ਗੈਂਗਹਿੰਸਾ ਨੂੰ ਠੱਲ੍ਹ ਪਾਉਣ ਲਈ ਪੰਜਾਬੀ ਸਿਆਸਤਦਾਨ ਸਖ਼ਤ ਮਿਹਨਤ ਕਰਨ

ਗੈਂਗਹਿੰਸਾ ਨੂੰ ਠੱਲ੍ਹ ਪਾਉਣ ਲਈ ਪੰਜਾਬੀ ਸਿਆਸਤਦਾਨ ਸਖ਼ਤ ਮਿਹਨਤ ਕਰਨ

ਸਾਂਸਦ, ਵਿਧਾਇਕ ਅਤੇ ਸਿਟੀ ਨੁਮਾਇੰਦੇ ਨਿਭਾਉਣ ਜਿੰਮੇਵਾਰੀ ਵਾਲਾ ਰੋਲ

– ਧਾਰੀ ਹੋਈ ਲੰਬੀ ਚੁੱਪ ਨੂੰ ਤੋੜਣ ਦੀ ਲੋੜ

– ਸਮੂਹ ਸੰਸਥਾਵਾਂ ਨਾਲ ਬੈਠਣ ਤੋਂ ਝਿੱਜਕ ਕਿਉਂ?

ਵੈਨਕੂਵਰ : (ਸੁਖਮੰਦਰ ਬਰਾੜ-ਭਗਤਾ ਭਾਈ ਕਾ) ਫਰੇਜ਼ਰ ਵੈਲੀ ਅਤੇ ਲੋਅਰ ਮੇਨਲੈਂਡ ਇਲਾਕੇ ਵਿੱਚ ਗੈਂਗਹਿੰਸਾ ਅਤੇ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਨੱਥ ਪਾਉਣ ਲਈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੂਰੇ ਪ੍ਰਸ਼ਾਸ਼ਨ, ਪੁਲੀਸ ਵਿਭਾਗ ਅਤੇ ਸਿਆਸਦਾਨਾਂ ਨੇ ਲੰਬੀ ਚੁੱਪ ਧਾਰੀ ਹੋਈ ਹੈ। ਪਿਛਲੇ ਚਾਰ ਮਹੀਨਿਆਂ ‘ਚ 7 ਨੌਜਵਾਨ ਪੰਜਾਬੀਆਂ ਲੜਕਿਆਂ ਦੇ ਕਤਲ ਹੋ ਜਾਣੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਰੀ ‘ਚ ਆਏ ਦਿਨ ਗੋਲੀਆਂ ਚੱਲਣੀਆਂ ਆਮ ਜਿਹੀ ਸਥਿੱਤੀ ਨੂੰ ਬਿਆਨਦੀਆਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪੁਲੀਸ ਨਾ ਤਾਂ ਕਿਸੇ ਕਾਤਲ ਨੂੰ ਫੜ੍ਹ ਹੀ ਹੈ ਸਕੀ ਤੇ ਨਾ ਹੀ ਡਰੱਗ ਮਾਫ਼ੀਆ ‘ਤੇ ਦਬਾਅ ਪਾ ਸਕੀ। ਸਰੀ ਸਿਟੀ ਦੀਆਂ ਚੋਣਾਂ ਤੋਂ ਬਾਅਦ ਨਵੇਂ ਚੁਣੇ ਗਏ ਮੇਅਰ ਡੱਗ ਮਕੱਲਮ ਨੇ ਬਿਆਨ ਦਿੱਤਾ ਹੈ ਕਿ ਸਰੀ ‘ਚ ਆਪਣੀ ਸਿਟੀ ਦੀ ਪੁਲੀਸ ਭਰਤੀ ਕਰਾਂਗੇ ਤਾਂ ਕਿ ਕਤਲਾਂ ਅਤੇ ਵਧ ਰਹੇ ਨਸ਼ਿਆਂ ਨੂੰ ਨੱਥ ਪਾਈ ਜਾ ਸਕੇ। ਐਬਟਸਫੋਰਡ ‘ਚ ਤਾਂ ਐਬਟਸਫੋਰਡ ਸਿਟੀ ਦੀ ਆਪਣੀ ਪੁਲੀਸ ਹੈ, ਉੱਥੇ ਤਾਂ ਇਸ ਸਾਲ ਸਰੀ ਨਾਲੋਂ ਵੀ ਵੱਧ ਕਤਲ ਹੋਏ ਹਨ, ਉਹ ਪੁਲੀਸ ਕਿਉਂ ਨਹੀਂ ਕਤਲਾਂ ਨੂੰ ਰੋਕ ਸਕੀ ਤੇ ਸਰੀ ਸਿਟੀ ਪੁਲੀਸ ਨੂੰ ਕਿਹੜਾ ਯਾਦੂ ਦਾ ਡੰਡਾ ਫੜਾ ਦਿੱਤਾ ਜਾਵੇਗਾ ਕਿ ਭੈੜੀ ਸੋਚ ਰੱਖਣ ਵਾਲੇ ਅਨਸਰ ਸ਼ਹਿਰ ਹੀ ਛੱਡ ਜਾਣਗੇ। ਕੀ ਸਰੀ ਪ੍ਰਸ਼ਾਸ਼ਨ ਨੂੰ ਆਰ ਸੀ ਐਮ ਪੀ ‘ਤੇ ਵਿਸ਼ਵਾਸ਼ ਨਹੀਂ ਜਾਂ ਕਿ ਉਹ ਇਸ ਵਿਭਾਗ ਨੂੰ ਪੁਲੀਸ ਹੀ ਨਹੀਂ ਮੰਨਦੀ?
ਖਾਸ ਕਰਕੇ ਚੁਣੇ ਹੋਏ ਪੰਜਾਬੀ ਸਿਆਸਤਦਾਨ ਨੂੰ ਚਾਹੀਦਾ ਹੈ ਕਿ ਉਹ ਪੁਲੀਸ, ਪ੍ਰਸ਼ਾਸ਼ਨ, ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ, ਸਿੱਖ ਸੰਪ੍ਰਦਾਵਾਂ, ਸਾਹਿਤਕ ਸਭਾਵਾਂ ਅਤੇ ਵਪਾਰੀ ਵਰਗ ਨੂੰ ਨਾਲ ਲੈ ਕੇ ਲੋਕਾਂ ਨਾਲ ਵੱਡੇ ਪੱਧਰ ‘ਤੇ ਮੀਟਿੰਗਾਂ ਕਰਕੇ ਵਿਚਾਰਾਂ ਕਰਨ ਤਾਂ ਕਿ ਕਿਸੇ ਹੱਦ ਤੱਕ ਭੈੜੀਆਂ ਅਲਾਮਤਾਂ ਨੂੰ ਰੋਕਿਆ ਜਾ ਸਕੇ। ਜਿਸ ਤਰਾਂ ਚੋਣਾਂ ਸਮੇਂ ਵੋਟਾਂ ਲੈਣ ਵੇਲੇ ਸਿਆਸੀ ਲੋਕ ਆਪਣੇ ਫਾਇਦੇ ਨੂੰ ਚੋਣ ਜਿੱਤਣ ਲਈ ਆਮ ਲੋਕਾਂ ‘ਚ ਵਿਚਰ ਕੇ ਉਨ੍ਹਾਂ ਨਾਲ ਨਿੱਤ ਮੀਟਿੰਗਾਂ ਕਰਦੇ ਹਨ, ਕੀ ਜਿੱਤ ਜਾਣ ਤੋਂ ਬਾਅਦ ਗੈਂਗਹਿੰਸਾ ਅਤੇ ਨਸ਼ਿਆਂ ‘ਤੇ ਕਾਬੂ ਪਾਉਣ ਲਈ ਲੋਕਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਨਾਲ ਮੀਟਿੰਗਾਂ ਨਹੀਂ ਕੀਤੀਆਂ ਜਾ ਸਕਦੀਆਂ? ਵੋਟਾਂ ਲੈਣ ਵਾਲੇ ਲੋਕ ਇਸ ਦਾ ਜਵਾਬਦੇਹ ਹਨ। ਸਮੂਹ ਸੰਸਥਾਵਾਂ ਨੂੰ ਨਾਲ ਲੈ ਕੇ ਜਾਂ ਉਨ੍ਹਾਂ ਨਾਲ ਬੈਠਣ ‘ਚ ਸਿਆਸੀ ਲੋਕ ਝਿੱਜਕ ਕਿਉਂ ਮੰਨਦੇ ਹਨ, ਕੁ ਉਹ ਇਹ ਸਮਝਦੇ ਹਨ ਕਿ ਸਭ ਦੀ ਆਪੋ ਆਪਣੀ ਦੁਕਾਨਦਾਰੀ ਹੈ ਅਸੀਂ ਕਿਸੇ ਦੇ ਵਪਾਰ ‘ਚ ਦਖਲਅੰਦਾਜ਼ੀ ਕਿਉਂ ਕਰੀਏ? ਸਿਆਸਤਦਾਨਾਂ ਨੇ ਤਾਂ ਆਪਣਾ ਵੋਟ ਬੈਂਕ ਬਣਾਈ ਰੱਖਿਆ ਹੋਇਆ ਹੈ ਸ਼ਾਇਦ ਉਹ ਇਸ ਕਰਕੇ ਨ੍ਹੀ ਕੁਝ ਕਰਨ ਲਈ ਤਿਆਰ ਹਨ। ਸਿਆਸੀ ਨੁਮਾਇੰਦੇ ਵੋਟਾਂ ਵਟੋਰ ਕੇ ਜਿੱਤ ਜਾਣ ਪਿੱਛੋਂ ਲੋਕਾਂ ਨਾਲ ਜੁੜੇ ਗੰਭੀਰ ਮੁੱਦਿਆਂ ਤੋਂ ਬੇ-ਧਿਆਨ ਹੋ ਜਾਂਦੇ ਹਨ ਅਤੇ ਦੋਬਾਰਾ ਵੋਟਾਂ ਆਉਣ ਸਮੇਂ ਗੈਂਗਹਿੰਸਾ ਅਤੇ ਨਸ਼ਿਆਂ ਨੂੰ ਫਿਰ ਤੋਂ ਮੁੱਦਾ ਬਣਾ ਕੇ ਵੋਟਾਂ ਵਟੋਰ ਲਈ ਲੋਕਾਂ ‘ਚ ਮੀਆਂ ਮਿੱਠੂ ਬਣ ਜਾਂਦੇ ਹਨ। ਜੇ ਪੁਲੀਸ ਨੂੰ ਇਸ ਬਾਰੇ ਕਿਹਾ ਜਾਂਦਾ ਹੈ ਤਾਂ ਪੁਲੀਸ ਕਹਿ ਦਿੰਦੀ ਹੈ ਕਿ ਸਾਡੇ ਹੱਥ ਹੀ ਕੁਝ ਨਹੀਂ, ਜੇ ਪੁਲੀਸ ਦੇ ਹੱਥ ਹੀ ਕੁਝ ਨਹੀਂ ਹੈ ਤਾਂ ਸਰੀ ਸਿਟੀ ਨੂੰ ਆਪਣੀ ਸਿਟੀ ਪੁਲੀਸ ਭਰਤੀ ਕਰਕੇ ਇਸ ਦਾ ਲੋਕਾਂ ਉੱਤੇ ਆਰਥਿਕ ਬੋਝ ਪਾਉਣ ਦਾ ਕੀ ਅਰਥ ਹੋਵੇਗਾ? ਬਾਕੀ ਪ੍ਰਸ਼ਾਸ਼ਨ ਦੇ ਅਧਿਕਾਰੀ ਇਹ ਕਹਿ ਛੱਡਦੇ ਹਨ ਕਿ ਸਾਡਾ ਕੰਮ ਤਾਂ ਲੋਕਾਂ ਦੇ ਕੰਮਾਂ ‘ਚ ਧਿਆਨ ਦੇਣਾ ਬਣਦਾ ਹੈ। ਹੁਣ ਫਿਰ ਗੈਂਗਹਿੰਸਾ ਅਤੇ ਨਸ਼ਿਆਂ ਦੀ ਰੋਕਥਾਮ ਲਈ ਕੌਣ ਅੱਗੇ ਆਵੇਗਾ? ਕੀ ਬੈਂਕਾਂ ਜਾਂ ਸਕੂਲ ਕਾਲਜ ਇਹ ਕੰਮ ਕਰ ਸਕਦੇ ਹਨ? ਸਿਆਸਤਦਾਨ, ਪੁਲੀਸ ਅਤੇ ਸਿਟੀ ਦੇ ਨੁਮਾਇੰਦੇ ਇਸ ਦਾ ਜਵਾਬ ਦੇਣ। ਸਰਕਾਰਾਂ ਦੀਆਂ ਸਾਰੀਆਂ ਭਾਗੀਦਾਰ ਸੰਸਥਾਵਾਂ ਕੁੰਭਕਰਨੀ ਨੀਦ ਸੁੱਤੀਆਂ ਪਈਆਂ ਹਨ। ਲੋਕਾਂ ਦੀ ਰਾਖੀ ਕਰਨ ਦੀ ਬਜਾਏ ਸਰਕਾਰੀ ਅਤੇ ਗੈਰ ਸਰਕਾਰੀ ਸਾਰੇ ਜਿੰਮੇਵਾਰ ਆਪਣੇ ਹੀ ਖੰਭ ਬਚਾਉਣ ਲਈ ਵਿਉਂਤਾਂ ਘੜਦੇ ਰਹਿੰਦੇ ਹਨ ਤੇ ਸੱਚਮੁੱਚ ਹੀ ਪੰਜਾਬੀ ਦੀ ਕਹਾਵਤ ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਵਾਲਾ ਫਾਰਮੂਲਾ ਅਪਣਾਈ ਬੈਠੇ ਹਨ।