ਸਰ੍ਹੀ ਮੇਅਰ ਦੇ ਤੌਰ ‘ਤੇ ਲਿੰਡਾ ਹੈਪਨਰ ਨੇ ਆਖਰੀਵਾਰ ਕੀਤਾ ਸੰਬੋਧਨ

ਜਾਂਦੀ ਵਾਰ ਦਾ ਸਲਾਮ 

ਸਰ੍ਹੀ ਮੇਅਰ ਦੇ ਤੌਰ ‘ਤੇ ਲਿੰਡਾ ਹੈਪਨਰ ਨੇ ਆਖਰੀਵਾਰ ਕੀਤਾ ਸੰਬੋਧਨ

ਸਰ੍ਹੀ: (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਅਗਲੇ ਮਹੀਨੇ ਹੋਣ ਜਾ ਰਹੀਆਂ ਮਿਊਂਸੀਪਲ ਚੋਣਾਂ ਲਈ  ਜਿੱਥੇ ਵੱਖ ਵੱਖ ਉਮੀਦਵਾਰਾਂ ਵਲੋਂ ਆਪੋ-ਆਪਣੇ ਚੋਣ ਪ੍ਰਚਾਰ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਉਥੇ ਹੀ ਲਿੰਡਾ ਹੈਪਨਰ ਨੇ ਸਰ੍ਹੀ ਦੇ ਮੌਜੂਦਾ ਮੇਅਰ ਦੇ ਤੌਰ ‘ਤੇ ਆਖਰੀ ਵਾਰ ਸੰਬੋਧਨ ਕੀਤਾ।  ਮੇਅਰ ਲਿੰਡਾ ਹੈਪਨਰ ਨੇ ਆਪਣੇ ਸੰਬੋਧਨ ‘ਚ ਅਜਿਹੀਆਂ ਕਈ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਦੇ ਹੱਲ ਦੀ ਸਰ੍ਹੀ ਨਿਵਾਸੀਆਂ ਨੂੰ ਤੁਰੰਤ ਲੋੜ ਹੈ।  ਮੇਅਰ ਲਿੰਡਾ ਹੈਪਨਰ ਨੇ ਕਿਹਾ ਕਿ ਸ਼ਹਿਰ ‘ਚ ਵੱਧ ਰਹੀ ਅਬਾਦੀ ਅਤੇ ਡਿਵੈਲਪਮੈਂਟ ਲਈ ਹਾਊਸਿੰਗ ਡਾਇਰੈਕਟਰ ਦੀ ਨਿਯੁਕਤੀ ਕਰਨਾ ਅਤਿ ਜ਼ਰੂਰੀ ਹੈ।  ਉਨ੍ਹਾਂ ਕਿਹਾ ਕਿ ਵੱਧਦੀ ਅਬਾਦੀ ਅਤੇ ਹਾਊਸਿੰਗ ਡਿਵੈਲਪਮੈਂਟ ਸਿਰਫ਼ ਵੈਨਕੂਵਰ ਦੀ ਸਮੱਸਿਆ ਨਹੀਂ ਹੈ ਇਹ ਸਮੱਸਿਆ ਹੁਣ ਪੂਰੇ ਬ੍ਰਿਟਿਸ਼ ਕੋਲੰਬਿਆ ‘ਚ ਫੈਲਦੀ ਜਾ ਰਹੀ ਹੈ ਅਤੇ ਇਸ ਦੇ ਹੱਲ ਲਈ ਸਰ੍ਹੀ ਨੂੰ ਅਜਿਹੀ ਰਣਨੀਤੀ ਬਣਾਉਣ ਦੀ ਲੋੜ ਹੈ ਕਿ ਇਥੇ ਕਿਸ ਕਿਸਮ ਦੇ ਪ੍ਰੋਜੈਕਟਾਂ ਦੀ ਲੋੜ ਹੈ ਜਿਨ੍ਹਾਂ ਨਾਲ ਲੋਕਾਂ ਸਹੂਲਤਾਂ ਨੂੰ ਸੌਖਾ ਕੀਤਾ ਜਾ ਸਕੇ ਅਤੇ ਸ਼ਹਿਰ ਨੂੰ ਅਨੁਕੂਲ ਬਣਾਇਆ ਜਾ ਸਕੇ।  ਹੈਪਨਰ ਨੇ ਕਿਹਾ ਕਿ ਅਸੀਂ ਹਮੇਸ਼ਾ ਉਸ ਦਿਸ਼ਾਂ ਵੱਲ ਕੰਮ ਕੀਤਾ ਹੈ ਜਿਸ ਨਾਲ ਲੋਕਾਂ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਲੋਕ ਆਪਣੇ ਪਰਿਵਾਰਾਂ ਨੂੰ ਵੱਧਦਾ ਦੇਖ ਸਕਣ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਇਹ ਸਹੀ ਸਮਾਂ ਹੈ ਜਿਸ ਵੇਲੇ ਇਸ ਤਰੱਕੀ ਦੇ ਰਾਹ ‘ਤੇ ਚੱਲ ਰਹੇ ਸ਼ਹਿਰ ਨੂੰ ਹਾਊਸਿੰਗ ਡਾਇਰੈਟਰ ਦੀ ਜ਼ਰੂਰਤ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਸ ਦੀ ਨਿਯੁਕਤੀ ਹੋ ਜਾਵੇਗੀ ਪਰ ਉਮੀਦ ਹੈ ਕਿ ਇਹ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।  ਇਸ ਤੋਂ ਬਾਅਦ ਲਿੰਡਾ ਹੈਪਨਰ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਕੰਮਾਂ ਦੀ ਦੁਹਰਾਈ  ਕੀਤੀ। ਜਿਸ ‘ਚ 135 ਏ ਸਟਰੀਟ ‘ਤੇ ਟੈਂਨ ਸਿਟੀ ਨੂੰ ਹਟਾਉਣ ਤੋਂ ਲੈ ਕੇ ਘਰਾਂ ਦੀ ਮੁਰੰਮਤ, ਮੇਅਰ ਦੀ ਟਾਸਕ ਫੋਰਸ ਵਲੋਂ ਗੈਂਗ ਹਿੰਸਕ ਪ੍ਰੀਵੈਂਸ਼ਨ ਦੀ ਰਿਪੋਰਟ ਜਾਰੀ ਕਰਨਾ ਅਤੇ ਆਰ.ਸੀ.ਐਮ.ਪੀ. ਅਧਿਕਾਰੀਆਂ ਦੀ ਭਰਤੀ ਦਾ ਜ਼ਿਕਰ ਕੀਤਾ ਗਿਆ।  ਮੌਜੂਦਾ ਨਗਰ ਨਿਗਮ ਚੋਣਾਂ ਦੇ  ਇੱਕ ਗਰਮ ਮੁੱਦੇ ਐਲ.ਆਰ.ਟੀ. ਬਾਰੇ ਲਿੰਡਾ ਨੇ ਕਿਹਾ ਕਿ ਸਕਾਈਟ੍ਰੇਨ ਦੀ ਥਾਂ ਐਲ.ਆਰ.ਟੀ. ਦੀ ਯੋਜਨਾ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ ਭਾਵੇਂ ਇਸ ਦੀ ਪ੍ਰਾਜੈਕਟ ਦੇ ਸਾਰੇ ਫੰਡ ਐਲਾਨ ਦਿੱਤੇ ਗਏ ਹਨ ਅਤੇ ਇਸ ‘ਤੇ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਸ ਪ੍ਰਾਜੈਕਟ ਨੂੰ ਇੱਕ ਸੌਦਾ ਦੱਸਿਆ ਅਤੇ ਕਿਹਾ ਇਸ ਸਬੰਧੀ ਕੀਤੀ ਗਈ ਬਹਿਸ ਦੇ ਨਤੀਜੇ ਵੀ ਨਿਰਾਸ਼ਾਜਨਕ ਰਹੇ ਸਨ।