Copyright © 2019 - ਪੰਜਾਬੀ ਹੇਰਿਟੇਜ
ਟੈਕਸਾਸ ਸੂਬੇ ਦੀ ਹੈਰਿਸ ਕਾਊਂਟੀ ‘ਚ ਅੰਮ੍ਰਿਤ ਸਿੰਘ ਬਣਿਆ ਪਹਿਲਾ ਸਿੱਖ ਡਿਪਟੀ ਕਾਂਸਟੇਬਲ

ਟੈਕਸਾਸ ਸੂਬੇ ਦੀ ਹੈਰਿਸ ਕਾਊਂਟੀ ‘ਚ ਅੰਮ੍ਰਿਤ ਸਿੰਘ ਬਣਿਆ ਪਹਿਲਾ ਸਿੱਖ ਡਿਪਟੀ ਕਾਂਸਟੇਬਲ

ਟੈਕਸਾਸ : ਸਿੱਖਾਂ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਵੱਖਰੀ ਪਛਾਣ ਸਮੇਤ ਸਫ਼ਲਤਾ ਦੇ ਝੰਡੇ ਗੱਡੇ ਹਨ। ਉਥੇ ਇਕ ਤਾਜ਼ਾ ਮਾਮਲਾ ਅਮਰੀਕਾ ਦੇ ਸੂਬੇ ਟੈਕਸਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਟੈਕਸਾਸ ਸੂਬੇ ਦੇ ਹੋਸਟਨ ਸ਼ਹਿਰ ਦੀ ਹੈਰਿਸ ਕਾਊਂਟੀ ਵਿੱਚ ‘ਪ੍ਰਿਜ਼ਾਈਂਟ ਵਨ ਕਾਂਸਟੇਬਲ ਆਫਿਸ’ ਵਿੱਚ ਅੰਮ੍ਰਿਤ ਸਿੰਘ ਨਾਂ ਦਾ ਇਕ ਨੌਜਵਾਨ ਪਹਿਲਾ ਸਿੱਖ ਡਿਪਟੀ ਕਾਂਸਟੇਬਲ ਬਣ ਗਿਆ ਹੈ। ਅੰਮ੍ਰਿਤ ਸਿੰਘ ਨੇ ਆਪਣੇ ਪਰਿਵਾਰ, ਦੋਸਤਾਂ, ਸਕੇ-ਸਾਕ ਸਬੰਧੀਆਂ ਅਤੇ ਸਿੱਖ ਭਾਈਚਾਰੇ ਦੇ ਹੋਰਨਾਂ ਮੈਂਬਰਾਂ ਦੇ ਸਾਹਮਣੇ ਆਪਣੇ ਅਹੁਦੇ ਦੀ ਸਹੁੰ ਚੁੱਕੀ।
ਅੰਮ੍ਰਿਤ ਸਿੰਘ ਦਾ ਸਹੁੰ ਚੁੱਕ ਸਮਾਗਮ ਇੱਕ ਨਵੀਂ ਨੀਤੀ ਤਹਿਤ ਹੋਇਆ, ਜੋ ਸਾਰੇ ਲਾਅ ਇਨਫੋਰਸਮੈਂਟ ਆਫਿਸਰਜ਼ ਨੂੰ ਇਹ ਮਨਜ਼ੂਰੀ ਦਿੰਦੀ ਹੈ ਕਿ ਉਹ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ ਸਜਾ ਸਕਦੇ ਹਨ। ਜਿਵੇਂ ਕਿ ਸਿੱਖ ਭਾਈਚਾਰੇ ਦੇ ਲੋਕ ਦਾੜ੍ਹੀ ਰੱਖਣ ਦੇ ਨਾਲ-ਨਾਲ ਦਸਤਾਰ ਸਜਾ ਕੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ।ਇਸ ਤਰਾਂ 20 ਸਾਲਾ ਅੰਮ੍ਰਿਤ ਸਿੰਘ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਏਗਾ ਅਤੇ ਵਿਭਾਗ ਦੀਆਂ ਉਮੀਦਾਂ ‘ਤੇ ਖ਼ਰਾ ਉਤਰਨ ਦਾ ਯਤਨ ਕਰੇਗਾ। ਅੰਮ੍ਰਿਤ ਨੇ ਕਿਹਾ ਕਿ ਕਾਂਸਟੇਬਲ ਰੋਜ਼ਨ ਦਾ ਉਹ ਖਾਸ ਤੌਰ ‘ਤੇ ਧੰਨਵਾਦੀ ਹੈ, ਜਿਸ ਨੇ ਵਿਭਾਗ ਵਿੱਚ ਆਉਣ ਲਈ ਉਸ ਨੂੰ ਖੁੱਲੇ ਦਿਲ ਨਾਲ ਸੱਦਾ ਦਿੱਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਕਾਂਸਟੇਬਲ ਰੋਜ਼ਨ ਨੇ ਕਿਹਾ ਕਿ ‘ਪ੍ਰਿਜ਼ਾਈਂਟ ਵਨ ਕਾਂਸਟੇਬਲ ਆਫਿਸ’ ਹਰ ਇੱਕ ਭਾਈਚਾਰੇ ਦੇ ਲੋਕਾਂ ਦਾ ਆਦਰ ਸਤਿਕਾਰ ਕਰਦਾ ਹੈ। ਇੱਥੇ ਰੰਗ ਜਾਂ ਨਸਲ ਦੇ ਆਧਾਰ ‘ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਅੱਜ ਦਾ ਦਿਨ ਖੁਸ਼ੀ ਤੇ ਮਾਣ ਨਾਲ ਭਰਿਆ ਹੈ, ਕਿਉਂਕਿ ਟੈਕਸਾਸ ਵਿੱਚ ਸਭ ਤੋਂ ਪਹਿਲੇ ਸਿੱਖ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਮਗਰੋਂ ਹੁਣ ਮੁੜ ਇਸ ਵਿਭਾਗ ਚ’ ਇੱਕ ਦਸਤਾਰਧਾਰੀ ਸਿੱਖ ਸਾਮਲ ਹੋਇਆ ਹੈ।