ਚੁਗਲਖੋਰ

ਚੁਗਲਖੋਰ

ਚੁਗਲਖੋਰਾਂ ਦੀ ਗੱਲ ਸੁਣਾਉਣ ਲੱਗਾਂ,
ਚੁਗਲਖੋਰ ਨੀ ਚੁਗਲੀਉ ਬਾਜ਼ ਆਂਉਦੇ।
ਸਾਰਾ ਦਿਨ ਉਹ ਲੈਂਦੇ ਰਹਿਣ ਬਿੜਕਾਂ,
ਜਿੱਥੇ ਮਿਲੇ ਮੌਕਾ ਉਥੇ ਅੱਗ ਲਾਂਉਦੇ।

ਸਾਡੇ ਮੁਹੱਲੇ ਵਿੱਚ ਵੀ ਐਸੀ ਤੀਵੀਂ,
ਸਾਰਾ ਦਿਨ ਨੀ ਉਹੋ ਟਿਕ ਬਹਿੰਦੀ,
ਐਧਰੋ ਗਲ ਸੁਣੇ, ਉਧਰ ਜਾ ਦੱਸੇ,
ਰਹੇ ਬਲਦੀ ਦੇ ਉਤੇ ਤੇਲ ਪਾਂਉਦੀ।
ਸੂੰਘੀ ਕੁੱਤੀ ਵਾਂਗ ਫਿਰੇ ਲੂਸ ਲੂਸ ਕਰਦੀ,
ਗਲ ਉਸਦੇ ਕੋਈ ਨੀ ਹਜ਼ਮ ਆਂਉਦੀ।

ਪੁਆਕੇ ਸਿਮ ਅਨ ਲਿਮਟਿਡ ਜੀਉ ਕੰਪਨੀ ਦਾ,
ਉਹ ਕਾਲਾਂ ਤੇ ਕਾਲਾਂ ਕਰੀ ਜਾਵੇ
ਕੂੜ ਸੁਣੇ ਤੇ ਕੂੜ ਹੀ ਜਾਵੇ ਬੋਲੀ,
ਚੰਗੀ ਗੱਲ ਨਾ ਉਸ ਨੂੰ ਕੋਈ ਭਾਵੇ।
ਆਂਢਣਾ ਗੁਆਂਢਣਾ ਵੀ ਜਦੋਂ ਹੋਣ ਵਿਹਲੀਆਂ,
ਆਣ ਦੁਆਲੇ ਉਸਦੇ ਹੋਣ ਕੱਠੀਆਂ,
ਕੋਈ ਨਵੀਂ ਤਾਜੀ ਅੱਜ ਦੀ ਸੁਣਾ ਭੈਣੇ,
ਨਾਲੇ ਕੱਢਣ ਦੰਦੀਆਂ ਨਾਲੇ ਪਾਉਣ ਜੱਫੀਆਂ।

ਕੀ ਸੁਣਾਵਾਂ ਲੈ ਅੱਜ ਦੀ ਸੁਣ ਭੈਣੇ,
ਕਹਿੰਦੇ ਭੌਰੂ ਨੇ ਆਪਣੀ ਤੀਵੀਂ ਕੁੱਟੀ,
ਕੁੱਟ ਖਾਈ ਜਾਵੇ ਨਾਲੇ ਮਾਰੇ ਚੀਕਾਂ,
ਪਰ ਸਾਹਮਣੇ ਨੀ ਬੋਲਣੋ ਹਟੀ ਕੁੱਤੀ।
ਕੁੱਟ ਕੁੱਟ ਕੇ ਹੰਭ ਗਿਆ ਅੰਤ ਭੌਰੂ,
ਅਖੀਰ ਉਸਨੇ ਸੁੱਟ ਹਥਿਆਰ ਦਿੱਤੇ।
ਨਾਲੇ ਕਰੇ ਟਕੋਰਾ ਨਾਲੇ ਹਾਲ ਪੁੱਛੇ,
ਵੇਖਾਂ ਬਹੁਤੀ ਤਾਂ ਨੀ ਵੱਜੀ ਸਟ ਕਿਤੇ।

ਦੂਜੀ ਬੋਲੀ, ਮੈਂ ਨੀ ਬੋਲਣ ਦਿੱਤਾ ਕਦੇ ਘਰ ਵਾਲਾ,
ਸਾਰਾ ਦਿਨ ਹੈ ਮੈਨੂੰ ਜੀ ਜੀ ਕਰਦਾ,
ਜਿੱਥੇ ਜਾਈਏ ਖੜਾ ਰਹੇ ਮੇਰੇ ਪਿੱਛੇ,
ਜਿਵੇਂ ਮਾਂ ਦੇ ਨਾਲ ਹੈ ਪੁੱਤ ਖੜਦਾ।
ਚੁਗਲਖੋਰਾਂ ਤੋਂ ਰਹੀਏ ਸਦਾ ਬਚ ਕੇ,
ਇਹੇ ਰਾਈ ਦਾ ਪਹਾੜ ਬਣਾ ਦਿੰਦੇ।
ਇਕ ਦੂਜੇ ਦੇ ਕੰਨਾਂ ਵਿਚ ਪਾ ਗੱਲਾਂ,
ਗੁਲਾਂ ਉਤੇ ਨੇ ਬੱਕਰੀ ਚੜਾ ਦਿੰਦੇ।

‘ਬਰਾੜਾ’ ਲੰਘੀਏ ਇਨ੍ਹਾਂ ਤੋਂ ਵਟ ਪਾਸਾ,
ਚੁੱਟਕੀ ਵਿੱਚ ਨੇ ਕਤਲ ਕਰਾ ਦਿੰਦੇ॥

ਗੁਰਲਾਲ ਬਰਾੜ ਸਿਰੀਏਵਾਲਾ (ਕੈਨੇਡਾ)