ਘਰੇਲੂ ਮਾਹੌਲ ਵਿਗਾੜਦੀ ਹੈ ਮਨਾਂ ਦੀ ਕੁੜੱਤਣ

ਘਰੇਲੂ ਮਾਹੌਲ ਵਿਗਾੜਦੀ ਹੈ ਮਨਾਂ ਦੀ ਕੁੜੱਤਣ

ਵਸਦਿਆਂ ਘਰਾਂ ਵਿਚ ਚਾਵਾਂ ਤੇ ਖੁਸ਼ੀਆਂ ਨਾਲ ਰਹਿਣਾ ਬਹੁਤ ਚੰਗੇ ਪਰਿਵਾਰ ਦੀ ਨਿਸ਼ਾਨੀ ਹੈ। ਜਿਸ ਘਰ ਵਿਚ ਸਾਰੇ ਲੋਕ ਇਕ-ਦੂਜੇ ਨਾਲ ਪਿਆਰ, ਹਮਦਰਦੀ ਤੇ ਸਦਭਾਵਨਾ ਨਾਲ ਰਹਿੰਦੇ ਹੋਣ, ਉਸ ਘਰ ਵਿਚ ਸਾਰਾ ਮਾਹੌਲ ਖੁਸ਼ਗਵਾਰ ਤੇ ਸਦਾ ਹਾਸੋਹੀਣਾ ਰਹਿੰਦਾ ਹੈ। ਅਜਿਹੇ ਘਰ ਵਿਚ ਪਰਮਾਤਮਾ ਵੀ ਬਰਕਤਾਂ ਦੇ ਢੇਰ ਲਾ ਦਿੰਦਾ ਹੈ। ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ, ਕਿਉਂਕਿ ਇਸ ਤਰ੍ਹਾਂ ਦੇ ਪਰਿਵਾਰ ਦੇ ਸਾਰੇ ਲੋਕ ਆਪਣੇ ਨਿੱਜੀ ਹਿਤਾਂ ਨੂੰ ਭੁੱਲ ਕੇ ਸਗੋਂ ਇਕਮੁੱਠ ਹੋ ਕੇ ਘਰ ਦੀ ਤਰੱਕੀ ਤੇ ਬਿਹਤਰੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ ਪਰ ਦੂਜੇ ਪਾਸੇ ਜਿਸ ਘਰ ਵਿਚ ਸਾਰਾ ਮਾਹੌਲ ਤਣਾਅ ਭਰਿਆ ਤੇ ਪੂਰਾ ਵਾਤਾਵਰਨ ਖਿੱਚ-ਧੂਹ ਵਾਲਾ ਰਹੇ, ਉਥੇ ਤਾਂ ਹੱਸਦੇ-ਵਸਦੇ ਘਰ ਵੀ ਪਲਾਂ ਵਿਚ ਬਰਬਾਦ ਹੋ ਜਾਂਦੇ ਹਨ। ਅਜਿਹੇ ਘਰਾਂ ਵਿਚ ਕਦੇ ਵੀ ਕਿਸੇ ਲਈ ਤਰੱਕੀ ਦਾ ਕੋਈ ਰਸਤਾ ਨਹੀਂ ਖੁੱਲ੍ਹਦਾ।
ਭਾਵ ਕਿ ਜਿਥੇ ਹਮੇਸ਼ਾ ਤੇਰਾ-ਮੇਰਾ, ਜ਼ਿਆਦਾ-ਥੋੜ੍ਹਾ ਤੇ ਚੰਗਾ-ਮੰਦਾ ਚਲਦਾ ਰਹਿੰਦਾ ਹੈ, ਫਿਰ ਉਸ ਘਰ ਅੰਦਰ ਤਾਂ ਭਰੀਆਂ-ਭਰਾਈਆਂ ਤਿਜੌਰੀਆਂ ਵੀ ਕੁਝ ਸਮੇਂ ਬਾਅਦ ਖਾਲੀ ਹੋ ਜਾਂਦੀਆਂ ਹਨ। ਬਹੁਤ ਵੱਡੇ-ਵੱਡੇ ਤੇ ਸਰਮਾਏਦਾਰ ਲੋਕ ਵੀ ਆਪਣੀ ਫੁੱਟ ਤੇ ਆਪਸ ਵਿਚ ਮਨਾਂ ਦੀ ਕੁੜੱਤਣ ਕਾਰਨ ਬਹੁਤ ਥੋੜ੍ਹੇ ਸਮੇਂ ਵਿਚ ਕੰਗਾਲ ਹੋ ਜਾਂਦੇ ਹਨ। ਜਿਸ ਘਰ ਦਾ ਮਾਹੌਲ ਖਰਾਬ ਰਹੇਗਾ ਤਾਂ ਸੁਭਾਵਿਕ ਤੌਰ ‘ਤੇ ਉਸ ਜਗ੍ਹਾ ਏਕਤਾ, ਹੌਸਲਾ ਤੇ ਹੱਲਾਸ਼ੇਰੀ ਤੁਹਾਡੇ ਕੋਲੋਂ ਵੀ ਨਹੀਂ ਲੰਘ ਸਕੇਗੀ। ਜਦੋਂ ਤੱਕ ਇਹ ਤਿੰਨ ਚੀਜ਼ਾਂ ਕਿਸੇ ਵੀ ਇਨਸਾਨ ਨੂੰ ਨਹੀਂ ਮਿਲਦੀਆਂ, ਉਸ ਸਮੇਂ ਤੱਕ ਕੋਈ ਵੀ ਇਨਸਾਨ ਕਾਮਯਾਬੀ ਦੀ ਪੌੜੀ ਨਹੀਂ ਚੜ੍ਹ ਸਕਦਾ।
ਅਜੋਕੇ ਸਮੇਂ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਦੇ ਮਸ਼ੀਨੀ ਯੁੱਗ ਅੰਦਰ ਹਰ ਬੰਦਾ ਆਪਣੇ ਪਰਿਵਾਰ ਦੇ ਹਰ ਬੰਦੇ ਦਾ ਦੁੱਖ-ਸੁੱਖ ਸਮਝ ਕੇ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਆਪਣੇ ਵਲੋਂ ਦੂਜੇ ਵਿਅਕਤੀ ਦੀ ਕਾਮਯਾਬੀ ਲਈ ਉਸ ਦਾ ਪੂਰਾ-ਪੂਰਾ ਸਾਥ ਦੇਵੇ। ਇਕੱਲਾ ਇਕ ਤੇ ਦੋ ਗਿਆਰਾਂ ਵਾਲੀ ਕਹਾਵਤ ਵਾਂਗ ਕਿਸੇ ਵਲੋਂ ਦਿੱਤਾ ਗਿਆ ਹੌਸਲਾ ਦੂਜੇ ਵਿਅਕਤੀ ਨੂੰ ਬਹੁਤ ਵੱਡੇ-ਵੱਡੇ ਕੰਮ ਕਰਨ ਲਈ ਸਹਾਈ ਸਿੱਧ ਹੁੰਦਾ ਹੈ। ਇਹ ਵੀ ਸੱਚ ਹੈ ਕਿ ਅੱਜ ਦੇ ਸਮੇਂ ਸਾਂਝੇ ਪਰਿਵਾਰਾਂ ਦੀ ਹੋਂਦ ਖਤਰੇ ਵਿਚ ਪੈ ਗਈ ਹੈ। ਦੋਸਤੋ! ਜੇਕਰ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਤਾਂ ਇਸ ਤਰ੍ਹਾਂ ਦੀ ਹੋਂਦ ਨੂੰ ਖ਼ਤਮ ਹੋਣੋਂ ਬਚਾਇਆ ਜਾ ਸਕਦਾ ਹੈ, ਬਸ ਲੋੜ ਹੈ ਸਿਰਫ ਆਪਣੇ-ਆਪ ‘ਤੇ ਧੀਰਜ ਤੇ ਸੰਜਮ ‘ਚ ਰਹਿ ਕੇ ਆਪ ਤੋਂ ਵੱਡੇ ਵਿਅਕਤੀਆਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਪਰ ਅਮਲ ਕਰਕੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਇਕ-ਦੂਜੇ ਦੇ ਕੰਮ ਆਉਣ ਦੀ।

-ਮਨਦੀਪ ਕੁੰਦੀ ਤਖਤੂਪੁਰਾ