ਗੁਰੂ ਨਾਨਕ ਸਾਹਿਬ ਜੀ ਨਿਰਮਲ ਪੰਥ ਦੇ ਬਾਨੀ

ਗੁਰੂ ਨਾਨਕ ਸਾਹਿਬ ਜੀ ਨਿਰਮਲ ਪੰਥ ਦੇ ਬਾਨੀ

ਅੱਜ ਸਾਜਸ਼ ਨੀਤੀਆਂ ਦੁਆਰਾ ਇਸ ਤੱਥ ਨੂੰ ਝੂਠਾ ਦੱਸਣ ਦਾ ਜਤਨ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਵਿਲੱਖਣ ਸਿਧਾਂਤਾਂ ਨੂੰ ਜਨਮ ਦਿੱਤਾ। ਵਾਸਤਵ ਵਿਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਇੰਨਕਲਾਬ ਦੀ ਨੀਂਹ ਰੱਖੀ ਅਤੇ ਉਸ ਸਮੇਂ ਦੇ ਪ੍ਰਚਲਤ ਧਰਮ ਦੀਆਂ ਪ੍ਰੰਪਰਾਵਾਂ ਨੂੰ ਰੱਦ ਕਰ ਦਿੱਤਾ। ਸਾਜ਼ਸ਼ਕਾਰੀਆਂ ਤੋਂ ਇਲਾਵਾ ਕੁਝ ਉਹ ਲਿਖਾਰੀ ਵੀ ਹਨ ਜੋ ਅਗਿਆਨਤਾ ਕਾਰਨ ਲਿਖ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਹਿੰਦੂ ਤੇ ਇਸਲਾਮ ਧਰਮਾਂ ਦੇ ਚੰਗੇ ਗੁਣਾਂ ਨੂੰ ਅਪਣਾਇਆ। ਇਸ ਪਰਥਾਏ ਡਾਕਟਰ ਤਾਰਨ ਸਿੰਘ ਲਿਖਦੇ ਹਨ ”ਇਹ ਠੀਕ ਹੈ ਕਿ ਗੁਰੂ ਨਾਨਕ ਦਰਸ਼ਨ ਦੇ ਕਈ ਪੱਥ ਵੇਦਾਂ, ਉਪਨਿਸ਼ਦਾਂ ਦੀ ਪ੍ਰੰਪਰਾ ਵਿਚ ਵੇਖੇ ਜਾ ਸਕਦੇ ਹਨ, ਪਰ ਸਿੱਖ ਧਰਮ ਨੇ ਇਕ ਨਵੀਂ ਦ੍ਰਿਸ਼ਟੀ ਦਿੱਤੀ ਅਤੇ ਉਸਨੂੰ ਪਾਪ੍ਰਤ ਕਰਨ ਦਾ ਨਵਾਂ ਰਾਹ ਦੱਸਿਆ ।”
ਇਹ ਆਖਣਾ ਅਤੇ ਪ੍ਰਵਾਨ ਕਰਨਾ ਪਵੇਗਾ ਕਿ ਗੁਰੂ ਜੀ ਨੇ ਨਿਰਮਲ ਪੰਥ ਦੀ ਨੀਂਹ ਰੱਖੀ। ਜੋ ਗੁਰੂ ਗੋਬਿੰਦ ਸਿੰਘ ਸਮੇਂ ਖਾਲਸਾ ਪੰਥ ਬਣਿਆ। ਗੁਰੂ ਨਾਨਕ ਦੇਵ ਜੀ ਨੇ ਮਹਾਨ ਗੁਰਮਤਿ ਸੰਦੇਸ਼ ਦੁਆਰਾ ਸਮਾਜ ਅੰਦਰ ਪ੍ਰੀਵਰਤਨ ਲਿਆਂਦਾ ਜਿਨ੍ਹਾਂ ਕਰਕੇ ਹਿੰਦੂ ਤੇ ਇਸਲਾਮ ਧਰਮਾਂ ਉਪਰ ਵੀ ਅਸਰ ਹੋਇਆ । ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸ਼ਖਸ਼ੀਅਤ ਸਮਾਜ ਦੇ ਸਭ ਵਰਗਾਂ ਦੇ ਲੋਕਾਂ ਹਰਮਨ ਪਿਆਰੀ ਹੋਈ । ਹਰ ਧਰਮ ਨੇ ਉਨ੍ਹਾਂ ਨੂੰ ਆਪਣਾ ਰਹਿਬਰ ਤਸਲੀਮ ਕੀਤਾ ਤੇ ਪੂਰਾ ਸਤਿਕਾਰ ਦਿੱਤਾ । ਇਹ ਲੋਕ ਬੋਲੀ ਇਸ ਤੱਥ ਦੀ ਸਚਾਈ ਨੂੰ ਪ੍ਰਗਟ ਕਰਨ ਲਈ ਗਵਾਹੀ ਭਰਦੀ ਹੈ, ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਮੁਸਲਮ ਕਾ ਪੀਰ । ਭਾਈ ਗੁਰਦਾਸ ਜੀ ਦੀ ਲਿਖਤ ਵੀ ਦੱਸ ਰਹੀ ਹੈ ,ਘਰ ਘਰ ਬਾਬਾ ਪੂਜੀਏ
ਹਿੰਦੂ ਮੁਸਲਮਾਨ ਗੁਆਈ॥
ਛਪੇ ਨਾਂਹਿ ਛਪਾਇਆ
ਚੜਿਆ ਸੂਰਜ ਜਗ ਰੁਸ਼ਨਾਈ॥
ਗੁਰੂ ਨਾਨਕ ਦੇਵ ਜੀ ਨੇ ਵੇਈਂ ਨਦੀ ਦੇ ਅਸਥਾਨ ਤੇ ਤਿੰਨ ਦਿਨ ਅਲੋਪ ਰਹਿਣ ਪਿਛੋਂ ਲੋਕਾਂ ਨੂੰ ਐਲਾਨ ਕਰ ਦਿੱਤਾ ਕਿ ਰੱਬੀ ਹੁਕਮ ਹੈ ਕਿ ‘ਨਾ ਕੋਈ ਹਿੰਦੂ , ਨਾ ਕੋਈ ਮੁਸਲਮਾਨ’ ਭਾਵ ਇੱਕ ਰੱਬ ਦੇ ਪੁੱਤਰਾਂ ਵਿਚ ਵੰਡੀਆਂ ਨਹੀਂ ਪੈ ਸਕਦੀਆਂ। ਇਹ ਉਸ ਕਾਲ ਅੰਦਰ ਇਕ ਮਹਾਨ ਤੇ ਵਿਲੱਖਣ ਸਿਧਾਂਤ ਸੀ ਅਤੇ ਖੇਰੂੰ ਖੇਰੂ ਹੋਏ ਸਮਾਜ ਲਈ ਅਤਿ ਲੋੜੀਂਦਾ ਸੀ । ਮੁਸਲਮਾਨ ਵਿਦਵਾਨ ਪ੍ਰੋਫੈਸਰ ਮੁਜ਼ੀਬ ਦਾ ਨਿਰਣਾ ਸਪਸ਼ਟ ਹੈ ਜੋ ਆਖ ਰਹੇ ਹਨ ”ਸ਼ਾਇਦ ਇਕ ਮੁਸਲਮਾਨ ਦਾ ਆਖਣਾ ਅਜ਼ੀਬ ਲਗੇਗਾ ਕਿ ਗੁਰੂ ਨਾਨਕ ਦੇਵ ਜੀ ਇਸਲਾਮ ਤੋਂ ਪ੍ਰਭਾਵਿਤ ਨਹੀਂ ਸਨ।” ਡਾਕਟਰ ਏਬੈਨਰਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਪ੍ਰੰਪਰਾ ਦਾ ਅਧਿਐਨ ਅਤੇ ਚਿਤ੍ਰਣ ਪੇਸ਼ ਕਰਦੇ ਹੋਏ ਵੀ ਇਕ ਨਵੇਂ ਅਤੇ ਨਿਰਾਲੇ ਮਤ ਦੇ ਬਾਨੀ ਸਨ, ਜੋ ਗੁਰਮਤਿ ਅਤੇ ਉਸਨੂੰ ਮੰਨਣ ਵਾਲਿਆਂ ਲਈ ਸਿੱਖ ਮਤ ਦੇ ਨਾਂ ਨਾਲ ਸਥਾਪਤ ਹੋਇਆ।” ਇਸ ਵਿਲੱਖਣ ਮਤ ਦਾ ਸੰਕੇਤ ਗੁਰੂ ਨਾਨਕ ਦੇਵ ਜੀ ਦੇ ਜੋਗੀਆਂ ਨਾਲ ਸੰਵਾਦ ਨੂੰ ਭਾਈ ਗੁਰਦਾਸ ਜੀ ਨੇ ਵਰਨਣ ਕੀਤਾ ਹੈ,
ਜਦੋਂ ਗੁਰੂ ਨਾਨਕ ਦੇਵ ਜੀ ਦਾ (1469 ਙ।ਥ) ਵਿਚ ਆਗਮਨ ਹੋਇਆ, ਉਸ ਵੇਲੇ ਉੱਤਰੀ ਭਾਰਤ ਵਿਚ, ਸਗੋਂ ਦੱਖਣ ਵਿਚ ਵੀ ਇਸਲਾਮੀ ਰਾਜ ਸਥਾਪਤ ਹੋ ਚੁੱਕਾ ਸੀ । ਭਾਰਤੀ ਸਮਾਜ ਦੀ ਦਸ਼ਾ ਨੂੰ ਉਨ੍ਹਾਂ ਨੇ ਆਪਣੀ ਕਲਮ ਦੁਆਰਾ ਇਸ ਤਰ੍ਹਾਂ ਚਿਤਰਿਆ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ਰਾਜੇ ਸੀਹ ਮੁਕਦਮ ਕੁਤੇ ॥
ਜਾਇ ਜਗਾਇਨਿ ਬੈਠੇ ਸੁਤੇ ॥
ਗੁਰੂ ਸਾਹਿਬ ਨੇ ਸਮਾਜ ਦਾ ਚਿੱਤਰ ਖਿੱਚਣ ਲੱਗਿਆਂ, ਕੋਈ ਕਾਵਿ ਕਲਪਨਾ ਨਹੀਂ ਕੀਤੀ, ਸਗੋਂ ਅਸਲੀਅਤ ਨੂੰ ਨਿਧੱੜਕ ਹੋਕੇ ਵਰਨਣ ਕੀਤਾ । ਇਸਦੇ ਨਾਲ ਹੀ ਸਮਾਜ ਦੇ ਮੁੱਖ ਆਗੂਆਂ ਦੀ ਕਾਰਗੁਜਾਰੀ ਦੀ ਚੀਰ ਫਾੜ ਕੀਤੀ ਕਿ ਉਨ੍ਹਾਂ ਵਲੋਂ ਸਮੁੱਚੇ ਸਮਾਜ ਦਾ ਉਜਾੜਾ ਕੀਤਾ ਗਿਆ;
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
ਇਸਤੋਂ ਇਲਾਵਾ ਵਿਦੇਸ਼ੀ ਹਮਲਾਵਰ ਬਾਬਰ ਨੂੰ ਜਾਬਰ ਆਖਣਾ ਜਾਂ ਉਸਦੀ ਫੌਜ਼ ਨੂੰ ਪਾਪ ਦੀ ਜੰਝ ਦਸਣਾ ਕਮਾਲ ਦੀ ਦਲੇਰੀ ਸੀ ।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਮਾਜ ਅੰਦਰ ਜਾਤ-ਵਰਣ ਦੀ ਬੀਮਾਰੀ ਪੂਰੇ ਜੋਰਾਂ ਸ਼ੋਰਾਂ ਤੇ ਸੀ ਅਤੇ ਇਹ ਜਾਤ-ਪਾਤ ਪ੍ਰਣਾਲੀ ਹਿੰਦੂ ਧਰਮ ਦੇ ਕੰਮ ਸਮਝੇ ਜਾਂਦੇ ਸਨ ਅਤੇ ਇਸ ਜਾਤ-ਪਾਤ ਵੰਡ ਵਿਚ ਬ੍ਰਾਹਮਣ ਨੇ ਆਪ ਨੂੰ ਸਭ ਤੋਂ ਉੱਚਾ ਮੰਨਿਆ ਹੈ । ਜਿਥੇ ਮੁਗਲ ਜਾਂ ਇਸਲਾਮ ਧਰਮ ਵਲੋਂ ਹਿੰਦੂਆਂ ਨੂੰ ਕਾਫਰ ਆਖਕੇ ਜੁਲਮ ਤੇ ਅਤਿਆਚਾਰ ਹੋ ਰਿਹਾ ਸੀ, ਉਥੇ ਪੁਜਾਰੀ ਸ਼੍ਰੇਣੀ ਬ੍ਰਾਹਮਣ ਵਲੋਂ ਨੀਵੀਆਂ ਜਾਤਾਂ ਉਪਰ ਘੋਰ ਜ਼ੁਲਮ ਕੀਤਾ ਜਾਂਦਾ ਸੀ। ਸਮਾਜ ਦੇ ਅਨੇਕਾਂ ਤਪੀ ਤੇ ਸਿਧ ਅਖਵਾਉਣ ਵਾਲੇ ਲੋਕ ਪਹਾੜਾਂ ਤੇ ਸਮਾਧੀਆਂ ਲਗਾਕੇ ਤਪ ਕਰਨ ਨੂੰ ਧਰਮ ਸਮਝੀ ਬੈਠੇ ਸਨ ਅਤੇ ਸਮਾਜ ਸੁਧਾਰ ਦੀਆਂ ਜਿੰਮੇਵਾਰੀਆਂ ਤੋਂ ਲਾਂਭੇ ਹੋਕੇ ਛੁਪੇ ਬੈਠੇ ਸਨ। ਭਾਈ ਗੁਰਦਾਸ ਜੀ ਨੇ ਗੁਰੂ ਜੀ ਵਲੋਂ ਆਖੇ ਬੋਲਾਂ ਨੂੰ ਕਲਮ ਬੰਦ ਕੀਤਾ ਗਿਆ ਹੈ,
ਸਿਧ ਛਪ ਬੈਠੇ ਪਰਬਤੀਂ ਕੌਣ
ਜਗ ਕਉ ਪਾਰ ਉਤਾਰਾ॥ ਗੁਰੂ ਨਾਨਕ ਦੇਵ ਜੀ ਨੇ ਅਸਲੀ ਤੇ ਸਾਂਝੇ ਧਰਮ ਦੇ ਸਿਧਾਂਤ ਨੂੰ ਲੋਕਾਈ ਲਈ ਪੇਸ਼ ਕੀਤਾ । ਸਿੱਖ ਧਰਮ ਇਕ ਜੀਵਨ ਜਾਂਚ ਹੈ, ਇਸਦੇ ਪੈਰ ਧਰਤੀ ਤੇ ਹਨ ਅਤੇ ਇਸ ਨਾਲ ਲੋਕ ਭਾਵਨਾ ਜੁੜੀ ਹੋਈ ਹੈ। ਗੁਰੂ ਨਾਨਕ ਤੋਂ ਪਹਿਲਾਂ ਭਗਤੀ ਲਹਿਰ ਦੇ ਸੰਤਾਂ ਭਗਤਾਂ ਨੇ ਨਵੀਆਂ ਧਾਰਮਕ ਪ੍ਰੰਪਰਾਵਾਂ ਦਾ ਪ੍ਰਚਾਰ ਕੀਤਾ ਅਤੇ ਜਾਤ-ਪਾਤ ਪ੍ਰਣਾਲੀ ਦਾ ਖੰਡਨ ਕੀਤਾ, ਬ੍ਰਾਹਮਣ ਦੀ ਸਰਦਾਰੀ ਨੂੰ ਵੀ ਚੈਲੰਜ ਕੀਤਾ ਪਰ ਉਨ੍ਹਾਂ ਵਲੋਂ ਵਿਗੜੇ ਸਮਾਜ ਅੰਦਰ ਕੋਈ ਠੋਸ ਪਰਿਵਰਤਨ ਲਿਆਉਣਾ ਸੰਭਵ ਨਾ ਹੋਇਆ। ਇਨ੍ਹਾਂ ਭਗਤਾਂ ਨੇ ਇਸਲਾਮ ਵਲੋਂ ਹੋ ਰਹੇ ਜ਼ੁਲਮ ਖ਼ਿਲਾਫ ਕੋਈ ਗੱਲ ਨਾ ਕੀਤੀ । ਦੂਸਰਾ, ਇਹ ਸਾਰੇ ਭਗਤ ਦੇਸ਼ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧ ਰੱਖਦੇ ਸਨ, ਜਿਸ ਕਰਕੇ ਸਾਂਝੀ ਯੋਜਨਾਬਧ ਲਹਿਰ ਨਾ ਉਠ ਸਕੀ। ਗੁਰੂ ਨਾਨਕ ਦੇਵ ਜੀ ਨੇ ਇਹ ਦ੍ਰਿੜ ਕਰਾਇਆ ਕਿ ਨਿਰਾ ਸਿਧਾਂਤਾਂ ਨੂੰ ਜਾਣ ਲੈਣਾ ਕਾਫੀ ਨਹੀਂ, ਅਸਲ ਵਿਚ ਸਿਧਾਂਤਾਂ ਨੂੰ ਅਸਲੀ ਜਾਮਾਂ ਪਹਿਨਾਉਣ ਨਾਲ ਹੀ ਜ਼ਿੰਦਗੀ ਬਣ ਸਕਦੀ ਹੈ :
ਗੁਰੂ ਜੀ ਵਲੋਂ ਜੋ ਸਿਧਾਂਤ ਦਿੱਤੇ ਗਏ, ਉਹ ਨਵੇਂ ਤੇ ਵਿਲੱਖਣ ਸਨ ਅਤੇ ਸਰਬ ਸਾਂਝੇ ਸਨ । ਇਨ੍ਹਾਂ ਵਿਚ ਮਨੁੱਖੀ ਸਮਾਨਤਾ ਦਾ ਵਿਚਾਰ ਪ੍ਰਬਲ ਸੀ ਅਤੇ ਊਚ-ਨੀਚ ਦੇ ਸੰਕਲਪ ਨੂੰ ਅਪ੍ਰਵਾਣ ਕੀਤਾ, ਕਿਉਂਕਿ ਕਿ ਸਾਰੀ ਸ੍ਰਿਸ਼ਟੀ ਦਾ ਸਾਜਣਹਾਰ ਤੇ ਕਰਤਾ ਇਕ ਹੈ ਤੇ ਉਹ ਅਕਾਲ ਪੁਰਖ ਹੈ, ਜੋ ਕਿ ਨਿਰੰਕਾਰ, ਸਰਵ ਵਿਆਪਕ ਹੈ:
ਲੋਕਾਂ ਅੰਦਰ ਸੁਤੰਤਰ ਵਿਚਾਰਧਾਰਾ ਕੋਈ ਨਹੀਂ ਸੀ ਅਤੇ ਉਨ੍ਹਾਂ ਅੰਦਰ ਸੁਤੰਤਰਤਾ ਵਾਲਾ ਗੌਰਵਮਈ ਜੀਵਣ ਜੀਣ ਲਈ ਸਾਹਸ ਭਰ ਦਿੱਤਾ। ਸਿੱਖ ਲਹਿਰ ਵਿਚ ਸ਼ਾਮਲ ਹੋਣ ਲਈ ਸ਼ਰਤ ਲਗਾਈ :
ਉਦੋਂ ਦੀ ਧਾਰਮਕ ਸ਼ੇਣੀ ਵਲੋਂ ਪ੍ਰਚਲਤ ਕਰਮ ਕਾਡਾਂ ਤੋਂ ਮੁਕਤੀ ਪਾਉਣੀ, ਸਧਾਰਨ ਲੋਕਾਂ ਲਈ ਸੁਖੇਲ ਨਹੀਂ ਸੀ । ਸਭ ਤੋਂ ਪਹਿਲਾਂ ਬ੍ਰਾਹਮਣ ਸ਼੍ਰੇਣੀ ਦੇ ਵਿਰੁੱਧ ਦੋਸ਼ ਸਾਬਤ ਕੀਤੇ । ਧਾਰਮਿਕ ਸ਼੍ਰੇਣੀ ਵਲੋਂ ਇਹ ਵਿਸ਼ਵਾਸ ਲੋਕਾਂ ਦੇ ਮਨਾਂ ਅੰਦਰ ਪਕਾਇਆ ਹੋਇਆ ਸੀ ਕਿ ਮੁਕਤੀ ਪ੍ਰਾਪਤੀ ਦਾ ਮੁੱਖ ਸਮਾਨ ਤੀਰਥ ਭ੍ਰਮਣ ਹੈ, ਪਰ ਗੁਰੂ ਜੀ ਨੇ ਨਵਾਂ ਤੀਰਥਾਂ ਦਾ ਸੰਕਲਪ ਦਿੱਤਾ ਤੇ ਪੁਜਾਰੀ ਸ੍ਰੇਣੀ ਦੀ ਦੁਕਾਨਦਾਰੀ ਨੁੰ ਸੱਟ ਮਾਰੀ :
ਜੋਗ ਮਤ ਵੀ ਭਾਰਤੀ ਸਮਾਜ ਦਾ ਤੀਸਰਾ ਮਤ ਜਾਣਿਆ ਜਾਂਦਾ ਸੀ । ਗੁਰੂ ਨਾਨਕ ਨੇ ਉਨ੍ਹਾਂ ਨਾਲ ਸੋਸ਼ਣ ਕੀਤੀ ਤੇ ਉਨ੍ਹਾਂ ਦੇ ਜੋਗ ਮਤ ਨੂੰ ਅਪ੍ਰਵਾਣ ਕੀਤਾ ਇਸਤਰੀ ਜਾਤੀ ਦੀ ਦੁਰਦਸ਼ਾ ਸੀ ਅਤੇ ਸਮਾਜ ਉਸਾਰੀ ‘ਚ ਸਭ ਪੁਰਸ਼ਾਂ ਦਾ ਸੁਧਾਰ ਜ਼ਰੂਰੀ ਸੀ । ਪੁਰਾਤਨ ਮਨੌਤ ਕਿ ਇਸਤਰੀ ਨਿੰਦਣ ਯੋਗ ਹੈ, ਜਾਂ ਮਰਦ ਦੇ ਬਰਾਬਰ ਨਹੀਂ ਨੂੰ ਠੁਕਰਾ ਦਿੱਤਾ :
ਸਮਾਜ ਅੰਦਰ ਕਿਰਤ ਕਰਨ ਤੇ ਵੰਡ ਛਕਣ ਦੇ ਸੰਕਲਪ ਨੂੰ ਮਹੱਤਤਾ ਦਿੱਤੀ। ਨਾਮ ਜਪਨਾ, ਕਿਰਤ ਕਰਨੀ ਤੇ ਵੰਡ ਛਕਣਾ ਦੇ ਮਹਾਨ ਗੁਰਮਤ ਸਿਧਾਤਾਂ ਨੇ ਸਭਿਆਚਾਰਕ ਜੀਵਨ ਵਿੱਚ ਪਰਿਵਰਤਨ ਲਿਆਂਦਾ। ਇਨ੍ਹਾਂ ਅਸੂਲਾਂ ਨੂੰ ਅੱਗੇ ਰੱਖਕੇ ਸਮਾਜਕ ਜੀਵ ਇਕ ਸ੍ਰੇਸ਼ਠ ਇਨਸਾਨ ਬਣ ਸਕਦਾ ਹੈ:
ਜੋ ਕਿਰਤ ਨਹੀਂ ਕਰਦਾ, ਉਹ ਦੂਜਿਆਂ ਤੇ ਨਿਰਭਰ ਹੋਵੇਗਾ, ਮੰਗ ਕੇ ਖਾਵੇਗਾ। ਵਿਹਲਾ ਰਹਿਣਾ ਤੇ ਮੰਗਕੇ ਖਾਣਾ ਸਭ ਤੋਂ ਵੱਡਾ ਸਮਾਜਕ ਭੈੜ ਹੈ । ਜੇਕਰ ਸਮਾਜ ਦੇ ਬਹੁਤ ਲੋਕ ਕਿਰਤ ਨਹੀਂ ਕਰਦੇ ਤਾਂ ਅਜਿਹਾ ਸਮਾਜ ਸਰਬ-ਪੱਖੀ ਤਰੱਕੀ ਨਹੀਂ ਕਰ ਸਕਦਾ । ਇਹੀ ਕਾਰਨ ਸੀ ਕਿ ਸਿੱਖਾਂ ਨੇ ਸੰਸਾਰ ਦੇ ਹਰ ਕੋਨੇ ‘ਚ ਘਾਲ ਕਮਾਈ ਤੇ ਕਰੜੀ ਘਾਲਣਾ ਦੁਆਰਾ ਆਪਣੀ ਥਾਂ ਬਣਾਈ । ਪੰਜਾਬ ਦਾ ਹਰਾ ਇੰਨਕਲਾਬ ਅਤੇ ਪਿਛੋਂ ਉਜੜੇ ਹੋਏ ਸਿੱਖਾਂ ਨੂੰ ਧਰਮੀ ਹੋਣ ਨਾਲ ਕਿਰਤ ਕਮਾਈਆਂ ਕਰਕੇ ਖੁਸ਼ਹਾਲੀ ਨੂੰ ਮਾਣਿਆ ।
ਰਾਜਸੀ ਚੇਤੰਨਤਾ ਵੀ ਗੁਰੂ ਨਾਨਕ ਦੀ ਦੇਣ ਹੈ । ਗੁਰੂ ਸਾਹਿਬ ਨੂੰ ਜਾਲਮ ਰਾਜਿਆਂ ਦੇ ਜੁਲਮ ਨੂੰ ਨੰਗਾ ਕੀਤਾ ਅਤੇ ਜਨਤਾ ਅੰਦਰ ਜਾਲਮ ਨਾਲ ਟੱਕਰ ਲੈਣ ਲਈ ਹਿੰਮਤ ਭਰੀ । ਉਨ੍ਹਾਂ ਨੇ ਇੱਕ ਚੰਗੇ ਰਾਜੇ ਦਾ ਸੰਕਲਪ ਵੀ ਦਿੱਤਾ,
ਗੁਰੂ ਨਾਨਕ ਦੇਵ ਜੀ ਅਜਿਹੇ ਸਮਾਜ ਦੀ ਸਿਰਜਨਾ ਕਰਨਾ ਚਹੁੰਦੇ ਸਨ ਜੋ ਗੁਰਮੁੱਖ ਤੇ ਸ੍ਰੇਸ਼ਠ ਪ੍ਰਾਣੀਆਂ ਦਾ ਸਮਾਜ ਹੋਵੇ । ਜਿਥੇ ਹਰ ਕੋਈ ਇਕ ਦੂਜੇ ਦਾ ਭਾਈਵਾਲ ਹੋਵੇ, ਜਿਥੇ ਸਹਿਨਸ਼ੀਲਤਾ ਤੇ ਪਿਆਰ ਹੋਵੇ, ਜਿਥੇ ਭਾਵਨਾਵਾਂ ਸਾਂਝੀਆਂ ਹੋਣ, ਜਿਥੇ ਸਤਿ ਦਾ ਰਾਜ ਹੋਵੇ। ਉਹ ਸਮਾਜ ਜਿਥੇ ਮਨੁੱਖ ਦੀ ਤਰੱਕੀ ਤੇ ਪ੍ਰਫੁਲਤਾ ਲਈ ਕੋਈ ਰੁਕਾਵਟ ਨਾ ਹੋਵੇ। ਇਸ ਸਮਾਜ ਦੇ ਲੋਕ ਜਾਲਮ ਤੇ ਜੁਲਮ ਦਾ ਟਾਕਰਾ ਕਰ ਸਕਣ ਦੇ ਸਮਰਥ ਹੋਣ । ਅਜਿਹੇ ਸਮਾਜ ਵਿਚ ਰਾਜਨੀਤਕ, ਆਰਥਕ, ਸਮਾਜਕ ਤੇ ਧਾਰਮਕ ਲੁੱਟ-ਖਸੁੱਟ ਨਾ ਹੋਵੇ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਸਰੇ ਗੁਰੂ ਸਾਹਿਬਾਨਾਂ ਨੇ ਵੀ ਗੁਰੂ ਨਾਨਕ ਸਾਿਹਬ ਦੇ ਸਥਾਪਤ ਸਿਧਾਤਾਂ ਨੂੰ ਅਸਲੀ ਰੂਪ ਦੇਣ ਦਾ ਜਤਨ ਕੀਤਾ । ਡਾਕਟਰ ਗੋਕਲ ਚੰਦ ਨਾਰੰਗ ਅਨੁਸਾਰ ”ਗੁਰੂ ਨਾਨਕ ਨੇ ਸਮਾਜ ਦਾ ਜਿਹੜਾ ਬੀਜ ਬੀਜਿਆ ਸੀ, ਉਹ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਪਲਕ ਨਿਗਰਾਨੀ ਅਧੀਨ ਖਾਲਸਾ ਸੱਤਾ ਦਾ ਇਕ ਵਿਸ਼ਾਲ ਰੁੱਖ ਬਣ ਗਿਆ ।” ਉੱਤੇ ਤੇ ਸੁੱਚੇ ਸਮਾਜ ਸਿਰਜਨਾ ਦੇ ਸਿਧਾਂਤ ਨੂੰ ਲਾਂਭੇ ਨਹੀਂ ਕੀਤਾ ਗਿਆ, ਸਗੋਂ ਖਾਲਸਫੀ ਸਿਧਾਂਤਾਂ ਨੂੰ ਅੱਗੇ ਤੋਰਣ ਲਈ ਖਾਲਸਾ ਪੰਥ ਦੀ ਸਾਜਣਾ ਹੋਈ, ਪਰ ਅੱਜ ਅਸੀਂ ਮੁੱੜ ਧਰਮ ਦੇ ਭੇਖ ਨੂੰ ਤਾਂ ਅਪਣਾਇਆ ਹੋਇਆ ਹੈ, ਪਰ ਸੱਚੀ ਧਰਮ ਦੀ ਸਾਧਨਾਂ ਤੋਂ ਕੋਹਾਂ ਦੂਰ ਹਾਂ। ਇਹੀ ਕਾਰਨ ਹੈ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਕੌਮ ਰਾਜਸੀ, ਆਰਥਕ ਤੇ ਧਾਰਮਕ ਲੁੱਟ-ਖਸੁੱਟ ਦੀ ਸ਼ਿਕਾਰ ਬਣੀ ਹੋਈ ਹੈ । ਅੱਜ ਲੋੜ ਹੈ ਗੁਰੂ ਦੇ ਮਹਾਨ ਸਿਧਾਂਤਾਂ ਦੀ ਪਾਲਣਾ ਕਰਕੇ ਗੌਰਵਮਈ ਸਿੱਖੀ ਜੀਵਨ ਜੀਵਿਆ ਜਾਏ ।