ਇੰਝ ਲੈ ਸਕਦੇ ਹੋ ਛਿੱਲਕਿਆਂ ਦੇ ਵੀ ਫਾਇਦੇ

ਇੰਝ ਲੈ ਸਕਦੇ ਹੋ ਛਿੱਲਕਿਆਂ ਦੇ ਵੀ ਫਾਇਦੇ 

– ਕੇਲੇ ਦੀਆਂ ਛਿੱਲਾਂ : ਪੱਕੇ ਕੇਲੇ ਦੀਆਂ ਛਿੱਲਾਂ ਨੂੰ ਪਾਣੀ ਵਿਚ ਉਬਾਲ ਕੇ ਉਸ ਵਿਚੋਂ ਪਾਣੀ ਕੱਢ ਦਿਓ। ਹੁਣ ਇਸ ਵਿਚ ਵੇਸਣ, ਮਸਾਲਾ, ਹਰੀ ਮਿਰਚ, ਹਰਾ ਧਨੀਆ, ਅਦਰਕ ਆਦਿ ਮਿਲਾ ਕੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਇਨ੍ਹਾਂ ਨੂੰ ਹੌਲੀ ਅੱਗ ‘ਤੇ ਭੂਰਾ ਹੋਣ ਤੱਕ ਤਲੋ। ਹੁਣ ਇਨ੍ਹਾਂ ਗਰਮਾ-ਗਰਮ ਕੋਫਤਿਆਂ ਨੂੰ ਆਪ ਖਾਓ ਅਤੇ ਮਹਿਮਾਨਾਂ ਨੂੰ ਵੀ ਖਵਾਓ।
* ਕੇਲੇ ਦੀਆਂ ਛਿੱਲਾਂ ਦੇ ਅੰਦਰ ਵਾਲਾ ਮੁਲਾਇਣ ਗੁੱਦਾ ਖੁਰਚ ਕੇ ਜੁੱਤੀਆਂ ‘ਤੇ ਮਲੋ। ਚੰਗੀ ਤਰ੍ਹਾਂ ਸੁੱਕ ਜਾਣ ‘ਤੇ ਜੁੱਤੀਆਂ ਨੂੰ ਸਾਫ਼ ਕੱਪੜੇ ਨਾਲ ਪੂੰਝ ਲਓ। ਇਸ ਨਾਲ ਜੁੱਤੀਆਂ ਵਿਚ ਪਾਲਿਸ਼ ਵਰਗੀ ਚਮਕ ਆ ਜਾਵੇਗੀ।
* ਕੇਲੇ ਦੀ ਸੁੱਕੀ ਛਿੱਲ ਸ਼ਾਮ ਨੂੰ ਜਲਾਉਣ ਨਾਲ ਵਾਯੂ ਮੰਡਲ ਦੀ ਬਦਬੂ ਦੂਰ ਹੁੰਦੀ ਹੈ।
* ਸੱਟ ਜਾਂ ਜ਼ਖ਼ਮ ਹੋਣ ‘ਤੇ ਕੇਲੇ ਦੀ ਛਿੱਲ ਦੇ ਅੰਦਰ ਵਾਲਾ ਗੁੱਦਾ ਲਗਾ ਕੇ ਬੰਨ੍ਹਣ ਨਾਲ ਆਰਾਮ ਮਿਲਦਾ ਹੈ।
– ਨਿੰਬੂ ਦੀਆਂ ਛਿੱਲਾਂ : ਨਿੰਬੂ ਦੀਆਂ ਛਿੱਲਾਂ ‘ਤੇ ਇਕ ਚੁਟਕੀ ਪੀਸਿਆ ਹੋਇਆ ਨਮਕ ਲਗਾ ਕੇ ਭਾਂਡੇ ਸਾਫ਼ ਕਰਨ ਨਾਲ ਭਾਂਡੇ ਅਸਾਨੀ ਨਾਲ ਸਾਫ਼ ਹੋ ਜਾਂਦੇ ਹਨ। ਨਾਲ ਹੀ ਉਹ ਨਵੇਂ ਭਾਂਡਿਆਂ ਵਾਂਗ ਚਮਕਣ ਲਗਦੇ ਹਨ।
* ਨਿੰਬੂ ਦੀਆਂ ਛਿੱਲਾਂ ਨੂੰ ਚੌੜੇ ਮੂੰਹ ਵਾਲੀ ਬੋਤਲ ਵਿਚ ਰੱਖ ਕੇ ਉੱਪਰੋਂ ਦੀ ਨਮਕ ਛਿੜਕ ਦਿਓ। ਕੁਝ ਦਿਨ ਬਾਅਦ ਉਹ ਗਲ ਕੇ ਅਚਾਰ ਬਣ ਜਾਵੇਗਾ।
* ਨਿੰਬੂ ਦੀਆਂ ਛਿੱਲਾਂ ਨੂੰ ਸੁਕਾ ਕੇ ਪੀਸ ਲਓ। ਇਸ ਵਿਚ ਦੁੱਧ ਮਿਲਾ ਕੇ ਫੇਸ ਪੈਕ ਦੇ ਰੂਪ ਵਿਚ ਕੰਮ ਲਿਆ ਜਾ ਸਕਦਾ ਹੈ।
* ਨਿੰਬੂ ਦੀਆਂ ਛਿੱਲਾਂ ‘ਤੇ ਸੇਂਧਾ ਨਮਕ ਪਾ ਕੇ ਦੰਦਾਂ ‘ਤੇ ਰਗੜੋ। ਦੰਦ-ਮਸੂੜੇ ਤੰਦਰੁਸਤ ਰਹਿਣਗੇ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ।
* ਨਿੰਬੂ ਦੀਆਂ ਛਿੱਲਾਂ ਚਿਹਰੇ ‘ਤੇ ਰਗੜਨ ਨਾਲ ਚਮੜੀ ਦੀ ਚਿਕਨਾਈ ਘੱਟ ਹੋ ਜਾਵੇਗੀ।
* ਨਿੰਬੂ ਦੀਆਂ ਛਿੱਲਾਂ ‘ਤੇ ਨਮਕ ਪਾ ਕੇ ਪਿੱਤਲ ਦੇ ਭਾਂਡੇ ਸਾਫ਼ ਕਰੋ।
* ਕੱਪੜਿਆਂ ਦੀ ਅਲਮਾਰੀ ਵਿਚ ਨਿੰਬੂ ਦੀਆਂ ਸੁੱਕੀਆਂ ਛਿੱਲਾਂ ਰੱਖ ਦੇਣ ਨਾਲ ਉਥੋਂ ਕੀੜੇ ਦੌੜ ਜਾਂਦੇ ਹਨ।
* ਪ੍ਰੈਸ਼ਰ ਕੁੱਕਰ ਵਿਚ ਖਾਣਾ ਬਣਾਉਂਦੇ ਸਮੇਂ ਨਿੰਬੂ ਦੀ ਛਿੱਲ ਪਾ ਦਿਓ। ਇਸ ਨਾਲ ਕੁੱਕਰ ਦਾ ਅੰਦਰੂਨੀ ਹਿੱਸਾ ਕਾਲਾ ਨਹੀਂ ਹੋਵੇਗਾ।
– ਅਨਾਰ ਦੀਆਂ ਛਿੱਲਾਂ: ਅਨਾਰ ਦੀਆਂ ਛਿੱਲਾਂ ਨੂੰ ਲੂਹ ਕੇ ਅਤੇ ਪੀਸ ਕੇ ਹਲਦੀ ਦੇ ਨਾਲ ਪੁਰਾਣੀਆਂ ਸੱਟਾਂ ‘ਤੇ ਬੰਨ੍ਹਣ ਨਾਲ ਆਰਾਮ ਮਿਲਦਾ ਹੈ।
– ਪਿਆਜ਼ ਦੀਆਂ ਛਿੱਲਾਂ : ਜੇ ਤੁਹਾਡੇ ਕੱਪੜਿਆਂ ‘ਤੇ ਕੱਥੇ ਦੇ ਦਾਗ ਲੱਗ ਗਏ ਹੋਣ ਅਤੇ ਕਿਸੇ ਵੀ ਤਰੀਕੇ ਨਾਲ ਨਾ ਲੱਥ ਰਹੇ ਹੋਣ ਤਾਂ ਉਸ ‘ਤੇ ਪਿਆਜ਼ ਦੀ ਛਿੱਲ ਘਸਾ ਕੇ ਖੂਬ ਗਰਮ ਪਾਣੀ ਨਾਲ ਸਾਬਣ ਲਗਾ ਕੇ ਧੋ ਦਿਓ। ਦਾਗ ਅਸਾਨੀ ਨਾਲ ਮਿਟ ਜਾਣਗੇ।
– ਨਾਰੀਅਲ ਦੀਆਂ ਛਿੱਲਾਂ : ਨਾਰੀਅਲ ਦੀਆਂ ਛਿੱਲਾਂ ਸੁੱਟਣ ਦੀ ਬਜਾਏ ਸੰਭਾਲ ਕੇ ਗੋਲਾਈ ਵਿਚ ਕੱਟੋ। ਇਹ ਛਿੱਲਾਂ ਮਟਕੀ ਆਦਿ ਢਕਣ ਦੇ ਕੰਮ ਆਉਣਗੀਆਂ।
* ਨਾਰੀਅਲ ਦੀਆਂ ਛਿੱਲਾਂ ਨੂੰ ਜਲਾ ਕੇ ਬਰੀਕ ਪੀਸ ਲਓ। ਦੰਦਾਂ ਲਈ ਇਹ ਵਧੀਆ ਮੰਜਨ ਸਾਬਤ ਹੋਵੇਗਾ।
– ਪਪੀਤੇ ਦੀਆਂ ਛਿੱਲਾਂ : ਪਪੀਤੇ ਦੀਆਂ ਛਿੱਲਾਂ ਨੂੰ ਧੁੱਪ ਵਿਚ ਸੁਕਾ ਕੇ ਬਰੀਕ ਪੀਸ ਲਓ ਅਤੇ ਗਲਿਸਰੀਨ ਦੇ ਨਾਲ ਇਕ ਚੁਟਕੀ ਚੂਰਨ ਮਿਲਾ ਕੇ ਚਿਹਰੇ ‘ਤੇ ਲੇਪ ਕਰੋ। ਹਫ਼ਤਾ ਭਰ ਤੱਕ ਨਿਯਮਤ ਕਰਨ ਨਾਲ ਚਿਹਰੇ ਦੀ ਖੁਸ਼ਕੀ ਦੂਰ ਹੋ ਜਾਵੇਗੀ।
– ਮਟਰਾਂ ਦੀਆਂ ਛਿੱਲਾਂ : ਮਟਰਾਂ ਦੀਆਂ ਛਿੱਲਾਂ ਦਾ ਕੋਮਲ, ਮੁਲਾਇਮ ਹਿੱਸਾ ਕੱਢ ਕੇ ਧੁੱਪ ਵਿਚ ਸੁਕਾ ਲਓ। ਫਿਰ ਉਨ੍ਹਾਂ ਨੂੰ ਘਿਓ ਵਿਚ ਤਲ ਕੇ ਮਸਾਲਾ ਆਦਿ ਵਿਚ ਪਾ ਲਓ। ਇਹ ਸਵਾਦੀ ਅਤੇ ਕੁਰਕੁਰੇ ਲੱਗਣਗੇ।
– ਅਨੰਦ ਕੁਮਾਰ ਅਨੰਤ