ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ

ਧੰਨ ਗੁਰੂ ਸੱਚੇ ਪਾਤਸ਼ਾਹ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਨਨਕਾਣਾ ਸਾਹਿਬ ਦੀ ਪਵਿੱਤਰ ਧਰਤ ਤੇ ਉਨ੍ਹਾਂ ਸਮਿਆਂ ਵਿੱਚ ਹੋਇਆ, ਜਿੰਨ੍ਹਾਂ ਸਮਿਆਂ ਵਿੱਚ ਹਿੰਦੋਸਤਾਨ ਵਿੱਚ ਕੂੜ-ਕਪਟ ਦਾ, ਰਾਜਸੀ ਉਥਲ-ਪੁਥਲ, ਵਹਿਮਾਂ ਭਰਮਾਂ ਦਾ, ਸਮਾਜਕ, ਆਰਥਿਕ ਵਿਕਾਰਾਂ ਦਾ, ਪਾਪਾਂ-ਪਖੰਡਾਂ ਦਾ, ਅਗਿਆਨ ਅਤੇ ਕਰਮ ਕਾਡਾਂ ਆਦਿਕ ਦਾ ਬੋਲ ਬਾਲਾ ਸੀ। ਜਗਤ ਗੁਰੂ ਨੇ ਪੜ੍ਹਾਈ ਲਿਖਾਈ, ਨੌਕਰੀ ਅਤੇ ਹੱਥੀ ਹੱਲ ਚਲਾਕੇ ਸੱਚੀ ਸੁੱਚੀ ਕਿਰਤ ਕਰਕੇ ਆਪਣਾ ਜੀਵਨ ਗ੍ਰਹਿਸਤੀ ਹੁੰਦਿਆਂ ਬੜੇ ਦ੍ਰਿੜ ਵਿਚਾਰਾਂ ਨਾਲ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਸੱਚੇ ਉਪਦੇਸਾਂ ਨਾਲ ਦੁਨੀਆ ਦਾ ਕਲਿਆਨ ਕੀਤਾ। ਭਾਵੇਂ ਉਹ ਸਿੱਖ ਧਰਮ ਦੇ ਬਾਨੀ ਸਨ ਪਰ ਲੱਗ ਇਓਂ ਰਿਹਾ ਜਿਵੇਂ ਉਹ ਲੋਕਾਈ ਦੇ ਹਰ ਧਰਮਾਂ ਦੇ ਪਿਆਰ ਸਤਿਕਾਰ ਦੇ ਪਾਤਰ ਬਣੇ। ਉਨ੍ਹਾਂ ਨਾਲ ਪਿਆਰ ਮੁਹੱਬਤ ਸਿਰਫ਼ ਸਿੱਖਾਂ ਨੇ ਹੀ ਨਹੀਂ ਕੀਤੀ ਬਲਕਿ ਉਸ ਤੋਂ ਵਧੇਰੇ ਮੁਹੱਬਤ ਹਿੰਦੂਆਂ ਅਤੇ ਮੁਸਲਮਾਨਾਂ ਨੇ ਵੀ ਕੀਤੀ। ਬਾਲਾ ਤੇ ਭਾਈ ਮਰਦਾਨਾ ਉਨ੍ਹਾਂ ਦੇ ਪੱਕੇ ਚੇਲੇ ਅਤੇ ਸਾਥੀ ਬਣਕੇ ਹਮੇਸ਼ਾ ਉਨ੍ਹਾਂ ਨਾਲ ਰਹੇ। ਕਿੰਨੇ ਕਰਮਾਂ ਵਾਲੇ, ਭਾਗਾਂ ਵਾਲੇ ਉਹ ਲੋਕ ਸਨ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ। ਕਿੱਡੀ ਵੱਡੀ ਸ਼ਕਤੀ ਸੀ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਆਪਣੀਆਂ ਉਦਾਸੀਆਂ (ਯਾਤਰਾਵਾਂ) ਦੌਰਾਨ ਏਨਾਂ ਲੰਮਾਂ ਸਫ਼ਰ ਉਪਦੇਸ਼ ਦਿੰਦਿਆਂ ਹਮੇਸ਼ਾ ਰੱਬਦੇ ਭੈਅ ‘ਚ ਰਹਿਕੇ, ਸੱਚੀ ਸੁੱਚੀ ਕਿਰਤ ਕਰਕੇ, ਗਰੀਬਾਂ-ਲੋੜਵੰਦਾਂ ਦੀ ਮਦਦ ਕਰਕੇ, ਇੱਕ ਪ੍ਰਭੂ ‘ਚ ਸੱਚੇ ਦਿਲੋਂ ਭਰੋਸਾ ਕਰਕੇ, ਗ੍ਰਹਿਸਤੀ ਜੀਵਨ ਦੌਰਾਨ ਸੰਸਾਰਕ ਜਿੰਮੇਵਾਰੀਆਂ ਨਿਭਾਉਣ ਦਾ, ਸਾਦਗੀ ਵਿੱਚ ਰਹਿਕੇ ਜੀਵਨ ਬਤਾਉਣ ਦਾ ਉਹ ਉਪਦੇਸ਼ ਲੋਕਾਈ ਨੂੰ ਦਿੱਤਾ ਸੀ। ਜਿਸਤੋਂ ਅਸੀਂ ਕਿਤੇ ਨਾ ਕਿਤੇ ਤਾਂ ਕੀ ਨਿੱਤ ਹੀ ਭਟਕ ਰਹੇ ਹਾਂ। ਲੱਗ ਇਉਂ ਰਿਹਾ ਹੈ ਕਿ ਸਾਡੀ ਕਹਿਣੀ, ਕਰਨੀ ਤੇ ਕਥਨੀ ‘ਚ ਜ਼ਮੀਨ ਅਸਮਾਨ ਦਾ ਫਰਕ ਆ। ਅਸੀਂ ਸਿਰਫ਼ ਤੇ ਸਿਰਫ਼ ਨਿੱਜ ਦਾ ਹੀ ਸੋਚ ਰਹੇ ਹਾਂ। ਦਿਖਾਵੇ ਕਰਦਿਆਂ ਅਸੀਂ ਲੱਖਾਂ ਕਰੋੜਾਂ ਦੀ ਇਮਾਨਤ ਬਿਨਾਂ ਵਜਾਅ ਫਜ਼ੂਲ ਹੀ ਖਰਚ ਕਰਕੇ ਪਤਾ ਨਹੀਂ ਕਿਹੜੀਆਂ ਮੁਹਿੰਮਾਂ ਸਰ ਕਰ ਰਹੇ ਹਾਂ। ਸਮਝੋਂ ਬਾਹਰ ਆ। ਜਦੋਂ ਕਿ ਅਸੀਂ ਨਿੱਕੇ ਨਿੱਕੇ ਯਤਨਾਂ ਰਾਹੀਂ, ਸਾਧਨਾਂ ਰਾਹੀਂ, ਰਲ ਮਿਲਕੇ, ਬਾਬਾ ਨਾਨਕ ਦੇ ਉਪਦੇਸ਼ਾਂ ਤੇ ਚਲਦਿਆਂ ਆਪਣਾ ਆਪ ਦਾ ਹੀ ਨਹੀਂ ਬਲਕਿ ਇਸ ਸਮੁੱਚੀ ਦੁਨੀਆ ਦਾ ਸੁਧਾਰ ਕਰ ਸਕਦੇ ਹਾਂ। ਪਰ ਅਜਿਹਾ ਹੋ ਨਹੀਂ ਰਿਹਾ। ਜਿਹੜਾ ਕਿ ਅਤਿ ਜ਼ਰੂਰੀ ਆ। ਅਸੀਂ ਗੁਰੂ ਘਰ ਅੰਦਰ ਤਾਂ ਬਿੰਦ ਦੀ ਬਿੰਦ ਮਨ-ਮਸਤਕ ਅੰਦਰ ਗੁਰੂ ਸ਼ਕਤੀ ਤੋਂ ਪ੍ਰੇਰਿਤ ਹੋ ਕੇ, ਉਹਦੀ ਅਧੀਨਗੀ ਨੂੰ ਸਮਰਪਤ ਹੋ ਜਾਂਦੇ ਹਾਂ। ਪਰ ਘਰ ਤਾਂ ਕੀ ਗੁਰੂ ਦੀਆਂ ਸਿੱਖਿਆਵਾਂ ਨੂੰ ਰਸਤੇ ਵਿੱਚ ਹੀ ਭੁੱਲ-ਵਿਸਾਰ ਦਿੰਦੇ ਹਾਂ। ਅਜੋਕੇ ਤਪਦੇ ਸੰਸਾਰ ਨੂੰ ਜੇਕਰ ਕੋਈ ਫਿਲਾਸਫੀ ਲੀਹਾਂ ਤੇ ਲਿਆ ਸਕਦੀ ਆ ਤਾਂ ਉਹ ਸ਼ਕਤੀ ਗੁਰੂ ਦੇਵ ਪਾਤਸ਼ਾਹ ਦੇ ਸਿਧਾਤਾਂ ਦੀ ਸਿੱਖਿਆ ਹੀ ਸਹੀ ਜਾਪਦੀ ਆ। ਅਸੀਂ ਜੇਕਰ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਾਂਗੇ ਤਾਂ ਚੰਗੇ ਰਹਾਂਗੇ। ਨਹੀਂ ਤਾਂ ਭਟਕਣਾ ਮਿਟਨ ਦੀ ਬਜਾਇ ਹੋਰ ਵੀ ਵਧਦੀ ਚਲੀ ਜਾਵੇਗੀ। ਤਕੜੇ ਮਾੜੇ ਨੂੰ ਲਿਤਾੜੀ ਹੀ ਜਾਣਗੇ। ਕੂੜ ਪ੍ਰਚਾਰ ਚੱਲੇਗਾ। ਅਸੀਂ ਜੇਕਰ ਜੀਵਨ ਜਾਂਚ ਵਿੱਚ ਸੁਧਾਰ ਲਿਆਉਣਾ ਹੈ ਤਾਂ ਝੂਠ ਤੋਂ ਕਿਨਾਰਾਂ ਕਰਨਾ ਪਵੇਗਾ। ਮਾੜੇ ਦੀ, ਗ਼ਰੀਬ ਦੀ ਬਾਂਹ ਫੜਨੀ ਪਵੇਗੀ। ਸੱਚੀ ਕਿਰਤ ਅਤੇ ਮੁਹੱਬਤੀ ਇਨਸਾਨ ਵਾਲਾ ਰਵੱਈਆ ਅਖਤਿਆਰ ਕਰਨਾ ਪਵੇਗਾ। ਗੁਰੂ ਪਾਤਸ਼ਾਹ ਜੀ ਨੇ ਇੱਕ ਪ੍ਰਮਾਤਮਾਂ ਨੂੰ ਸਿਮਰਨ ਦਾ ਸਾਨੂੰ ਸੰਦੇਸ਼ ਦਿੱਤਾ, ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਉਨ੍ਹਾਂ ਆਪ ਵੀ ਖੇਤੀਬਾੜੀ ਦਾ ਧੰਦਾ ਕਰਤਾਪੁਰ ਵਿਖੇ ਕੀਤਾ। ਮਲਕ ਭਾਗੋ ਦਾ ਭੋਜਣ ਠੁਕਰਾਕੇ ਗੁਰੂ ਬਾਬੇ ਨੇ ਭਾਈ ਲਾਲੋ ਦੀ ਰੁਖੀ ਮਿੱਸੀ ਰੋਟੀ ਪ੍ਰਵਾਨ ਕੀਤੀ। ਵੰਡ ਛਕਣ ਦਾ ਸੰਦੇਸ਼ ਗੁਰੂ ਲੋੜਵੰਦਾਂ ਲਈ ਦਿੰਦੇ ਹਨ ਜੋ ਸਹੀ ਦਾਨ ਪੁੰਨ ਦੀ ਪਰਿਭਾਸ਼ਾ ਹੈ।
ਸੋ ਆਓ! ਗੁਰੂ ਪਾਤਸ਼ਾਹ ਜਿਨ੍ਹਾਂ ਨੂੰ ਅਕਾਸ਼ਾਂ-ਪਤਾਲਾਂ ਦੀ ਸੋਝੀ ਸੀ, ਦੇ ਪਾਏ ਪੂਰਨਿਆਂ ਤੇ ਚੱਲੀਏ। ਇਸ ਵਿੱਚ ਜੀ ਕੁਲ ਸੰਸਾਰ ਦਾ ਭਲਾ ਹੈ। ਸੱਚੇ ਸਤਿਗੁਰ ਦੇ 550ਵੇਂ ਜਨਮ ਦਿਹਾੜੇ ਦੀਆਂ ਕੁਲ ਲੋਕਾਈ ਨੂੰ ਬਹੁਤ ਵੀ ਵਧਾਈਆਂ ਹੋਣ। ਸੰਸਾਰ ਵਿੱਚ ਸਤਿਗੁਰ ਜੀ ਰਹਿਮਤ ਕਰਨ ਸਬਰ, ਸੰਤੋਖ, ਸ਼ਾਂਤੀ ਤੇ ਸੁਖਾਂ ਦੀਆਂ ਹਵਾਵਾਂ ਦੇ ਬੁੱਲੇ ਸਭ ਪਾਸਿਓਂ ਆਉਣ। ਇਹੀ ਗੁਰੂ ਮਹਾਰਾਜ ਜੀ ਤੋਂ ਮੰਗਦੇ ਹਾਂ। ਆਓ ਰਲ ਮਿਲਕੇ ਗੁਰੂ ਦੇ ਜਨਮ ਪੁਰਬ ਨੂੰ ਮਨਾਈਏ ਅਤੇ ਆਪਣੇ ਘਰਾਂ ‘ਤੇ ਦੀਪਮਾਲਾ ਕਰੀਏ।

-ਰਛਪਾਲ ਸਿੰਘ ਗਿੱਲ