Copyright © 2019 - ਪੰਜਾਬੀ ਹੇਰਿਟੇਜ
ਚੀਨ ਵਿਚ ਕੈਨੇਡਾ ਦੇ ਰਾਜਦੂਤ ਜਾਨ ਮੈਕਕੈਲਮ ਨੂੰ ਕੀਤਾ ਬਰਖ਼ਾਸਤ

ਚੀਨ ਵਿਚ ਕੈਨੇਡਾ ਦੇ ਰਾਜਦੂਤ ਜਾਨ ਮੈਕਕੈਲਮ ਨੂੰ ਕੀਤਾ ਬਰਖ਼ਾਸਤ

ਟੋਰਾਂਟੋ: ਚੀਨ ਦੀ ਦਿੱਗਜ ਤਕਨਾਲੌਜੀ ਕੰਪਨੀ ਹੁਆਵੇ ਦੀ ਸੀਐਫਓ ਮੇਂਗ ਵਾਨਝੋਊ ਦੀ ਗ੍ਰਿਫ਼ਤਾਰੀ ‘ਤੇ ਬਦਲਦੇ ਬਿਆਨਾਂ ਕਾਰਨ ਕੈਨੇਡਾ ਨੇ ਚੀਨ ਵਿਚ ਅਪਣੇ ਰਾਜਦੂਤ ਜਾਨ ਮੈਕਕੈਲਮ ਨੂੰ ਅਹੁਦੇ ਤੋਂ ਬਰਖਾਤਸ ਕਰ ਦਿੱਤਾ ਹੈ। ਮੇਂਗ ਨੂੰ ਇਕ ਦਸੰਬਰ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਹੁਆਵੇ ਦੇ ਸੰਸਥਾਪਕ ਦੀ ਧੀ ਹੈ। ਮੇਂਗ ਦੀ ਗ੍ਰਿਫਤਾਰੀ ਪਿੱਛੇ ਚੀਨ ਅਤੇ ਕੈਨੇਡਾ ਦੇ ਸਬੰਧਾਂ ਵਿਚ ਤਣਾਅ ਬਣਿਆ ਹੋਇਆ ਹੈ। ਚੀਨ ਨੇ ਵੀ ਦਬਾਅ ਬਣਾਉਣ ਲਈ ਅਪਣੇ ਦੇਸ਼ ਵਿਚ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹੁਆਵੇ ਦੇ ਚੀਨੀ ਫੌਜ ਨਾਲ ਕਰੀਬੀ ਸਬੰਧ ਹਨ। ਇਸ ਨੂੰ ਚੀਨ ਦੀ ਸਭ ਤੋਂ ਜ਼ਿਆਦਾ ਸਫਲ ਵਿਸ਼ਵ ਪੱਧਰੀ ਕੰਪਨੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਈਰਾਨ ‘ਤੇ ਅਮਰੀਕੀ ਪਾਬੰਦੀਆਂ ਪਿੱਛੋਂ ਵੀ ਹੁਆਵੇ ਵਲੋਂ ਕਾਰੋਬਾਰ ਕਰਨ ਅਤੇ ਇਸ ਦੀ ਜਾਣਕਾਰੀ ਲੁਕੋ ਕੇ ਰੱਖਣ ਦੇ ਮਾਮਲੇ ਵਿਚ ਅਮਰੀਕਾ ਵੇਂਗ ਦੀ ਹਵਾਲਗੀ ਚਾਹੁੰਦੀ ਹੈ। ਜਾਨ ਮੈਕਕੈਲਮ ਨੇ ਹਾਲ ਹੀ ਵਿਚ ਚੀਨੀ ਮੀਡੀਆ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਮੇਂਗ ਨੂੰ ਅਮਰੀਕਾ ਹਵਾਲੇ ਕੀਤਾ ਜਾਣਾ ਠੀਕ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਰਾਜਨਤੀ ਤੋਂ ਪ੍ਰੇਰਤ ਮਾਮਲਾ ਹੈ। ਅਮਰੀਕਾ ਚੀਨ ਨਾਲ ਕਾਰੋਬਾਰੀ ਮੋਰਚਿਆਂ ‘ਤੇ ਸਮਝੌਤਾ ਕਰ ਸਕਦਾ ਹੈ। ਇਸ ਨਾਲ ਉਸ ਨੂੰ ਮੇਂਗ ਦੀ ਹਵਾਲਗੀ ਦੀ ਲੋੜ ਨਹੀਂ ਹੋਵੇਗੀ ਅਤੇ ਚੀਨ ਵਿਚ ਹਿਰਾਸਤ ਵਿਚ ਲਏ ਗਏ ਦੋ ਕੈਨੇਡੀਅਨ ਨਾਗਰਿਕ ਵੀ ਮੁਕਤ ਹੋ ਜਾਣਗੇ। ਫਿਰ ਇਸ ਮੁੱਦੇ ‘ਤੇ ਬੋਲੇ ਅਤੇ ਅਪਣੇ ਪਿਛਲੇ ਬਿਆਨ ਨੂੰ ਵਾਪਸ ਲੈ ਲਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲਾਂ ਜਾਨ ਨੂੰ ਬਰਖਾਸਤ ਕਰਨ ਦਾ ਫ਼ੈਸਲਾ ਖਾਰਜ ਕਰ ਦਿੱਤਾ ਸੀ। ਪ੍ਰੰਤੂ ਵਾਰ ਵਾਰ ਇਸ ਸੰਵੇਦਨਸ਼ੀਲ ਮੁੱਦੇ ‘ਤੇ ਬਿਆਨ ਦੇਣ ਕਾਰਨ ਉਨ੍ਹਾਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ। ਟਰੂਡੋ ਨੇ ਦੱਸਿਆ ਕਿ ਜਿਮ ਨਿਕੇਲ ਹੁਣ ਚੀਨ ਵਿਚ ਕੈਨੈਡਾ ਦੀ ਨੁਮਾਇੰਦਗੀ ਕਰਨਗੇ।
ਟਰੂਡੋ ਨੇ ਇਹ ਵੀ ਸਪਸ਼ਟ ਕੀਤਾ ਕਿ ਅਮਰੀਕਾ ਨਾਲ ਅਪਣੀ ਹਵਾਲਗੀ ਸੰਧੀ ਦਾ ਕੈਨੇਡਾ ਸਨਮਾਨ ਕਰੇਗਾ। ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਰ ਨੇ ਕਿਹਾ ਕਿ ਜਾਨ ਨੂੰ ਪਹਿਲਾਂ ਹੀ ਬਰਖਾਸਤ ਕਰ ਦੇਣਾ ਚਾਹੀਦਾ ਸੀ।