ਸਰਪੰਚ ਦੀ ਚਿੱਠੀ

ਸਰਪੰਚ ਦੀ ਚਿੱਠੀ

(ਵਿਅੰਗ)
– ਪਿੰਡ ਦੀ ਸੱਥ ਵਿੱਚੋਂ

ਸੱਥ ਕੋਲ ਦੀ ਲੰਘੀ ਜਾਂਦੀ ਵੇਹੜੇ ਵਾਲੇ ਹਰਕੇ ਦੀ ਘਰਵਾਲੀ ਮੈਣਾ ਨੂੰ ਵੇਖ ਕੇ ਬਾਬੇ ਚੰਦ ਸਿਉਂ ਨੇ ਮਾਹਲੇ ਨੰਬਰਦਾਰ ਨੂੰ ਹੌਲੀ ਜਿਹਾ ਬੋਲ ਕੇ ਪੁੱਛਿਆ,
”ਕਿਉਂ ਬਈ ਨੰਬਰਦਾਰਾ! ਆਹ ਹਰਕੇ ਦੀ ਬਹੂ ਸੀ ਕੁ ਕੋਈ ਹੋਰ ਐ?”
ਤਾਸ਼ ਖੇਡੀ ਜਾਂਦਾ ਪੱਤਿਆਂ ਦੇ ਧਿਆਨ ‘ਚ ਸੀਤਾ ਮਰਾਸੀ ਕਹਿੰਦਾ, ”ਉਹੀ ਐ ਬਾਬਾ।”
ਬਾਬਾ ਹੱਸ ਕੇ ਸੀਤੇ ਮਰਾਸੀ ਨੂੰ ਕਹਿੰਦਾ, ”ਤੇਰਾ ਤਾਂ ਧਿਆਨ ਤਾਸ਼ ‘ਚ ਓਏ, ਤੈਨੂੰ ਕਿਮੇਂ ਪਤਾ ਲੱਗ ਗਿਆ ਬਈ ਹਰਕੇ ਦੀ ਬਹੂ ਈ ਐ?”
ਸੀਤਾ ਮਰਾਸੀ ਕਹਿੰਦਾ, ”ਕੱਲ੍ਹ ਦੀ ਤਾਂ ਤੁਰੀ ਫਿਰਦੀ ਐ ਪਿੰਡ ‘ਚ ਔਟਲ਼ੀ ਮੱਝ ਆਂਗੂੰ। ਜਿੰਨੇ ਗੇੜੇ ਆਹ ਪਿੰਡ ‘ਚ ਅਵਾਰਾ ਗਾਈਆਂ ਜੀਆਂ ਲਾਉਂਦੀਐਂ, ਓਨੇ ਈਂ ਇਹਨੇ ਲਾ ‘ਤੇ।”
ਬਾਬਾ ਕਹਿੰਦਾ, ”ਇਹ ਕਿਮੇਂ ਕੱਲ੍ਹ ਦੀ ਰਿਅ੍ਹਾ ਢਾਂਡੀ ਆਂਗੂੰ ਭੱਜੀ ਫਿਰਦੀ ਐ ਫਿਰ?”
ਸੀਤੇ ਮਰਾਸੀ ਨੇ ਫੇਰ ਦਿੱਤਾ ਮੋੜਵਾਂ ਜਵਾਬ, ”ਘੁੱਲੇ ਸਰਪੈਂਚ ਦੇ ਘਰੇ ਗਈ ਐ ਦੋ ਤਿੰਨ ਵਾਰੀ। ਜਾਂਦੀ ਐ ਮੁੜ ਆਉਂਦੀ ਐ, ਗੱਲ ਦਾ ਤਾਂ ਮੈਨੂੰ ਮਨ੍ਹੀ ਪਤਾ।”
ਪਾਲੇ ਕਾ ਚਰਨਾ ਕਹਿੰਦਾ, ”ਸਰਪੈਂਚ ਤਾਂ ਵਿਆਹ ਗਿਆ ਵਿਆ ਰਾਜਸਥਾਨ ‘ਚ।”
ਗੱਲਾਂ ਕਰਦਿਆਂ ਤੋਂ ਏਨੇ ਨੂੰ ਨਾਥਾ ਅਮਲੀ ਵੀ ਸੱਥ ‘ਚ ਆ ਦੜਕਿਆ।
ਅਮਲੀ ਨੂੰ ਵੇਖ ਕੇ ਮਾਹਲਾ ਨੰਬਰਦਾਰ ਕਹਿੰਦਾ, ”ਅਮਲੀ ਨੂੰ ਪੁੱਛ ਲੋ ਸਰਪੈਂਚ ਘਰੇ ਐ ਕੁ ਕਿਤੇ ਗਿਆ ਵਿਆ?”
ਨੰਬਰਦਾਰ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਕਿਉਂ! ਸਰਪੈਂਚ ਨੂੰ ਕੀ ਹੋਇਆ ਵਿਆ? ਜਿਹੜੀ ਗੱਲ ਪੁੱਛਣੀ ਐਂ ਤੁਸੀਂ ਉਹ ਪੁੱਛੋ, ਹੋਰ ਈ ਪਕਾਹ ਦੇ ਟੀਂਡਿਆਂ ‘ਚ ਗਧਾ ਭਜਾਉਣ ਆਲੀ ਗੱਲ ਕਰੀ ਜਾਨੇਂ ਐਂ। ਸਰਪੈਂਚ ਤੋਂ ਗਰਾਂਟ ਲੈਣੀ ਐਂ ਬਈ ਜਿਹੜਾ ਭੇਡਾਂ ਆਲਾ ਪਰਛੱਤਾ ਡਿੱਗ ਪਿਆ।”
ਸੀਤਾ ਮਰਾਸੀ ਕਹਿੰਦਾ, ”ਪਰਛੱਤੇ ਨੇ ਤਾਂ ਕੀ ਡਿੱਗਣਾ ਸੀ, ਤੇਰਾ ਗੁਆਂਢੀ ਐ ਸਰਪੈਂਚ, ਤਾਂ ਪੁੱਛਿਆ ਤੈਨੂੰ। ਹੋਰ ਤਾਂ ਨ੍ਹੀ ਕੋਈ ਗੱਲ।”
ਅਮਲੀ ਕਹਿੰਦਾ, ”ਘਰੇ ਈ ਐ ਸਰਪੈਂਚ ਤਾਂ, ਉਹਨੇ ਕਿੱਥੇ ਜਾਣੈ।”
ਬਾਬਾ ਚੰਦ ਸਿਉਂ ਕਹਿੰਦਾ, ”ਨਾਲੇ ਕਹਿੰਦੇ ਰਾਜਸਥਾਨ ‘ਚ ਵਿਆਹ ਗਿਆ ਵਿਆ।”
ਅਮਲੀ ਕਹਿੰਦਾ, ”ਰਾਜਸਥਾਨ ਨੂੰ ਕਿਤੇ ਪਾਸਪੋਟ ਲੈ ਕੇ ਜਾਣਾ ਪੈਂਦਾ ਬਈ ਸਤਾਰਾਂ ਘੈਂਟਿਆਂ ਦਾ ਸਫਰ ਐ। ਆਹ ਰਾਜਸਥਾਨ ਖੜ੍ਹਾ ਝੂੰਗੇ ਕੀ ਨਿਆਈਂ ਦੇ ਪਰਲੇ ਪਾਸੇ। ਰਾਜਸਥਾਨ ਈ ਵੇਖ ਲਾ ਬੀਕਾਨੇਰ ਬਣਾਇਆ ਪਿਆ ਇਨ੍ਹਾਂ ਨੇ। ਵਿਆਹੋਂ ਤਾਂ ਕਿੱਦੇਂ ਦਾ ਮੁੜਿਆਇਆ। ਤੁਸੀਂ ਗੱਲ ਤਾਂ ਦੱਸੋ ਯਾਰ ਬਈ ਗੱਲ ਕੀ ਐ, ਸਰਪੈਂਚ ਬਾਰੇ ਬਲਾ ਪੁੱਛ ਪੜਤਾਲ ਚੱਲਦੀ ਅੱਜ ਜਿਮੇਂ ਕਿਤੇ ਰਾਜਸਥਾਨ ‘ਚੋਂ ਭੁੱਕੜ ਦੀ ਗੱਡੀ ਲੱਦ ਲਿਆਇਆ ਹੁੰਦੈ। ਕਿਸੇ ਹੋਰ ਦਾ ਤਾਂ ਨ੍ਹੀ ਬੀਂਡਾ ਬਲਾ ‘ਤਾ?”
ਅਮਲੀ ਦੀ ਗੱਲ ਸੁਣ ਕੇ ਸੱਥ’ ਚ ਬੈਠੇ ਸਾਰੇ ਜਾਣੇ ਹੱਸ ਪਏ।
ਨੰਬਰਦਾਰ ਕਹਿੰਦਾ, ”ਇਹਦੇ ‘ਚ ਹੱਸਣ ਆਲੀ ਕਿਹੜੀ ਗੱਲ ਐ ਬਈ।”
ਸੀਤਾ ਮਰਾਸੀ ਕਹਿੰਦਾ, ”ਅਮਲੀ ਦੇ ਬੀਂਡੇ ਆਲੀ ਗੱਲ ਤੋਂ ਹੱਸੇ ਐਂ।”
ਅਮਲੀ ਫੇਰ ਖੜਕਿਆ ਫਰਸ਼ ‘ਤੇ ਡਿੱਗੇ ਪਿੱਤਲ ਦੇ ਪਤੀਲੇ ਵਾਂਗੂੰ, ”ਬੀਂਡਾ ਈ ਐ ਹੋਰ ਕੀ ਐ। ਸਰਪੈਂਚੀ ਕਾਹਦੀ ਦੇ ‘ਤੀ ਇਹਨੂੰ, ਕਦੇ ਕਿਸੇ ਨੂੰ ਫੜਾ ਦਿੰਦਾ ਠਾਣੇ ਕਦੇ ਕਿਸੇ ਨੂੰ। ਫੇਰ ਆਪ ਈ ਛਡਾ ਲਿਆਉਂਦਾ। ਮਗਰੋਂ ਘਰੇ ਮੁਖਤ ਕੰਮ ਕਰਾਉਂਦਾ।”
ਬਾਬੇ ਚੰਦ ਸਿਉਂ ਨੇ ਅਮਲੀ ਨੂੰ ਪੁੱਛਿਆ, ”ਹੁਣ ਕੀਹਦਾ ਬੀਂਡਾ ਬਲਾ ‘ਤਾ ਫਿਰ?”
ਅਮਲੀ ਫੇਰ ਖੜਕਿਆ ਨੰਦ ਬਾਜੀਗਰ ਦੇ ਢੋਲ ਵਾਂਗੂੰ, ”ਆਹ ਹਰਕੇ ਦੀ ਬਹੂ ਨ੍ਹੀ ਵੇਖੀ, ਜਿਹੜੀ ਸਤਾਰਾਂ ਗੇੜੇ ਮਾਰ ਆਈ ਐ ਸਰਪੈਂਚ ਦੇ ਘਰੇ, ਬਈ ਹਰਕੇ ਨੂੰ ਠਾਣੇ ਆਲੇ ਫੜ੍ਹਕੇ ਲੈ ਗੇ। ਸਰਪੈਂਚ ਨੂੰ ਕਹਿੰਦੀ ‘ਤੁਸੀਂ ਚਿੱਠੀ ‘ਤੇ ਦੋ ਅੱਖਰ ਪਾ ਦਿਓ, ਠਾਣੇ ਆਲੇ ਛੱਡ ਦੇਣਗੇ, ਕਿਤੇ ਐਮੇਂ ਨਾ ਕੁੱਟ ਸਿੱਟਣ’।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਫੇਰ ਪਾ ‘ਤੇ ਸਰਪੈਂਚ ਨੇ ਦੋ ਅੱਖਰ ਕੁ ਹਮੀਰ ਕੇ ਢੇਡੀ ਆਲੀ ਕੀਤੀ?”
ਅਮਲੀ ਕਹਿੰਦਾ, ”ਢੇਡੀ ਤਾਂ ਹਜੇ ਬਚ ਈ ਗਿਆ ਸੀ, ਪਰ ਹਰਕੇ ਦੇ ਤਾਂ ਪੁਲਸ ਨੇ ਪੱਤਰੇ ਫਰੋਲ ‘ਤੇ।”
ਸੀਤਾ ਮਰਾਸੀ ਕਹਿੰਦਾ, ”ਉਹ ਕਿਮੇਂ ਅਮਲੀਆ?”
ਅਮਲੀ ਕਹਿੰਦਾ, ”ਪੁਲਸ ਨੇ ਕੁੱਟ ਕੁੱਟ ਮੋਰ ਬਣਾ ਕੇ ਛੱਡਿਆ। ਹੁਣ ਰੇਤਾ ਤੱਤਾ ਤੱਤਾ ਕਰ ਕਰ ਸੇਕ ਈ ਦੇਈ ਜਾਂਦਾ ਕੱਲ੍ਹ ਦਾ।”
ਸੀਤਾ ਮਰਾਸੀ ਹੈਰਾਨੀ ਨਾਲ ਟਿੱਚਰ ‘ਚ ਬੋਲਿਆ, ”ਐਨੇ ਮਹਿੰਗੇ ਰੇਤੇ ਦਾ ਸੇਕ। ਰੇਤਾ ਤਾਂ ਸਰਕਾਰ ਭਰਨ ਈਂ ਨ੍ਹੀ ਦਿੰਦੀ ਕਿਤੋਂ, ਉਹ ਕਿੱਥੋਂ ਲਿਆਇਆ?”
ਅਮਲੀ ਕਹਿੰਦਾ, ”ਉਹਨੇ ਗਾਹਾਂ ਚਬਾਰਾ ਛੱਤਣਾ ਸੀ। ਮੁੱਠੀ ਰੇਤਾ ਚਾਹੀਦਾ ਸੀ ਸੇਕ ਦੇਣ ਨੂੰ। ਬਜਵਾੜਾਂ ਆਲੇ ਰਾਹ ‘ਚੋਂ ਲੈ ਆਇਆ ਹੋਣਾ ਮੁੱਠੀ ਦੋ ਮੁੱਠੀਆਂ। ਹੋਰ ਈ ਗੱਲਾਂ ਕਰਦੇ ਐਂ ਯਾਰ। ਬਾਹਲ਼ੀ ਖਿੱਲੀ ‘ਡਾਉਂਨੇ ਐਂ ਜੀਹਦੇ ਮਗਰ ਪੈ ਜੋਂ।”
ਬਾਬੇ ਚੰਦ ਨੇ ਅਮਲੀ ਨੂੰ ਪੁੱਛਿਆ, ”ਪੁਲਸ ਨੇ ਛੱਡ ‘ਤਾ ਫਿਰ ਨਾਥਾ ਸਿਆਂ ਕੁ ਹਜੇ ਠਾਣੇ ਈਂ ਐਂ?”
ਅਮਲੀ ਬਾਬੇ ਨੂੰ ਲੇਹੇ ਵਾਂਗੂੰ ਚਿੰਬੜਿਆ, ”ਤੁੰ ਵੀ ਬਾਬਾ ਕਮਾਲ ਦਾ ਈ ਬੰਦਾ। ਜੇ ਪੁਲਸ ਨੇ ਛੱਡ ‘ਤਾ, ਤਾਂ ਈਂ ਘਰੇ ਆਇਆ। ਉਹ ਤਾਂ ਕੱਲ੍ਹ ਈ ਆ ਗਿਆ ਸੀ ਘਰੇ ਰਾਤ ਨੇਰ੍ਹੇ ਹੋਏ।”
ਬਾਬਾ ਕਹਿੰਦਾ, ”ਹੁਣ ਫਿਰ ਓਹਦੀ ਬਹੂ ਕਾਹਤੋਂ ਗੇੜੇ ਮਾਰੀ ਜਾਂਦੀ ਐ ਸਰਪੈਂਚ ਦੇ ਘਰੇ?”
ਮਾਹਲਾ ਨੰਬਰਦਾਰ ਕਹਿੰਦਾ, ”ਮਠਿਆਈ ਦਾ ਫਲਾਫਾ ਦੇਣ ਗਈ ਹੋਣੀ ਐਂ ਬਈ ਸਰਪੈਂਚ ਨੇ ਮੇਰਾ ਬੰਦਾ ਛਡਾ ‘ਤਾ, ਹੋਰ ਗਈ ਸੀ ਨਿਉਂਦਾ ਪਾਉਣ।”
ਨੰਬਰਦਾਰ ਦੀ ਗੱਲ ਸੁਣ ਕੇ ਅਮਲੀ ਨੰਬਰਦਾਰ ਨੂੰ ਵੀ ਭੂਸਰੀ ਢਾਂਡੀ ਵਾਂਗੂ ਪੈ ਗਿਆ, ”ਮਠਿਆਈ ਦੇ ਫਲਾਫੇ ਨੂੰ ਗਾਹਾਂ ਮੁੰਡੇ ਦੀ ਰੋਪਣਾ ਪੈ ਕੇ ਹਟੀ ਐ।”
ਨੰਬਰਦਾਰ ਨੇ ਪੁੱਛਿਆ, ”ਹੋਰ ਫਿਰ ਕੀ ਕਰਨ ਗਈ ਸੀ? ਛੱਡ ਤਾਂ ਹਰਕੇ ਨੂੰ ਕੱਲ੍ਹ ਈ ਦਿੱਤਾ ਸੀ, ਅੱਜ ਕੀ ਚਿੱਠੀ ਮੋੜਣ ਗਈ ਜਿਹੜੀ ਸਰਪੈਂਚ ਨੇ ਲਿਖ ਕੇ ਦਿੱਤੀ ਸੀ ਠਾਣੇ ਆਲਿਆਂ ਨੂੰ।”
ਅਮਲੀ ਕਹਿੰਦਾ, ”ਸਰਪੈਂਚ ਨੂੰ ਦੱਖੂ ਦਾਣੇ ਦੇਣ ਗਈ ਸੀ, ਬਈ ਤੂੰ ਚਿੱਠੀ ਕੀ ਲਿਖ ਕੇ ਦਿੱਤਾ ਸੀ, ਉਨ੍ਹਾਂ ਢਹਿ ਜਾਣਿਆਂ ਨੇ ਵੇਖ ਤਾਂ ਸਹੀ ਕੁੱਟ ਕੁੱਟ ਕੀ ਹਾਲ ਕੀਤਾ।”
ਬਾਬਾ ਚੰਦ ਸਿਉਂ ਅਮਲੀ ਨੂੰ ਕਹਿੰਦਾ, ”ਤੂੰ ਗੱਲ ਤਾਂ ਦੱਸ ਬਈ ਅਸਲ ਗੱਲ ਕੀ ਹੋਈ ਐ?”
ਅਮਲੀ ਕਹਿੰਦਾ, ”ਠਾਣੇ ਆਲੇ ਕਿਤੇ ਹਰਕੇ ਨੂੰ ਸ਼ਰਾਬ ‘ਚ ਫੜ੍ਹ ਕੇ ਲੈ ਗੇ ਬਈ ਤੂੰ ਘਰ ਦੀ ਸ਼ਰਾਬ ਕੱਢਦੈਂ। ਹਰਕੇ ਦੀ ਬਹੂ ਪ੍ਰਤਾਪੇ ਬਿੰਬਰ ਕੋਲੇ ਜਾ ਵੜੀ ਬਈ ਹਰਕੇ ਨੂੰ ਚਪਾਹੀ ਫੜ੍ਹ ਕੇ ਲੈ ਗੇ। ਪ੍ਰਤਾਪੇ ਬਿੰਬਰ ਨੇ ਉਹਨੂੰ ਸਰਪੈਂਚ ਕੋਲ ਭੇਜ ‘ਤਾ। ਕਹਿੰਦਾ ‘ਸਰਪੈਚ ਦਾ ਲਿਹਾਜੀ ਐ ਠਾਣੇਦਾਰ’। ਉਹ ਭਾਈ ਸਰਪੈਂਚ ਕੋਲ ਜਾ ਵੜੀ। ਸਰਪੈਂਚ ਨੂੰ ਕਹਿੰਦੀ, ‘ਦੇਖ ਲੋ ਸਰਦਾਰ ਜੀ! ਅੱਜ ਫੇਰ ਚਪਾਹੀ ਟਿੱਡੂ ਦੇ ਭਾਪੇ ਨੂੰ ਫੜ੍ਹ ਕੇ ਲੈ ਗੇ। ਤੁਸੀਂ ਚਿੱਠੀ ਚੀਰਾ ਕਰ ਦਿਓ ਠਾਣੇਦਾਰ ਨੂੰ ਬਈ ਮੈਣਾਂ ਆਉਂਦੀ ਐ ਇਹਦੇ ਬੰਦੇ ਨੂੰ ਛੱਡ ਦਿਉ’। ਸਰਪੈਂਚ ਨੇ ਚਿੱਠੀ ‘ਤੇ ਚਾਰ ਅੱਖਰ ਪਾ ਕੇ ਫਲਾਫੇ ‘ਚ ਵਲ੍ਹੇਟ ਕੇ ਫੜਾ ‘ਤੀ, ਕਹਿੰਦਾ ‘ਲੈ ਠਾਣੇ ਜਾ ਕੇ ਠਾਣੇਦਾਰ ਨੂੰ ਈਂ ਫੜ੍ਹਾਈਂ, ਹੋਰ ਨਾ ਕਿਸੇ ਨੂੰ ਦਖਾਦੀਂ, ਐਮੇਂ ਕਿਤੇ ਕੋਈ ਪਾੜ ਪੂੜ ਨਾ ਦੇਵੇ’। ਮੈਣਾਂ ਨੇ ਬਾਬਾ ਚਿੱਠੀ ਬੰਨ੍ਹੀ ਚੁੰਨੀ ਦੇ ਲੜ, ਟੈਂਪੂ ‘ਤੇ ਚੜ੍ਹ ਕੇ ਠਾਣੇ ਵੱਜੀ। ਠਾਣੇਦਾਰ ਨੂੰ ਜਾ ਫੜਾਈ ਚਿੱਠੀ। ਕਹਿੰਦੀ ਮੈਨੂੰ ਸਰਪੈਂਚ ਸਾਹਬ ਨੇ ਚਿੱਠੀ ਦਿੱਤੀ ਐ, ਮੇਰਾ ਬੰਦਾ ਤੁਸੀਂ ਫੜ੍ਹ ਕੇ ਲਿਆਂਦਾ, ਉਹਨੂੰ ਲੈਣ ਆਈ ਆਂ ਮੈਂ। ਠਾਣੇਦਾਰ ਨੇ ਬਾਬਾ ਚਿੱਠੀ ਫੜ੍ਹ ਕੇ ਮੇਚ ‘ਤੇ ਰੱਖ ਕੇ ਢਾਹ ਲਿਆ ਹਰਕਾ। ਕੁੱਟ ਕੁੱਟ ਕੇ ਫੁੱਲ ਅਰਗਾ ਬਣਾ ‘ਤਾ। ਫੇਰ ਜਦੋਂ ਚਿੱਠੀ ਪੜ੍ਹੀ, ਠਾਣੇਦਾਰ ਮੈਣਾਂ ਨੂੰ ਕਹਿੰਦਾ, ‘ਚਿੱਠੀ ‘ਚ ਪਤਾ ਕੀ ਲਿਖਿਆ ਸਰਪੈਂਚ ਨੇ’। ਮੈਣਾ ਨੇ ਪੁੱਛਿਆ ‘ਕੀ ਲਿਖਿਆ’? ਠਾਣੇਦਾਰ ਕਹਿੰਦਾ ‘ਇਹਦੇ ‘ਚ ਇਉਂ ਲਿਖਿਆ ਸਰਪੈਂਚ ਨੇ, ਬਈ ਇਹ ਹਰਕਾ ਬਦਮਾਸ਼ ਬੰਦੈ, ਨਾਲੇ ਸਿਰੇ ਦਾ ਚੋਰ ਐ, ਇਹਦੇ ਚੰਗੀ ਦੁੜਮੜੀ ਲਾਉ, ਫੇਰ ਛੱਡਿਓ’। ਜਦੋਂ ਠਾਣੇਦਾਰ ਨੇ ਚਿੱਠੀ ਪੜ੍ਹ ਕੇ ਸੁਣਾਈ ਤਾਂ ਮੈਣਾ ਨੇ ਵੀਹ ਗਾਲਾਂ ਕੱਢੀਆਂ ਸਰਪੈਂਚ ਨੂੰ ਠਾਣੇਦਾਰ ਦੇ ਬੈਠਿਆਂ। ਗੱਲ ਤਾਂ ਬਾਬਾ ਇਉਂ ਹੋਈ ਐ। ਤੁਸੀਂ ਹੁਣ ਭਾਮੇਂ ਜੋ ਮਰਜੀ ਕਹੀ ਜਾਵੋ।”
ਗੱਲ ਸੁਣ ਕੇ ਸੀਤੇ ਮਰਾਸੀ ਨੇ ਪੁੱਛਿਆ, ”ਓਦੂੰ ਬਾਅਦ ਨ੍ਹੀ ਫਿਰ ਮਿਲਿਆ ਸਰਪੈਂਚ ਮੈਣਾ ਨੂੰ?”
ਅਮਲੀ ਕਹਿੰਦਾ, ”ਹਜੇ ਤੱਕ ਤਾਂ ਮਿਲਿਆ ਨ੍ਹੀ, ਜਿੱਦੇਂ ਮਿਲ ਗਿਆ, ਵੇਖੀਂ ਸਰਪੈਂਚ ਆਲੀਆਂ ਚਰੜ ਭੂੰਡੀਆਂ ਕੱਢਦੀ। ਜੇ ਘੋਰਕੰਡੇ ਈ ਨਾ ਪਾਈ ਗਿਆ ਤਾਂ ਕਹਿੰਦੀਂ।”
ਮਾਹਲਾ ਨੰਬਰਦਾਰ ਕਹਿੰਦਾ, ”ਆਵਦੇ ਘਰ ਦੀ ਤਾਂ ਸਰਪੈਂਚੀ ਹੋਈ ਨ੍ਹੀ ਘੁੱਲੇ ਤੋਂ, ਦੂਜਿਆਂ ਨਾਲ ਧਿੰਗੋ ਜੋਰੀ ਕਰਦਾ।”
ਨਾਥਾ ਅਮਲੀ ਨੰਬਰਦਾਰ ਨੂੰ ਕਹਿੰਦਾ, ”ਨੰਬਰਦਾਰਾ! ਰਬੜ ਦੇ ‘ਗੂਠੇ ਆਲੀ ਕੀ ਗੱਲ ਸੀ ਸਰਪੈਂਚ ਦੀ, ਜਦੋਂ ਆਵਦੇ ਮੁੰਡੇ ਨਾਲ ਲੜ ਪਿਆ ਸੀ।”
ਨੰਬਰਦਾਰ ਕਹਿੰਦਾ, ”ਇਹਦਾ ਸਰਪੈਂਚ ਦੇ ਹੱਥ ਦਾ ਖੱਬਾ ‘ਗੂੱਠਾ ਵੱਢਿਆ ਵਿਆ। ਇਹ ਜੈਪੁਰੋਂ ਰਬੜ ਦਾ ‘ਗੂੱਠਾ ਲੁਆ ਕੇ ਲਿਆਇਆ ਵਿਆ। ਇਹਦਾ ਛੋਟਾ ਮੁੰਡਾ ਬਾਵਾ ਕਹਿੰਦਾ ‘ਬਾਪੂ ਮੈਨੂੰ ਪੈਸੇ ਦੇ, ਮੈਂ ਤਾਂ ਭਿਟਭਿਟੀਆ ਲੈਣਾ। ਇਹ ਪੈਸੇ ਦੇਵੇ ਨਾ। ਮੁੰਡੇ ਨੇ ਕੀ ਕੀਤਾ, ਇੱਕ ਦਿਨ ਸਰਪੈਂਚ ਦਾ ਸ਼ਰਾਬੀ ਹੋਏ ਦਾ ਰਬੜ ਆਲਾ ‘ਗੂੱਠਾ ਲਾਹ ਕੇ ਕੋਰੇ ਕਾਗਜ ‘ਤੇ ਲਾ ਕੇ, ਆੜ੍ਹਤੀਏ ਨੂੰ ਚਿੱਠੀ ਬਣਾ ਲੀ। ਚਿੱਠੀ ‘ਚ ਲਿਖ ਲਿਆ ਬਈ ਬਾਵੇ ਨੂੰ ਦਸ ਹਜਾਰ ਰਪੀਆ ਦੇ ਦੇਈਂ। ਥੱਲੇ ਜੇ ਕਰਕੇ ਲਾ ਲਿਆ ‘ਗੂੱਠਾ। ਚਿੱਠੀ ਤਾਂ ਬਣਾ ਲੀ ਬਾਵੇ ਨੇ, ‘ਗੂੱਠਾ ਦਬਾਰੇ ਫਿੱਟ ਕਰਨਾ ਭੁੱਲ ਗਿਆ। ਜਦੋਂ ਤੜਕੇ ਨੂੰ ਸਰਪੈਂਚ ਉੱਠਿਆ, ਓਹਨੇ ਵੇਖਿਆ ਬਈ ਮੇਰਾ ‘ਗੂੱਠਾ ਕਿੱਧਰ ਗਿਆ। ਜਦੋਂ ਸਰਪੈਂਚ ਨੇ ਏਧਰ ਓਧਰ ਵੇਖਿਆ ਤਾਂ ਮੁੰਡੇ ਦੀਆਂ ਕਤਾਬਾਂ ਕੋਲੋਂ ਥਿਆ ਗਿਆ। ਬੱਸ ਫੇਰ! ਪੈ ਗਿਆ ਘਰੇ ਕਲੇਸ, ਪਿਓ ਕਹੇ ਮੇਰਾ ‘ਗੂੱਠਾ ਇਹਨੇ ਲਾਹਿਆ, ਪੁੱਤ ਕਹੇ ਮੈਨੂੰ ਤਾਂ ਡਿੱਗਿਆ ਪਿਆ ਥਿਆਇਆ। ਸੁਰਜਨ ਕੇ ਬੱਗੇ ਨੇ ਮਸਾਂ ਚੁੱਪ ਕਰਾਏ ਪਿਉ ਪੁੱਤ। ਇਉਂ ਰਬੜ ਦੇ ਗੂੱਠੇ ਨੇ ਕੀਤੀ।”
ਬਾਬੇ ਚੰਦ ਸਿਉਂ ਨੇ ਪੁੱਛਿਆ, ”ਹੁਣ ਲੱਗਿਆ ਵਿਆ ਰਬੜ ਆਲਾ ‘ਗੂੱਠਾ ਕੁ ਮੁੰਡੇ ਨੇ ਦਿੱਤਾ ਈ ਨ੍ਹੀ ਬਈ ਫੇਰ ਕਿਤੇ ਕੰਮ ਲੈ ਲਾਂ ਗੇ।”
ਨਾਥਾ ਅਮਲੀ ਕਹਿੰਦਾ, ”ਕਲੇਸ ਤੋਂ ਡਰਦੇ ਨੇ ਹਾਰ ਕੇ ‘ਗੂੱਠਾ ਲਾਹ ਕੇ ਖੂਹ ‘ਚ ਈ ਸਿੱਟ ‘ਤਾ ਬਈ ਫੇਰ ਜੱਭ ਖੜ੍ਹਾ ਕਰੂਗਾ।”
ਏਨੇ ਚਿਰ ਨੂੰ ਪਿੰਡ ‘ਚ ਪੁਲਿਸ ਨੇ ਸ਼ਰਾਬ ਵੇਚਣ ਆਲਿਆਂ ‘ਤੇ ਛਾਪਾ ਮਾਰ ਲਿਆ। ਜਦੋਂ ਸੱਥ ‘ਚ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਰੇ ਜਾਣੇ ਪੁਲਿਸ ਦੇ ਡਰੋਂ ਸੱਥ ‘ਚੋਂ ਉੱਠਕੇ ਘਰ ਨੂੰ ਤੁਰ ਗਏ ਬਈ ਕਿਤੇ ਪੁਲਿਸ ਉਨ੍ਹਾਂ ਨੂੰ ਨਾ ਪੁੱਛ ਲਵੇ ਕਿ ਪਿੰਡ ‘ਚ ਕੌਣ ਕੌਣ ਸ਼ਰਾਬ ਕੱਢਦੇ ਐ?
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113