Copyright © 2019 - ਪੰਜਾਬੀ ਹੇਰਿਟੇਜ
ਪ੍ਰਸਿੱਧ ਨਾਵਲਕਾਰ ਇੰਦਰ ਸਿੰਘ ਖ਼ਾਮੋਸ਼ ਦਾ ਦੇਹਾਂਤ

ਪ੍ਰਸਿੱਧ ਨਾਵਲਕਾਰ ਇੰਦਰ ਸਿੰਘ ਖ਼ਾਮੋਸ਼ ਦਾ ਦੇਹਾਂਤ

23 ਨਵੰਬਰ 1931 ਜ਼ਿਲ੍ਹਾ ਸੰਗਰੂਰ ਦੇ ਪਿੰਡ ਹਰੀਕੇ ਵਿਚ ਜਨਮੇ ਇੰਦਰ ਸਿੰਘ ਨੇ ਨਾਮ ਨਾਲ ‘ਧਾਲੀਵਾਲ’ ਲਾਉਣ ਦੀ ਥਾਂ ਕਵੀ ਬਿਰਤੀ ਹੋਣ ਕਰਕੇ ‘ਖ਼ਾਮੋਸ਼’ ਤਖ਼ੱਲਸ ਲਾ ਲਿਆ ਸੀ। ਉਸ ਨੇ ਆਪਣੇ ਨਾਮ ਦੀ ਲਾਜ ਰੱਖੀ। ਉਹ ਆਪ ਖ਼ਾਮੋਸ਼ ਰਿਹਾ ਪਰ ਉਸਦੀ ਕਲਮ ਦਾ ਨਾਦ ਪਹਾੜੀ ਝਰਨੇ ਵਾਂਗ ਲਗਾਤਾਰ ਸਾਹਿਤਕ ਫ਼ਜ਼ਾ ਵਿਚ ਗੂੰਜਦਾ ਰਹੇਗਾ। ਅਧਿਆਪਕ ਵਰਗੇ ਸਤਿਕਾਰਿਤ ਖੇਤਰ ਨਾਲ ਜੁੜੇ ਰਹੇ, ਅੰਗਰੇਜ਼ੀ ਤੇ ਪੰਜਾਬੀ ਦੀ ਐਮ. ਏ. ਇੰਦਰ ਸਿੰਘ ਖ਼ਾਮੋਸ਼ ਨੇ ‘ਰਿਸ਼ਤਿਆਂ ਦੇ ਰੰਗ’, ‘ਚਾਨਣ ਦਾ ਜੰਗਲ਼’, ‘ਇਕ ਤਾਜ ਮਹਿਲ ਹੋਰ’, ‘ਬੁੱਕਲ ਦਾ ਰਿਸ਼ਤਾ’, ‘ਕਰਜ਼ਈ ਸੁਪਨੇ’ ਨਾਵਲਾਂ ਦੀ ਰਚਨਾ ਕੀਤੀ। ‘ਤੱਤਾ ਲਹੂ-ਠੰਢਾ ਲਹੂ’ ਕਹਾਣੀ-ਸੰਗ੍ਰਹਿ ਪੰਜਾਬੀ ਪਾਠਕਾਂ ਨੂੰ ਦਿੱਤਾ। ‘ਦਿਲ ਦੇ ਬੋਲ′, ਧੜਕਦੇ ਬੋਲ’ ਅਤੇ ‘ਗਾਉਂਦੇ ਬੋਲ’ ਕਾਵਿ-ਸੰਗ੍ਰਹਿ ਰਚੇ। ਇੰਦਰ ਸਿੰਘ ਖ਼ਾਮੋਸ਼ ਨੇ ਵਿਦੇਸ਼ੀ ਲੇਖਕਾਂ ਦੇ ਜੀਵਨ ਬਾਰੇ ਨਾਵਲ ਲਿਖਣ ਦੀ ਪਿਰਤ ਪਾਈ। ਇਹਨਾਂ ਵਿਚ ‘ਕਾਫ਼ਰ ਮਸੀਹਾ’ (ਤਾਲਸਤਾਏ), ‘ਕੁਠਾਲੀ ਪਿਆ ਸੋਨਾ’ (ਦੋਸਤੋਵਸਤਕੀ), ‘ਹੁਸਨ-ਪ੍ਰਸਤ’ (ਪੁਸ਼ਕਿਨ), ‘ਆਦਰਸ਼ਾਂ ਦਾ ਵਣਜਾਰਾ’ (ਗੋਗੋਲ), ‘ਬੁੱਤ ਸ਼ਿਕਨ’ (ਵਾਲਟੇਅਰ), ‘ਲਟ-ਲਟ ਲਾਟ ਬਲ਼ੇ’ (ਵਿਕਟਰ ਹਿਊਗੋ) ਅਤੇ ‘ਸਮੁੰਦਰੀ ਕਬੂਤਰੀ’ (ਚੈਖ਼ੋਵ) ਪਾਠਕਾਂ ਦੀ ਨਜ਼ਰ ਕੀਤੇ। ‘ਇਨਕਲਾਬ ਜ਼ਿੰਦਾਬਾਦ’ ਉਸ ਦਾ ਫ਼ਰਾਂਸ ਦੇ ਇਨਕਲਾਬ ਬਾਰੇ ਲਿਖਿਆ ਨਾਵਲ ਹੈ।
ਹੈਮਿੰਗਵੇ ਬਾਰੇ ਲਿਖੇ ਆਖ਼ਰੀ ਨਾਵਲ, ਜਿਸ ਦਾ ਨਾਮ ਸ਼ਾਇਦ ‘ਤਾਰੂ ਸੱਤ ਪੱਤਣਾ ਦਾ’ ਹੈ, ਦੀ ਉਹ ਬੇਸਬਰੀ ਨਾਲ਼ ਉਡੀਕ ਕਰ ਰਿਹਾ ਸੀ। 1500 ਸਫ਼ੇ ਦੇ ਹੱਥ ਲਿਖਤ ਨਾਵਲ ਨੂੰ ਉਸ ਨੇ ਤਿੰਨ ਵਾਰ ਸੋਧਿਆ। ਛਪਾਈ ਵਿਚ ਇਹ 700 ਸੌ ਸਫ਼ੇ ਦੇ ਕਰੀਬ ਬਣਦਾ ਹੈ।
ਇਸ ਨੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵੀ ਕੀਤਾ। ‘ਵਾਰਡ ਨੰ. 6’ (ਚੈਖ਼ੋਵ ਦਾ ਨਾਵਲ), ‘ਚੈਖ਼ੋਵ ਦੀਆਂ ਪ੍ਰਤੀਨਿਧ ਕਹਾਣੀਆਂ’, ‘ਚਿੱਠੀਆਂ ਬੋਲਦੀਆਂ’ (ਪ੍ਰਸਿੱਧ ਰੂਸੀ ਲੇਖਕਾਂ ਦੀਆਂ ਚਿੱਠੀਆਂ), ‘ਅਗਨ ਗੀਤ’ (ਤਾਲਸਤਾਏ ਦਾ ਨਾਵਲਿਟ), ‘ਚਾਨਣੀਆਂ ਪੈੜਾਂ’ (ਤਿਖੋਵ ਸਾਈਮੁਸ਼ਕਿਨ ਦਾ ਨਾਵਲ), ‘ਪ੍ਰੇਤ ਆਤਮਾ, ਪੁਨਰ ਜਨਮ ਅਤੇ ਕਸਰਾਂ (ਡਾ. ਟੀ ਇਬਰਾਹੀਮ ਕਾਵੂਰ), ‘ਕਰਾਮਾਤਾਂ ਦਾ ਪਰਦਾ ਫ਼ਾਸ਼’ (ਡਾ. ਟੀ ਇਬਰਾਹੀਮ ਕਾਵੂਰ), ਇੰਗਰਸੋਲ ਦੇ ਅਨਮੋਲ ਬਚਨ (ਤਰਕਸ਼ੀਲ ਲੇਖਕ ਇੰਗਰਸੋਲ) ਜ਼ਿਕਰਯੋਗ ਹਨ।
ਪੰਜਾਬੀ ਤੋਂ ਅੰਗਰੇਜ਼ੀ ਵਿਚ ਬਲਦੇਵ ਸਿੰਘ ਧਾਲੀਵਾਲ ਦੀਆਂ 16 ਕਹਾਣੀ ਦਾ ਅਨੁਵਾਦ Burnig Soil ਅਧੀਨ ਕੀਤਾ।
ਉਸ ਦਾ ਨਾਵਲ ‘ਕਰਜ਼ਈ ਸੁਪਨੇ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ON THE TRAILS OF FIRE ਦੇ ਨਾਮ ਹੇਠ ਪ੍ਰਕਾਸ਼ਿਤ ਹੋਇਆ।
ਅਸੀਂ ਮਹੀਨੇ ਵਿਚ ਦੋ-ਤਿੰਨ ਵਾਰ ਗੱਲ ਕਰਦੇ। ਸਾਡੀ ਗੱਲਬਾਤ ਕਦੇ ਵੀ ਸਾਹਿਤ ਦੇ ਖੇਤਰ ‘ਚੋਂ ਬਾਹਰ ਨਾ ਜਾਂਦੀ। ਉਹ ਅਕਸਰ ਆਖਦਾ- ‘ਸੋਹਲ! ਤੇਰੇ ਨਾਲ਼ ਗੱਲ ਕਰ ਕੇ ਮੇਰਾ ਕਿੱਲੋ ਲਹੂ ਵਧ ਜਾਂਦੈ। ਤੇਰੇ ਹੌਸਲੇ ਨਾਲ਼ ਹੀ ਮੈਂ ਹੈਮਿੰਗਵੇ ਵਾਲ਼ਾ ਨਾਵਲ ਪੂਰਾ ਕਰ ਲਿਆ। ਤੇਰਾ ਸਿਰਨਾਵਾਂ ਆਪਣੇ ਭਾਣਜੇ ਨੂੰ ਭੇਜ ਦਿੱਤਾ। ਜਦੋਂ ਨਾਵਲ ਮਿਲਿਆ ਲੇਖ ਤੂੰ ਲਿਖਣਾ।’
ਅਫ਼ਸੋਸ! ਉਹ ਏਨੀ ਸਖ਼ਤ ਮਿਹਨਤ ਕਰ ਕੇ ਲਿਖਿਆ ਨਾਵਲ ਕਿਤਾਬੀ ਰੂਪ ‘ਚ ਦੇਖ ਨਹੀਂ ਸਕਿਆ।