ਰੁਝਾਨ ਖ਼ਬਰਾਂ

ਅਧੂਰੀ ਸਵੈ ਗਾਥਾ

ਵਿਧ ਮਾਤਾ ਛੱਡੇ ਜਾਂ ਕੰਨ ਮੇਰੇ,
ਧਰਤੀ ਵੱਲ ਮੈਂ ਤੁਰਤ ਪਧਾਰਿਆ ਸੀ ।
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ,
ਆ ਕੇ ਅਸੀਂ ਅਵਤਾਰ ਆ ਧਾਰਿਆ ਸੀ ।
ਆਖੇ ਪਿੰਡ ਦਾ ਚੌਧਰੀ ਪਤਨੀ ਨੂੰ,
ਆਪਾਂ ਹੁਣੇ ਛੰਗਵਾ ਲਈਏ ਸੋਟੀਆਂ ਜੀ ।
‘ਪਾਲੀ’ ਆਪਣੇ ਨੇ ਜਨਮ ਲੈ ਲਿਆ,
ਆਪਾਂ ਲੈ ਲੀਏ ਹੋਰ ਦੋ ਝੋਟੀਆਂ ਜੀ ।
‘ਲਾਲੀ’ ਆਪਣੇ ਦੀ ਘਸੀ ਪੈਂਟ ਦੇ ਕੇ,
ਸਾਨੂੰ ਇਹਦੀ ਦੀਵਾਲੀ ਬਣਾਉਣੀਂ ਪੈਣੀ ।
ਦੇਸੀ ਟੱਟੂ ਦੁੱਲਤੜੇ ਖ਼ੁਰਾਸਾਨੀ,
ਇਹ ਵੀ ਜੱਗ ਨੂੰ ਝਾਕੀ ਦਿਖਾਉਣੀ ਪੈਣੀ ।
ਮੈਨੂੰ ਸੁਰਤ ਦਾ ਜ਼ਰਾ ਸੀ ਸੇਕ ਲੱਗਾ,
ਸੇਠ ਮੇਰੇ ਤੇ ਅੱਖ ਟਿਕਾਉਣ ਲੱਗਾ ।
ਭਾਵੇਂ ਛੋਟਾ ਪਰ ਬੜਾ ਹੀ ਚੁਰਚੁਰਾ ਹੈ,
ਮੱਝਾਂ ਕਿਤੇ ਨੀ ਇਹ ਗੰਵਾਉਣ ਲੱਗਾ ।
ਮੇਰੇ ਦੁਖੀਏ ਬਾਪ ਦੀ ਸੋਚ ਬੁੱਢੀ,
ਝੇਪ ਵਿੱਚ ਆ ਕੇ ਹਾਂਅ ਕਰ ਦਿੱਤੀ
ਆਪਣੇ ਕਰਜ਼ੇ ਦਾ ਸਮਝ ਕੇ ਸੂਦ ਮੈਨੂੰ,
ਵੱਲ ਸੇਠ ਦੇ ਮੇਰੀ ਬਾਂਹ ਕਰ ਦਿੱਤੀ ।
‘ਸੰਤ ਰਾਮ ਉਦਾਸੀ’