Copyright © 2019 - ਪੰਜਾਬੀ ਹੇਰਿਟੇਜ
ਕਸ਼ਮੀਰੀ ਵਿਦਿਆਰਥੀਆਂ ‘ਤੇ ਦਹਿਸ਼ਤ ਬਣ ਕੇ ਵਰ੍ਹਿਆ ਪੁਲਵਾਮਾ ਹਮਲਾ

ਕਸ਼ਮੀਰੀ ਵਿਦਿਆਰਥੀਆਂ ‘ਤੇ ਦਹਿਸ਼ਤ ਬਣ ਕੇ ਵਰ੍ਹਿਆ ਪੁਲਵਾਮਾ ਹਮਲਾ

ਪੰਜਾਬੀਆਂ ਨੇ ਵਿਦਿਆਰਥੀਆਂ ਲਈ ਆਪਣੇ ਦਰ ਖੋਲ੍ਹੇ

ਚੰਡੀਗੜ੍ਹ: ਜੰਮੂ ਕਸ਼ਮੀਰ ਵਿਚ ਸੀ.ਆਰ.ਪੀ.ਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਅਤੇ ਕੁਝ ਕੱਟੜ ਹਿੰਦੂ ਜਥੇਬੰਦੀਆਂ ਨੇ ਦੇਸ਼ ਭਗਤੀ ਦੇ ਨਾਮ ਉਤੇ ਜਿਸ ਤਰ੍ਹਾਂ ਦਾ ਹੌਲਾਪਣ ਦਿਖਾਇਆ, ਉਸ ਉਤੇ ਵੱਡੇ ਪੱਧਰ ਉਤੇ ਸਵਾਲ ਉਠ ਰਹੇ ਹਨ। ਹਮਲੇ ਤੋਂ ਬਾਅਦ ਇਕ ਖਤਰਨਾਕ ਰੁਝਾਨ ਤਹਿਤ ਵੱਖ-ਵੱਖ ਥਾਂਵਾਂ ‘ਤੇ ਕਸ਼ਮੀਰੀਆਂ, ਖਾਸ ਕਰਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਂਜ, ਇਸ ਮਸਲੇ ‘ਤੇ ਪੰਜਾਬੀ ਏਕਤਾ ਪਾਰਟੀ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵੱਖਰਾ ਪੈਂਤੜਾ ਮੱਲਣ ਕਾਰਨ ਹਿੰਦੂਵਾਦੀਆਂ ਜਥੇਬੰਦੀਆਂ ਅਤੇ ਕੁਝ ਅਕਾਲੀ ਆਗੂ ਇਨ੍ਹਾਂ ਦੀ ਨੁਕਤਾਚੀਨੀ ਕਰ ਰਹੇ ਹਨ।
ਦੇਹਰਾਦੂਨ ਅਤੇ ਹੋਰ ਸ਼ਹਿਰਾਂ ਵਿਚ ਹਿੰਦੂਵਾਦੀਆਂ ਦੀਆਂ ਸ਼ਿਸ਼ਕੇਰੀਆਂ ਹੋਈਆਂ ਭੀੜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ, ਵਿਦਿਆਰਥੀ ਸਹਿਮ ਤੇ ਡਰ ਦੇ ਮਾਹੌਲ ਕਾਰਨ ਆਪਣੇ ਕਮਰਿਆਂ ਵਿਚ ਡੱਕੇ ਰਹੇ। ਕੁਝ ਥਾਂਵਾਂ ‘ਤੇ ਜਥੇਬੰਦੀਆਂ ਨੇ ਮਕਾਨ ਮਾਲਕਾਂ ਨੂੰ ਇਹ ਧਮਕੀਆਂ ਦਿੱਤੀਆਂ ਕਿ ਉਹ ਕਿਰਾਏ ‘ਤੇ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਘਰਾਂ ਵਿਚੋਂ ਕੱਢ ਦੇਣ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕੁਝ ਮਕਾਨ ਮਾਲਕਾਂ ਨੇ ਖੁਦ ਹੀ ਕਸ਼ਮੀਰੀ ਕਿਰਾਏਦਾਰਾਂ ਨੂੰ ਘਰ ਛੱਡ ਦੇਣ ਲਈ ਕਹਿ ਦਿੱਤਾ। ਇਸ ਮੌਕੇ ਖੌਫ਼ਜ਼ਦਾ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਹੀ ਇਹ ਸੁਰੱਖਿਅਤ ਟਿਕਾਣਾ ਲੱਗਾ ਤੇ ਦੇਸ਼ ਭਰ ਵਿਚੋਂ ਵੱਡੀ ਗਿਣਤੀ ਵਿਦਿਆਰਥੀ ਮੋਹਾਲੀ ਤੇ ਨੇੜਲੇ ਸ਼ਹਿਰਾਂ ਵਿਚ ਇਕੱਠੇ ਹੋਏ। ਪੰਜਾਬੀ ਲੋਕਾਂ ਨੇ ਬਿਪਤਾ ਮਾਰੇ ਵਿਦਿਆਰਥੀਆਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਤੇ ਆਪਣੇ ਘਰਾਂ ਵਿਚ ਆਸਰਾ ਦਿੱਤਾ। ਵੱਡੀ ਗਿਣਤੀ ਵਿਦਿਆਰਥੀਆਂ ਨੇ ਗੁਰੂ ਘਰਾਂ ਵਿਚ ਸ਼ਰਨ ਲਈ ਹੈ। ਪੰਜਾਬ ਦੀਆਂ ਵੱਡੀ ਗਿਣਤੀ ਸਮਾਜ ਸੇਵੀ ਸੰਸਥਾਵਾਂ ਵੀ ਕਸ਼ਮੀਰੀਆਂ ਦੀ ਮਦਦ ਲਈ ਅੱਗੇ ਆਈਆਂ ਹਨ ਤੇ ਇਕ ਬੰਦੇ ਦੀ ਕਾਰਵਾਈ ਦੀ ਸਜ਼ਾ ਸਾਰੇ ਕਸ਼ਮੀਰੀਆਂ ਨੂੰ ਦੇਣ ਦੀ ਨਿੰਦਾ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ 1984 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨਾਲ ਵੀ ਇਹੀ ਕੁਝ ਹੋਇਆ ਸੀ। ਪੂਰੀ ਕੌਮ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਦੋਸ਼ੀ ਠਹਿਰਾ ਕੇ ਪੂਰੇ ਦੇਸ਼ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਸ ਵਕਤ ਪੁਲਿਸ ਅਤੇ ਸਿਆਸੀ ਆਗੂ ਵੀ ਉਸ ਸਮੇਂ ਭੀੜ ਨੂੰ ਸ਼ਹਿ ਦਿੰਦੇ ਰਹੇ। ਇਸ ਵਾਰ ਵੀ ਹਾਲਾਤ ਜਿਆਦਾ ਵੱਖਰੇ ਨਹੀਂ ਹਨ ਪਰ ਪੰਜਾਬੀ ਲੋਕਾਂ ਦੀ ਦਰਿਆਦਿਲੀ ਕਾਰਨ ਬੇਕਸੂਰ ਕਸ਼ਮੀਰੀਆਂ ਦਾ ਬਚਾਅ ਹੋ ਗਿਆ। ਹੁਣ ਪੰਜਾਬ ਸਰਕਾਰ ਸ਼ਰਨ ਲਈ ਬੈਠੇ ਕਸ਼ਮੀਰੀਆਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਅੱਗੇ ਆਈ ਹੈ ਅਤੇ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਹਨ।
ਮਾਰਚ 2015 ਵਿਚ ਜੰਮੂ ਕਸ਼ਮੀਰ ਵਿਚ ਬੀ.ਜੇ.ਪੀ. ਤੇ ਪੀ.ਡੀ.ਪੀ. ਦੀ ਸਾਂਝੀ ਸਰਕਾਰ ਹੋਂਦ ਵਿਚ ਆਈ। ਇਹ ਗੱਠਜੋੜ ਭਾਵੇਂ ਅਨਜੋੜ ਤੇ ਬੇਢੱਬਾ ਸੀ, ਫਿਰ ਵੀ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਦਹਾਕਿਆਂ ਤੋਂ ਸੁਲਗ ਰਹੀ ਸਮੱਸਿਆ ਦਾ ਕੋਈ ਹੱਲ ਨਿਕਲ ਆਏਗਾ, ਪਰ ਹੋਇਆ ਇਸ ਦੇ ਉਲਟ। ਸਿੱਟੇ ਵਜੋਂ ਲੋਕਾਂ ਤੇ ਸੁਰੱਖਿਆ ਦਲਾਂ ਵਿਚ ਦੂਰੀਆਂ ਵਧੀਆਂ ਅਤੇ ਲਗਾਤਾਰ ਹੁੰਦੇ ਪਥਰਾਓ ਰੋਕਣ ਲਈ ਸੁਰੱਖਿਆ ਬਲਾਂ ਨੇ ਛਰ੍ਹਿਆਂ ਦੀ ਵਰਤੋਂ ਕੀਤੀ ਜਿਸ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਨਜ਼ਰ ਜਾਂਦੀ ਰਹੀ ਤੇ ਨਫਰਤ ਦੀ ਭਾਵਨਾ ਵਧਦੀ ਰਹੀ। ਇਸ ਵੇਲੇ ਕਸ਼ਮੀਰੀਆਂ ਅੰਦਰ ਬੇਗਾਨਗੀ ਦੀ ਭਾਵਨਾ ਹੱਦੋਂ ਵੱਧ ਹੈ।

ਕਸ਼ਮੀਰੀ ਵਿਦਿਆਰਥੀਆਂ ਨੂੰ ਮਦਦ ਦੇਣ ਨਾਲ ਸਿੱਖ ਕੌਮ ਦਾ ਦੁਨੀਆਂ ‘ਚ ਹੋਰ ਵਧਿਆ ਮਾਣ

ਸਿੱਖ ਕੌਮ ਇਕ ਅਜਿਹੀ ਕੌਮ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾਂ ਮਜ਼ਲੂਮਾਂ ਦੀ ਬਾਂਹ ਫੜ ਸਹਾਰਾ ਦੇਣ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਦਾ ਸੰਦੇਸ਼ ਦਿੱਤਾ ਹੈ ਜਿਸ ‘ਤੇ ਪਹਿਰਾ ਦੇਣਾ ਸਾਡੀ ਜਿੰਮੇਂਵਾਰੀ ਹੈ। ਗੁਰੂ ਸਾਹਿਬ ਦੇ ਇਸ ਸਿਧਾਂਤ ਅਨੂਸਾਰ ਹੀ ਇਨਾਂ ਪੀੜਤ ਕਸ਼ਮੀਰੀ ਵਿਦਿਆਰਥੀਆਂ ਨੂੰ ਸ਼ਰਨ ਦੇ ਕੇ ਅਤੇ ਸਹੀ ਸਲਾਮਤ ਉਨਾਂ ਨੂੰ ਪਰਿਵਾਰਾਂ ਵਿਚ ਭੇਜ ਆਪਣੀ ਜਿੰਮੇਂਵਾਰੀ ਨੂੰ ਨਿਭਾਉਣ ਦਾ ਨਾਨਕ ਨਾਮ ਲੇਵਾ ਸੰਗਤ ਨੇ ਨਿਮਾਣਾ ਉਪਰਾਲਾ ਕੀਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂਦੁਆਰਾ ਸਾਚਾ ਧਨੁ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਮੀਡੀਆ ਨਾਲ ਗੱਲ ਕਰਦਿਆਂ ਕੀਤਾ। ਉਨਾਂ ਕਿਹਾ ਬੀਤੇ ਦਿਨੀ ਪੁਲਵਾਮਾ ਵਿੱਚ ਸੀ ਆਰ ਪੀ ਐਫ ਦੇ ਜਵਾਨਾ ਦੀ ਬੱਸ ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਦੇਹਰਾਦੂਨ ਅਤੇ ਮੁਲਾਨਾ ਵਿਚ ਕਸ਼ਮੀਰੀ ਵਿਦਿਆਰਥੀਆਂ ਨਾਲ ਬਹੁਤ ਮਾੜਾ ਵਿਵਹਾਰ ਕੀਤੇ ਜਾਣਾ ਅਤੀ ਨਿੰਦਣਯੋਗ ਹੈ। ਉਨਾਂ ਕਿਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਚ ਪੈਂਦੇ ਪਿੰਡ ਸੋਹਾਣਾ ਦੇ ਗੁਰੂਦੁਆਰਾ ਸਿੰਘ ਸ਼ਹੀਦਾਂ ਵਿਚ ਸ਼ਰਨ ਦਿੱਤੀ ਹੋਈ ਸੀ ਜਿੱਥੇ ਜਗਾ ਘੱਟ ਜਾਣ ਕਾਰਨ ਗੁਰੂਦੁਆਰਾ ਸਾਚਾ ਧਨੁ ਸਾਹਿਬ ਵਿਚ ਕਰੀਬ 125 ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਖ਼ਾਲਸਾ ਏਡ ਵਲੋਂ ਪਹੁੰਚਾਇਆ ਗਿਆ। ਜਿੱਥੇ ਰਹਿਣ ਤੋਂ ਇਲਾਵਾ ਗੁਰੂ ਕੇ ਲੰਗਰ ਛਕਾਇਆ ਗਿਆ। ਇਸ ਮੌਕੇ ਮੋਜੂਦ ਸ. ਅਮਰਿੰਦਰ ਸਿੰਘ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਪਹਿਲੇ ਦਿਨ ਇਹ ਵਿਦਿਆਰਥੀ ਬਹੁਤ ਘਬਰਾਏ ਹੋਏ ਸਨ। ਪਰ ਜਦੋਂ ਇਨਾਂ ਨੂੰ ਸਥਾਨਕ ਸਿੱਖ ਸੰਗਤ ਵਲੋਂ ਮਦਦ ਦਿੱਤੀ ਜਾਣ ਲੱਗੀ ਤਾਂ ਇਨਾਂ ਨੂੰ ਹੋਂਸਲਾ ਹੋ ਗਿਆ ਜਿਨਾਂ ਨੂੰ ਪਹਿਲੀ ਰਾਤ ਦੋ ਟੈਂਪੂ ਟਰੈਵਲਰਾਂ ਰਾਹੀਂ ਜੰਮੂ ਕਸ਼ਮੀਰ ਆਪਣੇ ਪਰਿਵਾਰ ਕੋਲ ਭੇਜਿਆ ਗਿਆ। ਦੂਜੇ ਦਿਨ 18 ਫਰਵਰੀ ਨੂੰ ਖ਼ਾਲਸਾ ਏਡ ਵਲੋਂ ਰਾਤ ਸਮੇਂ 7 ਟੈਂਪੂ ਟਰੈਵਲਰਾਂ ਰਾਹੀਂ ਪੁਲਿਸ ਸੁਰਖਿਆ ਦੇ ਨਾਲ ਭੇਜਿਆ ਗਿਆ ਅਤੇ ਫਿਰ ਦੇਹਰਾਦੂਨ ਤੋਂ ਲਗਭਗ ਸਵਾ ਸੌ ਵਿਦਿਆਰਥੀਆਂ ਤੇ ਵਿਦਿਆਰਥਾਂ ਨੂੰ ਗੁ. ਸਾਚਾ ਧਨੁ ਸਾਹਿਬ ਵਿਖੇ ਲਿਆਂਦਾ ਗਿਆ ਜਿੱਥੋਂ ਬਾਅਦ ਦੁਪਹਿਰ ਉਨਾਂ ਨੂੰ ਪੁਲਿਸ ਸੁਰਖਿਆ ਹੇਠ ਜੰਮੂ ਕਸ਼ਮੀਰ ਰਵਾਨਾ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਪਹਿਰੇਦਾਰ ਨੇ ਹਮੇਸ਼ਾਂ ਦੀ ਤਰਾਂ ਇਸ ਮੌਕੇ ਵੀ ਆਪਣੀ ਜਿੰਮੇਂਵਾਰੀ ਬਾਖੂਬੀ ਨਿਭਾਈ ਜੋ ਸ਼ਲਾਘਾਯੋਗ ਹੈ। ਜੰਮੂ ਅਤੇ ਕਸ਼ਮੀਰ ਸਟੂਡੈਂਟਸ ਆਰਗੇਨਾਈਜੇਸ਼ਨ ਪ੍ਰਧਾਨ ਖ਼ਵਾਜਾ ਇਤੱਰਤ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਸੰਸੰਥਾ ਵਲੋਂ ਅਤੇ ਕਸ਼ਮੀਰੀ ਭਾਈਚਾਰੇ ਧੰਨਵਾਦ ਕਰਦੇ ਹਨ ਕਿ ਸਿੱਖ ਭਾਈਚਾਰੇ ਨੇ ਉਨਾਂ ਨੂੰ ਬਹੁਤ ਸਹਾਰਾ ਦਿੱਤਾ ਜਿਸ ਲਈ ਸਮੂਚੇ ਕਸ਼ਮੀਰ ਵਾਸੀਆਂ ਦੇ ਮਨਾਂ ਵਿਚ ਸਿੱਖ ਭਾਈਚਾਰੇ ਲਈ ਮਾਣ ਬਣ ਗਿਆ ਹੈ।