ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਸੂਬਿਆਂ ‘ਚ ਲਗਾਤਾਰ ਵੱਧ ਰਹੀਆਂ ਹਨ ਹਿੰਸਕ ਘਟਨਾਵਾਂ

ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਸੂਬਿਆਂ ‘ਚ ਲਗਾਤਾਰ ਵੱਧ ਰਹੀਆਂ ਹਨ ਹਿੰਸਕ ਘਟਨਾਵਾਂ

ਸਰੀ : ਕੈਨੇਡਾ ‘ਚ ਲਗਾਤਾਰ ਹਿੰਸਕ ਘਟਨਾਵਾਂ ਵਧ ਰਹੀਆਂ ਹਨ, ਜਿਨ੍ਹਾਂ ‘ਚੋਂ ਵਧੇਰੇ ਘਟਨਾਵਾਂ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਸੂਬਿਆਂ ‘ਚ ਵਾਪਰੀਆਂ ਹਨ, ਜਿੱਥੇ ਵਧੇਰੇ ਗਿਣਤੀ ‘ਚ ਪੰਜਾਬੀ ਰਹਿੰਦੇ ਹਨ। ਇਕ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ‘ਚ ਇੱਥੇ ਹਿੰਸਕ ਘਟਨਾਵਾਂ ‘ਚ ਵਾਧਾ ਹੋਇਆ ਹੈ। ਟਾਰਗੇਟ ਗੋਲੀਬਾਰੀ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸਟੈਟਿਕਸ ਕੈਨੇਡਾ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ‘ਚ ਸਾਲ 2017 ‘ਚ 118 ਕਤਲ ਹੋਏ, ਜੋ ਪਿਛਲੇ ਸਾਲ ਨਾਲੋਂ ਵਧ ਹਨ। ਬੰਦੂਕਾਂ ਅਤੇ ਗੈਂਗ ਹਿੰਸਾ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਇਸੇ ਲਈ ਇੱਥੇ ਰਹਿ ਰਿਹਾ ਭਾਈਚਾਰਾ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਕਿ ਨੌਜਵਾਨਾਂ ਨੂੰ ਸਹੀ ਰਸਤਿਆਂ ‘ਤੇ ਪਾਇਆ ਜਾਵੇ। ਅਜਿਹੇ ਮਾਮਲੇ ਸਾਹਮਣੇ ਆਉਣ ਨਾਲ ਸਰਕਾਰਾਂ ਦੀ ਢਿੱਲੀ ਨੀਤੀ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਲਗਾਤਾਰ ਗੈਂਗਵਾਰਾਂ ਵਧਣ ਕਾਰਨ ਕਈ ਘਰ ਬਰਬਾਦ ਹੋ ਚੁੱਕੇ ਹਨ ਅਤੇ ਕਈ ਨੌਜਵਾਨ ਨਜਾਇਜ਼ ਹੀ ਮਾਰੇ ਗਏ ਹਨ। ਨਸ਼ਿਆਂ ‘ਚ ਡੁੱਬੇ ਨੌਜਵਾਨ ਗੈਂਗਵਾਰਾਂ ਵੱਲ ਵਧਦੇ ਹਨ ਅਤੇ ਆਪਣੇ ਨਾਲ-ਨਾਲ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ‘ਚ ਪਾਉਂਦੇ ਹਨ।