ਐਨਰਜੀ ਈਸਟ ਪਾਈਪਲਾਈਨ ਪ੍ਰੋਜੈਕਟ ‘ਤੇ ਫਿਰ ਹੋਵੇਗਾ ਵਿਚਾਰ-ਵਟਾਂਦਰਾ

ਐਨਰਜੀ ਈਸਟ ਪਾਈਪਲਾਈਨ ਪ੍ਰੋਜੈਕਟ ‘ਤੇ ਫਿਰ ਹੋਵੇਗਾ ਵਿਚਾਰ-ਵਟਾਂਦਰਾ 

ਓਟਵਾ, : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵਲੋਂ ਪ੍ਰਧਾਨ ਮੰਤਰੀ ‘ਤੇ ਦਬਾਅ ਪਾਉਣ ਤੋਂ ਬਾਅਦ ਐਨਰਜੀ ਈਸਟ ਪਾਈਪਲਾਈਨ ਪ੍ਰੋਜੈਕਟ ਸਬੰਧੀ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ। ਬੀਤੇ ਦਿਨੀਂ ਸ਼ੀਅਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਰਮਿਆਨ ਟਰਾਂਸ ਮਾਊਨਟੇਨ ਪਾਈਪਲਾਈਨ ਪਸਾਰ ਦੇ ਸਬੰਧ ਵਿੱਚ ਭਖਵੀਂ ਬਹਿਸ ਹੋਈ ਸੀ। ਸ਼ੀਅਰ ਨੇ ਅਜਿਹੇ ਐਨਰਜੀ ਪ੍ਰੋਜੈਕਟ ਦਾ ਮੁੱਦਾ ਉਠਾਇਆ ਜਿਹੜਾ ਪਿਛਲੇ ਸਾਲ ਰੱਦ ਕਰ ਦਿੱਤਾ ਗਿਆ ਸੀ। ਪਹਿਲਾਂ ਤਾਂ ਟਰੂਡੋ ਨੇ ਟਾਲਾ ਵੱਟਿਆ ਪਰ ਬਾਅਦ ਵਿੱਚ ਉਨ੍ਹਾਂ  ਆਖਿਆ ਕਿ ਐਨਰਜੀ ਈਸਟ ਦੇ ਮਾਮਲੇ ਵਿੱਚ ਇਸ ਪ੍ਰਾਈਵੇਟ ਕੰਪਨੀ ਨੇ ਪ੍ਰੋਜੈਕਟ ਨੂੰ ਜਾਰੀ ਰੱਖਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਤੇਲ ਦੀਆਂ ਕੀਮਤਾਂ ਉਸ ਨਾਲੋਂ ਅੱਧੀਆਂ ਰਹਿ ਗਈਆਂ ਸਨ ਜਦੋਂ ਇਹ ਪਹਿਲਾਂ ਪ੍ਰਸਤਾਵਿਤ ਕੀਤਾ ਗਿਆ ਸੀ। ਪਿਛਲੇ ਮਹੀਨੇ ਫੈਡਰਲ ਕੋਰਟ ਆਫ ਅਪੀਲ ਨੇ ਟਰਾਂਸ ਮਾਊਨਟੇਨ ਪ੍ਰੋਜੈਕਟ ਨੂੰ ਦਿੱਤੀ ਗਈ ਮਨਜ਼ੂਰੀ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਮੂਲਵਾਦੀ ਕਮਿਊਨਿਟੀਜ਼ ਨਾਲ ਸਹੀ ਢੰਗ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਤੱਟੀ ਇਲਾਕੇ ਵਿੱਚ ਆਉਣ ਵਾਲੇ ਟੈਂਕਰਾਂ ਦੇ ਟਰੈਫਿਕ ਦਾ ਮੁੱਦਾ ਵੀ ਨਹੀਂ ਵਿਚਾਰਿਆ ਗਿਆ ਲੱਗਦਾ। ਸ਼ੀਅਰ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਿਛਲੇ ਕੁੱਝ ਮਹੀਨਿਆਂ ਤੋਂ ਪ੍ਰਧਾਨ ਮੰਤਰੀ ਦੀਆਂ ਅਸਫਲਤਾਵਾਂ ਗਿਣਾਉਂਦੇ ਆ ਰਹੇ ਹਨ। ਇਨ੍ਹਾਂ ਵਿੱਚ ਸੱਭ ਤੋਂ ਉੱਤੇ ਟਰਾਂਸ ਮਾਊਨਟੇਨ ਪਾਈਪਲਾਈਨ ਦਾ ਮੁੱਦਾ ਹੈ।