ ਨਾ ਕੀਤਾ ਗਿਆ ਤਾਂ ਇਹ ਗੁਰਦੁਆਰਾ ਗੋਲਕ ‘ਤੇ ਕਿਤੇ ਕਾਬਜ਼ ਹੀ ਨਾ ਹੋ ਜਾਣ। ਕਈ ਮੀਟਿੰਗਾਂ ਬੁਲਾ ਕੇ ਉਸ ਵਿੱਚ ਧੱਕੇ ਨਾਲ ਯਾਤਰੀ ਵੀਜ਼ੇ ਅਤੇ ਵਿਦਿਆਰਥੀਆਂ ਨੂੰ ਲਿਆ ਕੇ ਸਤਾਧਾਰੀ ਧਿਰ ਵੱਲੋਂ ਗੈਰ ਮੈਂਬਰਾਂ ਦੀ ਮੱਦਦ ਨਾਲ ਆਪਣੇ ਹੱਕ ‘ਚ ਫੈਸਲੇ ਲੈ ਕੇ ਮੀਟਿੰਗ ਖਤਮ ਕਰ ਦਿੱਤੀ ਜਾਂਦੀ ਹੈ। ਚੋਣਾਂ ਹਾਰ ਜਾਣ ਦੇ ਡਰੋਂ ਸਤਾਧਾਰੀ ਧਿਰ ਚੋਣਾਂ ਹੀ ਨਹੀਂ ਕਰਵਾ ਰਹੀ ਸਗੋਂ ਤਾਨਾਸ਼ਾਹੀ ਰੁਖ ਅਪਣਾ ਕੇ ਗੋਲਕ ‘ਤੇ ਕਾਬਜ਼ ਹੈ।
ਹਾਲ ਹੀ ਵਿੱਚ ਬੁਲਾਈ ਗਈ ਮੀਟਿੰਗ ‘ਚ ਸਤਾਧਾਰੀ ਧਿਰ ਵੱਲੋਂ ਮੀਟਿੰਗ ‘ਚ ਗੈਰ ਮੈਂਬਰ ਭਾੜੇ ‘ਤੇ ਲਿਆਕੇ ਰੌਲ਼ੇ ਰੱਪੇ ‘ਚ ਮੀਟਿੰਗ ਸਮਾਪਤ ਕਰਕੇ ਪਹਿਲਾਂ ਵਾਂਗ ਫਿਰ ਆਪਣੇ ਹੱਕ ‘ਚ ਫੈਸਲੇ ਰੱਖ ਲਏ ਗਏ ਜਦੋਂ ਕਿ ਵਿਰੋਧੀ ਧਿਰ ਨੂੰ ਬੋਲਣ ਤੱਕ ਦਾ ਸਮਾਂ ਹੀ ਨਹੀਂ ਦਿੱਤਾ ਤੇ ਨਾ ਹੀ ਖਾਰਜ ਕੀਤੇ ਮੈਂਬਰਾਂ ਨੂੰ ਅੰਦਰ ਮੀਟਿੰਗ ‘ਚ ਆਉਣ ਦਿੱਤਾ ਗਿਆ। ਇਸ ਵਾਰ ਦੀ ਇਸ ਮੀਟਿੰਗ ਦਾ ਮੁੱਖ ਏਜੰਡਾ ਇਹ ਸੀ ਕਿ ਗੁਰਦੁਆਰਾ ਸਾਹਿਬ ਦੀ ਮੈਂਬਰੀ ਤੋਂ ਖਾਰਜ਼ ਕੀਤੇ ਮੈਂਬਰਾਂ ਦੀ ਬਹਾਲੀ ਬਾਰੇ ਕਿਸੇ ਨਤੀਜੇ ‘ਤੇ ਪਹੁੰਚਿਆ ਜਾਵੇ। ਮੈਂਬਰੀ ਤੋਂ ਖਾਰਜ ਕੀਤੇ ਗਏ ਮੈਂਬਰਾਂ ਨਾਲ ‘ਕਦੇ ਮਰ ਚਿੜੀਏ ਕਦੇ ਜੀਅ ਚਿੜੀਏ’ ਵਾਲੀ ਖੇਡ ਖੇਡੀ ਜਾ ਰਹੀ ਹੈ। ਪਹਿਲਾਂ ਤਾਂ 13 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਅਤੇ ਉਨ੍ਹਾਂ ਉਪਰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਆਉਣ ‘ਤੇ ਤਾਨਾਸ਼ਾਹੀ ਹੁਕਮ ਸੁਣਾਉਂਦਿਆਂ ਰੋਕ ਲਾ ਦਿੱਤੀ ਕਿ ਉਹ ਇਸ ਗੁਰਦੁਆਰਾ ਸਾਹਿਬ ‘ਚ ਆ ਕੇ ਆਪਣੇ ਇਸ਼ਟ ਨੂੰ ਮੱਥਾ ਤੱਕ ਵੀ ਨਹੀਂ ਟੇਕ ਸਕਦੇ, ਪਰ ਜਦੋਂ ਮੈਂਬਰੀ ਤੋਂ ਖਾਰਜ ਕੀਤੇ ਗਏ ਅਤੇ ਗੁਰਦੁਆਰਾ ਸਾਹਿਬ ਅੰਦਰ ਆਉਣ ‘ਤੇ ਪਾਬੰਦੀ ਸ਼ੁਦਾ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਚਰਨ ਧਾਲੀਵਾਲ ਦੇ ਸਪੁੱਤਰ ਦੀ ਬੇਵਕਤੀ ਮੌਤ ਹੋ ਗਈ ਅਤੇ ਇਸੇ ਗੁਰਦੁਆਰਾ ਸਾਹਿਬ ‘ਚ ਉਸ ਦੀ ਅੰਤਿਮ ਅਰਦਾਸ ਕੀਤੀ ਗਈ ਤਾਂ ਖਾਰਜ਼ ਕੀਤੇ ਮੈਂਬਰਾਂ ਤੋਂ ਰੋਕ ਹਟਾ ਦਿੱਤੀ ਗਈ। ਇਸ ਪਿੱਛੋਂ ਜਦੋਂ ਹੁਣ ਚੋਣਾਂ ਸੰਬੰਧੀ ਫਿਰ ਮੀਟਿੰਗ ਦਾ ਅਯੋਜਿਨ ਕੀਤਾ ਗਿਆ ਤਾਂ ਖਾਰਜ ਕਰਨ ਪਿੱਛੋਂ ਬਹਾਲ ਕੀਤੇ ਗਏ ਮੈਂਬਰਾਂ ‘ਤੇ ਫਿਰ ਪਾਬੰਦੀ ਲਾ ਦਿੱਤੀ ਗਈ ਜਿਸ ਤੋਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਰੱਬ ਨਾ ਕਰੇ ਜਦੋਂ ਅਜਿਹੀ ਕੋਈ ਅਣਸੁਖਾਵੀ ਘਟਨਾ ਵਾਪਰ ਜਾਇਆ ਕਰੇਗੀ ਤਾਂ ਗੁਰਦੁਆਰਾ ਸਾਹਿਬ ‘ਚ ਦੁੱਖ ਦੀ ਘੜੀ ‘ਚ ਦੁਖੀ ਪਰਿਵਾਰ ਨਾਲ ਸ਼ਰੀਕ ਹੋਣ ਲਈ ਖਾਰਜ ਕੀਤੇ ਮੈਂਬਰਾਂ ਤੋਂ ਪਾਬੰਦੀ ਹਟਾ ਲਈ ਜਾਇਆ ਕਰੇਗੀ ਅਤੇ ਸਾਰੀਆਂ ਰਸਮਾਂ ਸੰਪੂਰਨ ਹੋਣ ਪਿੱਛੋਂ ਪਾਬੰਦੀ ਫਿਰ ਲਾਗੂ ਹੋ ਜਾਇਆ ਕਰੇਗੀ। ਕਿਆ ਬਾਤ ਹੈ! ਗੁਰਦੁਆਰਾ ਕਮੇਟੀ ਵੱਲੋਂ ਬਣਾਏ ਗਏ ਸਵਿਧਾਨ ਦੀ। ਕੀ ਇਹ ਮਨਮਾਨੀਆਂ ਤੇ ਤਾਨਾਸ਼ਾਹੀ ਹੁਕਮ ਨਹੀਂ?
ਹਾਲ ਹੀ ਵਿੱਚ ਹੋਈ ਮੀਟਿੰਗ ਬਾਰੇ ਜਾਣਕਾਰ ਸੂਤਰਾਂ ਤੋਂ ਪਤਾ ਲੱਗਿਆ ਕਿ ਮੀਟਿੰਗ ‘ਚ 400 ਦੇ ਕਰੀਬ ਮੈਂਬਰਾਂ ‘ਚ ਸਤਾਧਾਰੀਆਂ ਵੱਲ 100 ਦੇ ਕਰੀਬ ਮੈਂਬਰ ਸਨ ਜਿੰਨ੍ਹਾਂ ਵਿੱਚ ਗੈਰ ਮੈਂਬਰ ਸ਼ਾਮਲ ਸਨ ਅਤੇ ਵਿਰੋਧੀ ਧਿਰ ਵੱਲ ਤਿੰਨ ਗੁਣਾ ਮੈਂਬਰ ਵੱਧ ਸਨ ਪਰ ਕਬਜਾ ਕਰੀ ਬੈਠਿਆਂ ਨੇ ਰੌਲ਼ੇ ‘ਚ ਧੱਕੇ ਨਾਲ ਗੈਰ ਮੈਂਬਰਾਂ ਤੋਂ ਆਪਣੇ ਹੱਕ ‘ਚ ਹਾਂ ਪੱਖੀ ਭੁਗਤਾਨ ਕਰਵਾ ਲਿਆ। ਆਪਣੇ ਹੱਕ ਦੇ ਗੈਰ ਮੈਂਬਰਾਂ ਨੂੰ ਮੈਂਬਰਸ਼ਿਪ ਦੇ ਜਾਅਲੀ ਕਾਰਡ ਬਣਾ ਕੇ ਮੀਟਿੰਗ ‘ਚ ਲਿਆਂਦਾ ਗਿਆ ਜਦੋਂ ਕਿ ਵਿਰੋਧੀ ਧਿਰ ਦੇ ਬਹੁਤੇ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ।