Copyright & copy; 2019 ਪੰਜਾਬ ਟਾਈਮਜ਼, All Right Reserved
ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਗ੍ਰੀਨਲੈਂਡ ਵੇਚਣ ਤੋਂ ਕੀਤੀ ਨਾਂਹ, ਟਰੰਪ ਨੇ ਦੌਰਾ ਰੱਦ ਕੀਤਾ

ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਗ੍ਰੀਨਲੈਂਡ ਵੇਚਣ ਤੋਂ ਕੀਤੀ ਨਾਂਹ, ਟਰੰਪ ਨੇ ਦੌਰਾ ਰੱਦ ਕੀਤਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਨਮਾਰਕ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਟਰੰਪ ਨੇ ਇਹ ਫੈਸਲਾ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੇਡਰਿਕਸਨ ਵੱਲੋਂ ਗ੍ਰੀਨਲੈਂਡ ਨੂੰ ਵੇਚਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ। ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਟਰੰਪ ਦੇ ਗ੍ਰੀਨਲੈਂਡ ਖਰੀਦਣ ਦੀ ਇੱਛਾ ਨੂੰ ਬਕਵਾਸ ਵਿਚਾਰ ਦੱਸਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਇਕ ਟਵੀਟ ‘ਚ ਆਖਿਆ ਕਿ ਡੈਨਮਾਰਕ ਦੀ ਪ੍ਰਧਾਨ ਮੰਤਰੀ ਨੂੰ ਗ੍ਰੀਨਲੈਂਡ ਵੇਚਣ ‘ਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਉਨ੍ਹਾਂ ਨੇ ਡੈਨਿਸ਼ ਪੀ. ਐੱਮ. ਨਾਲ ਮੁਲਾਕਾਤ ਰੱਦ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਟਰੰਪ ਦੇ ਗ੍ਰੀਨਲੈਂਡ ਖਰੀਦਣ ਦੇ ਪ੍ਰਸਤਾਵ ਦੀ ਕਾਫੀ ਨਿੰਦਾ ਹੋ ਰਹੀ ਹੈ। ਸਥਾਨਕ ਲੋਕ ਇਸ ਨੂੰ ਸਨਕ ਨਾਲ ਭਰਿਆ ਪ੍ਰਸਤਾਵ ਦੱਸ ਰਹੇ ਹਨ। ਇਸ ਤੋਂ ਪਹਿਲਾਂ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨੇ ਕਿਹਾ ਸੀ ਕਿ ਗ੍ਰੀਨਲੈਂਡ ਡੈਨਮਾਰਕ ਦੀ ਜਾਇਦਾਦ ਨਹੀਂ ਇਸ ਲਈ ਉਹ ਉਸ ਨੂੰ ਵੇਚ ਨਹੀਂ ਸਕਦੀ। ਉਨ੍ਹਾਂ ਕਿਹਾ ਸੀ ਕਿ ਗ੍ਰੀਨਲੈਂਡ ਦੇ ਲੋਕਾਂ ਦਾ ਹੈ, ਮੈਂ ਉਮੀਦ ਕਰਦੀ ਹਾਂ ਕਿ ਇਸ ਨੂੰ ਖਰੀਦਣ ਦੇ ਪ੍ਰਸਤਾਵ ‘ਚ ਕੋਈ ਗੰਭੀਰਤਾ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਗ੍ਰੀਨਲੈਂਡ ਡੈਨਮਾਰਕ ਦਾ ਇਕ ਖੁਦਮੁਖਤਿਆਰੀ ਖੇਤਰ ਹੈ। ਇਸ ਟਾਪੂ ‘ਤੇ ਕਾਫੀ ਘੱਟ ਆਬਾਦੀ ਨਿਵਾਸ ਕਰਦੀ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਗ੍ਰੀਨਲੈਂਡ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਅਮਰੀਕਾ ਨੇ ਗ੍ਰੀਨਲੈਂਡ ਅਤੇ ਅਲਾਸਕਾ ਦੀ ਅਦਲਾ-ਬਦਲੀ ਦਾ ਪ੍ਰਸਤਾਵ ਦਿੱਤਾ ਸੀ। ਪ੍ਰਸਤਾਵ ਖਾਰਿਜ ਹੋਣ ਤੋਂ ਬਾਅਦ ਉਸ ਨੇ 1946 ‘ਚ 100 ਮਿਲੀਅਨ ਡਾਲਰ ‘ਚ ਗ੍ਰੀਨਲੈਂਡ ਨੂੰ ਖਰੀਦਣ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਇਹ ਡੀਲ ਸਿਰਫ ਇਕ ਏਅਰਬੇਸ ਦੀ ਦੇਖ-ਰੇਖ ਦੇ ਸਮਝੌਤੇ ਤੱਕ ਹੀ ਪਹੁੰਚ ਸਕੀ।