Copyright & copy; 2019 ਪੰਜਾਬ ਟਾਈਮਜ਼, All Right Reserved
ਜ਼ਮੀਨ ‘ਤੇ ਰਸਤਾ ਨਾ ਮਿਲਣ ‘ਤੇ ਸਮੁੰਦਰ ‘ਚ ਬਣੇਗੀ ਦੁਨੀਆ ਦੀ ਪਹਿਲੀ ‘ਤੈਰਦੀ ਸੁਰੰਗ’

ਜ਼ਮੀਨ ‘ਤੇ ਰਸਤਾ ਨਾ ਮਿਲਣ ‘ਤੇ ਸਮੁੰਦਰ ‘ਚ ਬਣੇਗੀ ਦੁਨੀਆ ਦੀ ਪਹਿਲੀ ‘ਤੈਰਦੀ ਸੁਰੰਗ’

ਯੂਰਪੀ ਦੇਸ਼ ਨਾਰਵੇ ਨੇ ਤਕਨੀਕ ਦੀ ਵਰਤੋਂ ਕਰਦਿਆਂ ਸਮੁੰਦਰ ਵਿਚ ‘ਤੈਰਦੀ ਸੁਰੰਗ’ ਬਣਾਉਣ ਦਾ ਸੁਪਨਾ ਸੱਚ ਕਰਨ ਦੀ ਪਹਿਲ ਕੀਤੀ ਹੈ। ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੀ ਸਰਕਾਰੀ ਸੰਸਥਾ ‘ਨਾਰਵੇਜੀਅਨ ਪਬਲਿਕ ਰੋਡਸ ਐਡਮਿਨਿਸਟ੍ਰੇਸ਼ਨ’ ਦਾ ਟੀਚਾ ਸਾਲ 2050 ਤੱਕ ਇਸ ਦਾ ਨਿਰਮਾਣ ਕੰਮ ਪੂਰਾ ਕਰਨ ਦਾ ਹੈ। ਜੇਕਰ ਇਹ ਸੁਰੰਗ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਇਹ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ। ਕੰਕਰੀਟ ਨਾਲ ਤਿਆਰ ਹੋਣ ਵਾਲੀ ਇਸ ਸੁਰੰਗ ਵਿਚ ਦੋ ਲੇਨਾਂ ਬਣਾਈਆਂ ਜਾਣਗੀਆਂ।
100 ਫੁੱਟ ਦੀ ਡੂੰਘਾਈ ਵਿਚ ਸਥਾਪਿਤ ਹੋਣ ਵਾਲੀ ਇਹ ਸੁਰੰਗ 205 ਕਿਲੋਮੀਟਰ ਲੰਬੀ ਹੋਵੇਗੀ। ਸੁਰੰਗ ਨੂੰ ਕੰਟਰੋਲ ਕਰਨ ਲਈ ਪਾਣੀ ਦੀ ਸਤਹਿ ‘ਤੇ ਪੀਪੇ ਦੇ ਪੁਲ ਤਿਆਰ ਕੀਤੇ ਜਾਣਗੇ। ਇਨ੍ਹਾਂ ਪੁਲਾਂ ਦੇ ਵਿਚ ਲੋੜੀਂਦੀ ਦੂਰੀ ਹੋਵੇਗੀ ਤਾਂ ਜੋ ਸਮੁੰਦਰੀ ਜਹਾਜ਼ ਇਨ੍ਹਾਂ ਵਿਚੋਂ ਲੰਘ ਸਕਣ। ਇਹ ਸੁਰੰਗ ਇੰਨੀ ਮਜ਼ਬੂਤ ਹੋਵੇਗੀ ਕਿ ਇਸ ‘ਤੇ ਕਿਸੇ ਵੀ ਤਰ੍ਹਾਂ ਦੇ ਮੌਸਮ ਦਾ ਅਸਰ ਨਹੀਂ ਹੋਵੇਗਾ।
ਇਸ ਦੇ ਨਿਰਮਾਣ ਵਿਚ 40 ਅਰਬ ਡਾਲਰ ਦੀ ਲਾਗਤ ਆਵੇਗੀ। ਜੇਕਰ ਨਾਰਵੇ ਇਸ ਪ੍ਰਾਜੈਕਟ ਵਿਚ ਸਫਲ ਹੋ ਜਾਂਦਾ ਹੈ ਤਾਂ ਇਹ ਅਜਿਹੀ ਸੁਰੰਗ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਚੀਨ, ਦੱਖਣੀ ਕੋਰੀਆ, ਇਟਲੀ ਅਤੇ ਇੰਡੋਨੇਸ਼ੀਆ ਵੀ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ।
ਪੱਛਮੀ ਨਾਰਵੇ ਵਿਚ ਸਥਿਤ ਕ੍ਰਿਸਟੀਆਨਸੈਂਡ ਅਤੇ ਟ੍ਰਾਨਹੇਮ ਨਾਮ ਦੇ ਦੋ ਸ਼ਹਿਰਾਂ ਵਿਚ ਈ 39 ਮਾਰਗ ਯਾਤਰਾ ਦਾ ਉਹ ਹਿੱਸਾ ਹੈ, ਜੋ ਨਾਰਵੇ ਲਈ ਮਹੱਤਵਪੂਰਣ ਹੈ। ਸੁਰੰਗ ਬਣਾਉਣ ਦਾ ਉਦੇਸ਼ ਇਨ੍ਹਾਂ ਦੋਵੇਂ ਸ਼ਹਿਰਾਂ ਨੂੰ ਜੋੜਨਾ ਹੈ, ਜਿਨ੍ਹਾਂ ਵਿਚਕਾਰ ਦੀ ਦੂਰੀ ਕਰੀਬ 1100 ਕਿਲੋਮੀਟਰ ਹੈ। ਇਸ ਦੂਰੀ ਨੂੰ ਤੈਅ ਕਰਨ ਵਿਚ ਕਰੀਬ 21 ਘੰਟੇ ਲੱਗਦੇ ਹਨ। ਪਰ ਇਸ ਸੁਰੰਗ ਦੇ ਬਣਨ ਦੇ ਬਾਅਦ ਇਹ ਦੂਰੀ ਸਿਰਫ ਕੁਝ ਘੰਟਿਆਂ ਦੀ ਰਹਿ ਜਾਵੇਗੀ। ਸਮੁੰਦਰ ਵਿਚ ਤੈਰਦੀ ਹੋਈ ਸੁਰੰਗ ਦੇ ਨਿਰਮਾਣ ਦਾ ਵਿਚਾਰ ਕੋਈ ਨਵਾਂ ਨਹੀਂ ਹੈ। ਸਾਲ 1882 ਵਿਚ ਬ੍ਰਿਟਿਸ਼ ਜਲ ਸੈਨਾ ਆਰਕੀਟੇਕਟ ਐਡਵਰਡ ਰੀਡ ਨੇ ਵੀ ਅਜਿਹੀ ਹੀ ਇਕ ਸੁਰੰਗ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ।