Copyright & copy; 2019 ਪੰਜਾਬ ਟਾਈਮਜ਼, All Right Reserved
ਆਸਟ੍ਰੇਲੀਆ ਦੀ ਸਰਕਾਰ ਨੇ ਬਦਲੇ ਨਿਯਮ, ਪੀ.ਆਰ. ਲੈਣੀ ਹੋਵੇਗੀ ਔਖੀ

ਆਸਟ੍ਰੇਲੀਆ ਦੀ ਸਰਕਾਰ ਨੇ ਬਦਲੇ ਨਿਯਮ, ਪੀ.ਆਰ. ਲੈਣੀ ਹੋਵੇਗੀ ਔਖੀ

ਸਿਡਨੀ : ਆਸਟ੍ਰੇਲੀਆ ਦੀ ਸਰਕਾਰ ਨੇ ਪੀ.ਆਰ. ਦੇ ਨਿਯਮਾਂ ਵਿਚ ਸਖ਼ਤੀ ਕਰਦੇ ਹੋਏ ਸਲਾਨਾ ਇਮੀਗ੍ਰੈਂਟਸ ਦੀ ਗਿਣਤੀ 30 ਹਜ਼ਾਰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇੰਨਾ ਹੀ ਨਹੀਂ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਸਭ ਤੋਂ ਵੱਧ ਮਾਰ ਸਕਿੱਲਡ ਵਰਕਰਾਂ ਨੂੰ ਪਵੇਗੀ। ਹੁਣ ਸਕਿੱਲਡ ਵਰਕਰ ਪੀ.ਆਰ. ਲਈ ਅਪਲਾਈ ਸਿਰਫ਼ ਤਾਂ ਹੀ ਕਰ ਸਕਣਗੇ ਜੇਕਰ ਉਹ ਘੱਟੋਂ ਘੱਟ 3 ਸਾਲ ਮੈਲਬੌਰਨ, ਪਰਥ ਤੇ ਸਿਡਨੀ ਵਰਗੇ ਸ਼ਹਿਰਾਂ ਤੋਂ ਬਾਹਰ ਛੋਟੇ ਸ਼ਹਿਰਾਂ ਵਿਚ ਰਹਿਣਗੇ ਅਤੇ ਕੰਮ ਕਰਨਗੇ। ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਵੇਗਾ। ਜਾਣਕਾਰੀ ਮੁਤਾਬਕ, ਹੁਣ ਸਾਲ ਵਿਚ 1,60,000 ਲੋਕਾਂ ਨੂੰ ਹੀ ਆਸਟ੍ਰੇਲੀਆ ਵਿਚ ਆਉਣ ਦੀ ਮਨਜ਼ੂਰੀ ਦਿਤੀ ਜਾਵੇਗੀ। ਇਨ੍ਹਾਂ ਵਿਚ 23 ਹਜ਼ਾਰ ਸਕਿੱਲਡ ਵਰਕਰ ਵੀਜ਼ੇ ਵੀ ਸ਼ਾਮਲ ਹੋਣਗੇ। ਪਹਿਲਾਂ ਇਹ ਗਿਣਤੀ 1,90,000 ਸੀ ਪਰ ਹੁਣ 15 ਫ਼ੀ ਸਦੀ ਇਮੀਗ੍ਰੇਸ਼ਨ ਘਟਾ ਦਿਤੀ ਗਈ ਹੈ। ਸਕਿੱਲਡ ਵਰਕਰਾਂ ਨੂੰ 3 ਸਾਲ ਸਿਡਨੀ, ਮੈਲਬੌਰਨ ਅਤੇ ਪਰਥ ਵਰਗੇ ਸ਼ਹਿਰਾਂ ਤੋਂ ਬਾਹਰ ਰਹਿਣਾ ਹੋਵੇਗਾ। ਅਜਿਹੇ ਲੋਕ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਤੋਂ ਤਿੰਨ ਸਾਲ ਤੱਕ ਬਾਹਰ ਰਹਿਣ ਮਗਰੋਂ ਪੀ.ਆਰ. ਲਈ ਅਪਲਾਈ ਕਰ ਸਕਣਗੇ। ਇਹ ਵੀ ਦੱਸ ਦਈਏ ਕਿ ਜੂਨ, 2018 ਤੱਕ ਜਾਰੀ ਹੋਏ ਸਟੂਡੈਂਟ ਵੀਜ਼ਾ ਉਤੇ ਕੋਈ ਸੀਮਾ ਨਹੀਂ ਲਗਾਈ ਗਈ ਹੈ। ਮਾਹਰਾਂ ਦੇ ਮੁਤਾਬਕ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮਈ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ ਕਿਉਂਕਿ ਪਰਵਾਸੀਆਂ ਦੀ ਵਧਦੀ ਗਿਣਤੀ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਇਸ ਦਾ ਫ਼ਰਕ ਮਹਿੰਗਾਈ ਉਤੇ ਵੀ ਪੈਂਦਾ ਹੈ।