Copyright & copy; 2019 ਪੰਜਾਬ ਟਾਈਮਜ਼, All Right Reserved
ਪਰਵਾਸੀ ਲਾੜਿਆਂ ਨੇ 40 ਹਜ਼ਾਰ ਪੰਜਾਬਣਾਂ ਦੀ ਕੀਤੀ ਜ਼ਿੰਦਗੀ ਤਬਾਹ

ਪਰਵਾਸੀ ਲਾੜਿਆਂ ਨੇ 40 ਹਜ਼ਾਰ ਪੰਜਾਬਣਾਂ ਦੀ ਕੀਤੀ ਜ਼ਿੰਦਗੀ ਤਬਾਹ

ਜਲੰਧਰ: ਪੰਜਾਬ ਵਿਚ 40,000 ਔਰਤਾਂ ਪਰਵਾਸੀ ਲਾੜਿਆਂ ਦੇ ਇੰਤਜ਼ਾਰ ਵਿਚ ਹਨ। ਇਨ੍ਹਾਂ ਵਿਚੋਂ 20,000 ਔਰਤਾਂ ਦੁਆਬੇ ਖੇਤਰ ਦੀਆਂ ਹਨ। ਸਾਲਾਂ ਤੋਂ ਇਨਸਾਫ ਦੀ ਉਮੀਦ ਵਿਚ ਜਿਊਂਦੀਆਂ ਹਨ, ਪਰ ਪੁਲਿਸ, ਅਦਾਲਤ ਤੇ ਸਰਕਾਰਾਂ ਕਿਸੇ ਨੇ ਇਨ੍ਹਾਂ ਦੀ ਪਰੇਸ਼ਾਨੀ ਦਾ ਹੱਲ ਨਹੀਂ ਕੱਢਿਆ। ਨਾ ਹੀ ਆਪਣੀ ਪਤਨੀ ਨੂੰ ਛੱਡਣ ਵਾਲੇ ਕਿਸੇ ਐਨ.ਆਰ.ਆਈ. ਖਿਲਾਫ ਸਖਤ ਕਾਰਵਾਈ ਲਈ ਕੋਈ ਕਾਨੂੰਨ ਬਣਿਆ ਹੈ। ਵਿਦੇਸ਼ਾਂ ਵਿਚ ਵੱਸੇ ਮੁੰਡੇ ਪੰਜਾਬ ਆ ਕੇ ਕੁੜੀ ਵਾਲਿਆਂ ਨੂੰ ਸਬਜ਼ਬਾਗ ਦਿਖਾ ਕੇ ਵਿਆਹ ਕਰਵਾ ਲੈਂਦੇ ਹਨ। ਕੁਝ ਦਿਨ ਇਕੱਠੇ ਰਹਿਣ ਮਗਰੋਂ ਵਿਦੇਸ਼ ਚਲੇ ਜਾਂਦੇ ਹਨ। ਪਤਨੀ ਨੂੰ ਇਹ ਕਹਿ ਕੇ ਜਾਂਦੇ ਹਨ ਕਿ ਉਸ ਨੂੰ ਜਲਦ ਹੀ ਬੁਲਾ ਲੈਣਗੇ, ਪਰ ਪਤੀ ਦੇ ਇੰਤਜ਼ਾਰ ਵਿਚ ਮੁਟਿਆਰਾਂ ਜਿਊਂਦੀ ਲਾਸ਼ ਬਣ ਕੇ ਰਹਿ ਜਾਂਦੀਆਂ ਹਨ।
ਪੰਜਾਬ ਵਿਚ 627 ਐਨ.ਆਰ.ਆਈਜ਼. ਨੂੰ ਪੁਲਿਸ ਨੇ ਭਗੌੜਾ ਐਲਾਨ ਦਿੱਤਾ ਹੈ। ਇਨ੍ਹਾਂ ਖ਼ਿਲਾਫ ਅਪਰਾਧਿਕ ਸਮੇਤ ਹੋਰ ਵੀ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਮਾਮਲੇ ਜਲੰਧਰ ਦਿਹਾਤ ਥਾਣੇ ਵਿਚ ਦਰਜ ਹਨ। ਹਾਲਾਂਕਿ, ਪਿਛਲੇ ਦਿਨੀਂ ਵਿਦੇਸ਼ ਮੰਤਰਾਲੇ ਨੇ ਅਜਿਹੇ ਹੀ 45 ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਸੀ। ਪਰ ਜੁਰਮ ਦੀ ਗਿਣਤੀ ਦੇ ਹਿਸਾਬ ਨਾਲ ਇਹ ਅੰਕੜਾ ਬੇਹੱਦ ਥੋੜ੍ਹਾ ਹੈ। ਹਾਲਾਂਕਿ, ਬੀਤੀ 11 ਜਨਵਰੀ ਨੂੰ ਰਾਜ ਸਭਾ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਸੀ ਲਾੜਿਆਂ ਲਈ ‘ਦ ਰਜਿਸਟ੍ਰੇਸ਼ਨ ਆਫ ਮੈਰਿਜ ਆਫ ਨਾਨ ਰੈਡਜ਼ੀਡੈਂਟ ਇੰਡੀਅਨ ਬਿਲ’ ਪੇਸ਼ ਕੀਤਾ, ਪਰ ਸੰਸਦ ਮੈਂਬਰਾਂ ਵੱਲੋਂ ਜ਼ੋਰ ਨਾ ਲਾਏ ਜਾਣ ਕਾਰਨ ਇਹ ਬਿਲ ਫਸ ਗਿਆ। ਹੁਣ ਇਹ ਬਿਲ 17ਵੀਂ ਲੋਕ ਸਭਾ ਵਿਚ ਪਾਸ ਹੋ ਸਕਦਾ ਹੈ।
ਸਤਾਈਆਂ ਧੀਆਂ ਨੇ ਇਨਸਾਫ ਲਈ ਆਪ ਸੰਭਾਲਿਆ ਮੋਰਚਾ
ਪਰਵਾਸੀ ਠੱਗ ਲਾੜਿਆਂ ਹੱਥੋਂ ਸਤਾਈਆਂ ਪੰਜਾਬ ਦੀਆਂ ਧੀਆਂ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਵਾਲੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਂਦਿਆਂ ਪਾਸਪੋਰਟ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ‘ਅਬ ਨਹੀਂ ਵੈਲਫੇਅਰ ਸੁਸਾਇਟੀ’ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕਰਦਿਆਂ ਇਨ੍ਹਾਂ ਲੜਕੀਆਂ ਨੇ ਆਪਣੇ ਪਰਵਾਸੀ ਪਤੀਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ, ਜਿਹੜੇ ਵਿਆਹ ਕਰਾਉਣ ਮਗਰੋਂ ਧੋਖਾ ਦੇ ਗਏ ਸਨ।
ਜਥੇਬੰਦੀ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ 150 ਦੇ ਕਰੀਬ ਠੱਗ ਪਰਵਾਸੀ ਲਾੜਿਆਂ ਤੋਂ ਸਤਾਈਆਂ ਲੜਕੀਆਂ ਨੇ ਪਾਸਪੋਰਟ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਸੰਸਥਾ ਨਾਲ 450 ਦੇ ਕਰੀਬ ਅਜਿਹੀਆਂ ਪੀੜਤ ਲੜਕੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 32 ਹਜ਼ਾਰ ਅਜਿਹੀਆਂ ਧੀਆਂ ਹਨ, ਜਿਨ੍ਹਾਂ ਨੂੰ ਐਨ.ਆਰ.ਆਈਜ਼ ਲਾੜਿਆਂ ਨੇ ਛੱਡਿਆ ਹੋਇਆ ਹੈ। ਇਨ੍ਹਾਂ ਵਿਚੋਂ ਕੁਝ ਦੇ ਤਾਂ ਬੱਚੇ ਵੀ ਜਵਾਨ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਨਾ ਤਾਂ ਕੋਈ ਖਰਚਾ ਮਿਲਦਾ ਹੈ ਤੇ ਨਾ ਹੀ ਸਹੁਰੇ ਪਰਿਵਾਰ ਉਨ੍ਹਾਂ ਨੂੰ ਝੱਲਦੇ ਹਨ। ਰੋਸ ਮੁਜ਼ਾਹਰੇ ਵਿਚ 63 ਸਾਲਾ ਪ੍ਰੀਤਮ ਕੌਰ ਵੀ ਸ਼ਾਮਲ ਸੀ, ਜਿਸ ਦਾ 1977 ਵਿਚ ਵਿਆਹ ਹੋਇਆ ਸੀ। ਉਸ ਦੇ ਪਤੀ ਦਰਸ਼ਨ ਸਿੰਘ ਗਰਚਾ ਨੇ 1982 ਵਿਚ ਕੈਨੇਡਾ ‘ਚ ਪੱਕਾ ਹੋਣ ਲਈ ਆਪਣੀ ਭਾਬੀ ਨਾਲ ਵਿਆਹ ਕਰਵਾ ਲਿਆ ਸੀ। ਪ੍ਰੀਤਮ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਉਹਦੇ ਪਤੀ ਨੇ ਇਕ ਹੋਰ ਵਿਆਹ ਕਰਵਾਇਆ। ਉਸ ਦੇ ਪਤੀ ਦੇ ਦੋ ਧੀਆਂ ਤੇ ਇਕ ਪੁੱਤਰ ਹੈ ਜਦਕਿ ਉਸ ਨੂੰ ਤਲਾਕ ਨਹੀਂ ਦਿੱਤਾ। ਜਗਰਾਉਂ ਦੇ ਐਨ.ਆਰ.ਆਈ. ਥਾਣੇ ਵਿਚ ਜਾ ਜਾ ਕੇ ਇਹ ਬਿਰਧ ਔਰਤ ਥੱਕ-ਹਾਰ ਗਈ ਹੈ, ਪਰ ਉਸ ਦੀ ਉਡੀਕ ਅਜੇ ਤੱਕ ਨਹੀਂ ਮੁੱਕੀ। ਪੁਲਿਸ ਵਾਲੇ ਉਸ ਤੋਂ 1977 ਵਿਚ ਹੋਏ ਵਿਆਹ ਦਾ ਸਬੂਤ ਮੰਗਦੇ ਹਨ। ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਜਲੰਧਰ ਦਫਤਰ ਨੇ ਅਜੇ ਪੀੜਤ ਲੜਕੀਆਂ ਦੇ ਪਤੀਆਂ ਦੇ ਪਾਸਪੋਰਟ ਜ਼ਬਤ ਕਰਨੇ ਸ਼ੁਰੂ ਨਹੀਂ ਕੀਤੇ, ਜਦਕਿ ਪੰਜਾਬ ਦੇ ਹੋਰ ਕਈ ਪਾਸਪੋਰਟ ਦਫਤਰਾਂ ਨੇ ਇਸ ਕਾਰਵਾਈ ਨੂੰ ਅਮਲ ‘ਚ ਲਿਆਂਦਾ ਹੈ।

ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਕੋਲ ਉਚ-ਅਹੁਦੇ ਨਾਮਾਤਰ
ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ ਉਚ-ਅਹੁਦਿਆਂ ‘ਤੇ ਮਹਿਲਾਵਾਂ ਦੀ ਸੰਖਿਆ ਹਾਲੇ ਵੀ ਕਾਫੀ ਘੱਟ ਹੈ ਅਤੇ ਉਹ ਬੱਚਿਆਂ ਦੀ ਸੰਭਾਲ ਵਿਚ ਜੁਟੀਆਂ ਹੋਣ ਕਾਰਨ ਪੱਛੜ ਜਾਂਦੀਆਂ ਹਨ। ਇਸ ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਵਿਚ ਕੇਵਲ 10 ਫੀਸਦੀ ਮਹਿਲਾ ਮੈਨੇਜਰ ਹਨ, ਜਿਨ੍ਹਾਂ ਦੇ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਜਦਕਿ ਉਨ੍ਹਾਂ ਦੇ ਹਮਰੁਤਬਾ ਪੁਰਸ਼ਾਂ ਦੀ ਗਿਣਤੀ ਕਰੀਬ 90 ਫੀਸਦੀ ਹੈ। ਕੌਮਾਂਤਰੀ ਲੇਬਰ ਸੰਸਥਾ ਵਲੋਂ ਮਹਿਲਾ ਦਿਵਸ ਮੌਕੇ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 1990 ਤੋਂ ਬਾਅਦ ਔਰਤਾਂ ਲਈ ਨੌਕਰੀਆਂ ਦੇ ਮੌਕਿਆਂ ਵਿਚ ਬਹੁਤਾ ਸੁਧਾਰ ਨਹੀਂ ਆਇਆ ਹੈ। ਹਾਲੇ ਵੀ ਉੱਚ ਅਹੁਦਿਆਂ ‘ਤੇ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ 30 ਸਾਲਾਂ ਵਿਚ ਹਾਲਾਤ ਵਧੇਰੇ ਨਹੀਂ ਬਦਲੇ ਹਨ।