ਸਰੀ ‘ਚ ਕਲਮੀਂ ਪਰਵਾਜ਼ ਮੰਚ ਵੱਲੋਂ ‘ਸਹਿਕਦਾ ਰਿਸ਼ਤਾ’ ਪੁਸਤਕ ਲੋਕ ਅਰਪਿਤ

ਸਰੀ ‘ਚ ਕਲਮੀਂ ਪਰਵਾਜ਼ ਮੰਚ ਵੱਲੋਂ ‘ਸਹਿਕਦਾ ਰਿਸ਼ਤਾ’ ਪੁਸਤਕ ਲੋਕ ਅਰਪਿਤ

ਵੈਨਕੂਵਰ : (ਬਰਾੜ-ਭਗਤਾ ਭਾਈ ਕਾ) ਬਿਨਾਂ ਅਹੁਦੇਦਾਰਾਂ ਵਾਲੀ ਕਲਮੀਂ ਪਰਵਾਜ਼ ਮੰਚ ਸਰੀ ਦੀ ਸਹਿਤਕ ਸੰਸਥਾ ਵੱਲੋਂ ਆਪਣੀ ਮਾਸਿਕ ਇਕੱਤਰਤਾ ਮੌਕੇ ਰਵਿੰਦਰ ਕੌਰ ਸੈਨੀ ਦਾ ਕਹਾਣੀ ਸੰਗ੍ਰਹਿ ‘ਸਹਿਕਦਾ ਰਿਸ਼ਤਾ’ ਸਾਹਿਤ ਪ੍ਰੇਮੀਆਂ ਦੀ ਵੱਡੀ ਗਿਣਤੀ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਲਾਕੇ ਦੇ ਨਾਮਵਰ ਸਾਹਿਤਕਾਰਾਂ ਨੇ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਸ਼ਮੂਲੀਅਤ ਕੀਤੀ। 112 ਸਫ਼ੇ ਦੀ ਇਸ ਪੁਸਤਕ ਵਿੱਚ ਸਮਾਜ ਨੂੰ ਸੇਧ ਵਾਲੀਆਂ ਕਹਾਣੀਆਂ ਹਨ ਜਿੰਨ੍ਹਾਂ ਵਿੱਚ ਲੇਖਕਾ ਨੇ ਨਵੇਂ ਅਤੇ ਪੁਰਾਣੇ ਰਿਸ਼ਤਿਆਂ ਬਾਰੇ ਬੜੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ। ਪ੍ਰਸਿੱਧ ਲੇਖਕਾ ਬੀਬੀ ਇੰਦਰਜੀਤ ਕੌਰ ਸਿੱਧੂ, ਮਨਜੀਤ ਕੌਰ ਕੰਗ, ਦਰਸ਼ਨ ਸਿੰਘ ਸੰਘਾ ਅਤੇ ਹਰਕੀਰਤ ਕੌਰ ਚਾਹਲ ਨੇ ਪੁਸਤਕ ਬਾਰੇ ਪਰਚੇ ਪੜ੍ਹੇ। ਪੁਸਤਕ ਪੜ੍ਹਣ ਤੋਂ ਇਉਂ ਜਾਪਦਾ ਹੈ ਜਿਵੇਂ ਲੇਖਕਾ ਰਵਿੰਦਰ ਕੌਰ ਨੇ ਰਿਸ਼ਤਿਆਂ ਬਾਰੇ ਅੰਦਰੂਨੀ ਘੋਖ ਕਰਨ ਲਈ ਨੌਜਵਾਨੀ ਤੋਂ ਲੈ ਕੇ ਬੁਢੇਪੇ ਤੱਕ ਦੀ ਉਮਰ ਨਾਲ ਮੂੰਹੋਂ ਮੂੰਹ ਗੱਲਾਂ ਕਰਕੇ ਪੂਰੀ ਛਾਣਬੀਨ ਕੀਤੀ ਹੋਵੇ। ਪੜ੍ਹਣਯੋਗ ਇਸ ਪੁਸਤਕ ਵਿੱਚ ਕਹਾਣੀ ਦਰ ਕਹਾਣੀ ਬੜੀ ਹੀ ਦਿਲਚਸਪੀ ਪੈਦਾ ਕਰਦੀ ਹੈ। ਹਰ ਕਹਾਣੀ ਨੂੰ ਪੜ੍ਹਣ ਉਪਰੰਤ ਉਸ ਨੂੰ ਪਛਾਣ ਲੈਣ ਲਈ ਪਾਠਕ ਮਜ਼ਬੂਰ ਹੋ ਜਾਂਦਾ ਹੈ।
ਪੁਸਤਕ ਸੰਬੰਧੀ ਪੜ੍ਹੇ ਗਏ ਪਰਚਿਆਂ ਦੌਰਾਨ ਬੋਲਣ ਵਾਲੇ ਬੁਲਾਰਿਆਂ ਨੇ ਆਪੋ ਆਪਣੀ ਸਮਝ ਮੁਤਾਬਿਕ ਪੁਸਤਕ ਵਿੱਚਲੀ ਲਿਖਤ ਨੂੰ ਸੇਧ ਦੇਣ ਵਾਲੀ ਪੁਸਤਕ ਦਾ ਦਰਜਾ ਦੇ ਕੇ ਲੇਖਕਾ ਨੂੰ ਵਧਾਈ ਦਿੱਤੀ ਅਤੇ ਮਾਣ ਮਹਿਸੂਸ ਕੀਤਾ ਕਿ ਲੇਖਕਾ ਵੱਲੋਂ ਲਿਖੀ ਪੁਸਤਕ ਅਸਲੀਅਤ ਦਰਸਾਉਂਦੀ ਹੀ ਦਰਸਾਉਂਦੀ ਹੈ ਕਿਉਂਕਿ ਲੇਖਕਾਵਾਂ ਘੱਟ ਤੇ ਲੇਖਕ ਵੱਧ ਹੋਣ ਕਰਕੇ ਲੇਖਕਾਵਾਂ ਬੜੇ ਸੰਕੋਚ ਨਾਲ ਲਿਖਣ ‘ਚ ਵਿਸ਼ਵਾਸ਼ ਰੱਖਦੀਆਂ ਹਨ।
ਇਸ ਮੌਕੇ ਕਲਮੀ ਪਰਵਾਜ਼ ਮੰਚ ਵੱਲੋਂ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਕਵੀਆਂ ਨੇ ਆਪੋ ਆਪਣੀ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।