ਚਾਨਣ

ਚਾਨਣ

ਜ਼ਿੰਦਗੀ ਦੇ ਘੋਲ ‘ਚੋਂ,
ਤੇ ਜਜ਼ਬਿਆਂ ਦੀ ਛਲਕ ‘ਚੋਂ ।
ਗੀਤ ਨਵਾਂ ਛੋਹ ਲਿਆ ਮੈਂ,
ਚਾਨਣੇ ਦੀ ਝਲਕ ‘ਚੋਂ ।
ਵਿਪਤਾਵਾਂ ਰਾਸਤੇ ਨੇ,
ਮੇਰੀ ਜੀਵਨ-ਚਾਲ ਲਈ ।
ਤਣ ਨਹੀਂ ਸਕਦਾ ਜਾਲ,
ਕੋਈ ਮੇਰੇ ਖ਼ਿਆਲ ਲਈ ।
ਗ਼ਮੀਆਂ ਨੂੰ ਖ਼ੁਸ਼ੀਆਂ ‘ਚ,
ਮੈਂ ਪਲਟਾ ਦਿਆਂਗਾ ।
ਜ਼ਮਾਨੇ ਦੀ ਮੱਠੀ ਚਾਲ ਨੂੰ,
ਮੈਂ ਉਲਟਾ ਦਿਆਂਗਾ ।
ਬਾਹਾਂ ਦੇ ਉਲਾਰ ਨੇ,
ਛੁਹਣਾ ਨਹੀਂ ਪਰਕਾਸ਼ ਨੂੰ ।
ਆਪ ਝੁਕਣਾ ਪਏਗਾ,
ਮੇਰੇ ਤੇ ਆਕਾਸ਼ ਨੂੰ ।
ਤਿਣਕਾ ਵੀ ਛੁਪਿਆ ਰਹਿਣਾ ਨੀ,
ਊਸ਼ਾ ਦੇ ਨੂਰ ਤੋਂ ।
ਰੋਮ ਰੋਮ ਕੰਬ ਪਏਗਾ,
ਉੱਠ ਰਹੇ ਸਰੂਰ ਤੋਂ ।
ਬੰਦ ਹੋਈਆਂ ਕਲੀਆਂ ਨੂੰ,
ਭੌਰੇ ਟੁੰਬ ਜਗੌਣਗੇ ।
ਟੁੱਟੇ ਹੋਏ ਸਾਜ਼ ‘ਚੋਂ ਉਹ,
ਗੀਤ ਨਵਾਂ ਗੌਣਗੇ ।

– ਰਾਮ ਸਰੂਪ ਅਣਖੀ –