ਜ਼ਿੰਦਗੀ ਦੇ ਕਾਫ਼ਲੇ

ਜ਼ਿੰਦਗੀ ਦੇ ਕਾਫ਼ਲੇ

ਮੌਲਦੇ ਨੇ ਹੌਸਲੇ,
ਤੇ ਜਾਗਦੇ ਨੇ ਵਲਵਲੇ ।
ਮੰਜ਼ਲਾਂ ਵਲ ਵਧ ਰਹੇ ਨੇ,
ਜ਼ਿੰਦਗੀ ਦੇ ਕਾਫ਼ਲੇ ।

ਮਿਲ ਗਈ ਹੈ ਤਾਜ਼ਗੀ,
ਤੇ ਦੂਰ ਹੋਈ ਬੇਬਸੀ,
ਇੱਕ ਨਵੇਲੇ ਹੁਸਨ ਤਾਈਂ,
ਹਾਣ ਸਾਡੇ ਜਾ ਮਿਲੇ ।

ਸਾਂਝ ਦੀ ਪਹਿਚਾਣ ਹੈ,
ਤੇ ਜ਼ਿੰਦਗੀ ਦਾ ਤਾਣ ਹੈ,
ਬੁੱਕਲਾਂ ‘ਚ ਹੋਣੀਆਂ ਦੇ,
ਬਣ ਰਹੇ ਨੇ ਜ਼ਲਜ਼ਲੇ ।

ਕੰਮ ਦੀ ਤੇ ਵਿਹਲ ਦੀ,
ਇੱਕ ਲੜਾਈ ਅੱਜ ਛਿੜੀ,
ਜ਼ਿੰਦਗੀ ਤੇ ਮੌਤ ਦੇ ਹੁਣ,
ਛਿੜ ਪਏ ਨੇ ਮਾਮਲੇ ।

ਮਾਲਕਾਂ ਦੀ ਸੰਗ-ਦਿਲੀ,
ਹੈ ਗੈਰ ਮਿਹਨਤ ਤੇ ਪਲੀ,
ਮਿਹਨਤਾਂ ਤੋਂ ਹੀ ਬਣੇ ਨੇ,
ਇਨਕਲਾਬੀ ਸਿਲਸਿਲੇ ।

ਤਾੜਨਾ ਹਰ ਟਲ ਗਈ,
ਤੇ ਹਾਕਮੀ ਹਰ ਢਲ ਗਈ,
ਏਕਤਾ ‘ਚੋਂ ਲਿਸ਼ਕਦੇ ਨੇ,
ਲੇਖ ਸਾਡੇ ਰਾਂਗਲੇ ।

ਹਿਰਖ ਚਮੜੀ ਦੀ ਸੜੀ,
ਪਿਆਰ ਹੋਇਆ ਸੂਰਜੀ,
ਇਸ਼ਕ ਦੀ ਨਵ-ਹਿੱਕੜੀ ‘ਚੋਂ,
ਮੱਚ ਉਠੇ ਹਲਚਲੇ ।

ਮਿਹਨਤਾਂ ਨੇ ਵਾਜ ਮਾਰੀ,
ਤੇ ਕਿਸਾਨਾਂ ਸੁਣ ਲਈ,
ਲੋਕ-ਚਾਨਣ ਦਾ ਪਸਾਰਾ,
ਹੋਂਵਦਾ ਹਰ ਦਿਨ-ਢਲੇ ।

– ਰਾਮ ਸਰੂਪ ਅਣਖੀ –