Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ਐੱਮ.ਪੀ. ਦੀ ਤੁਲਸੀ ਗਬਾਰਡ ਨੇ ਹਿਲੇਰੀ ‘ਤੇ ਕੀਤਾ ਮਾਣਹਾਨੀ ਦਾ ਕੇਸ

ਅਮਰੀਕਾ ਐੱਮ.ਪੀ. ਦੀ ਤੁਲਸੀ ਗਬਾਰਡ ਨੇ ਹਿਲੇਰੀ ‘ਤੇ ਕੀਤਾ ਮਾਣਹਾਨੀ ਦਾ ਕੇਸ

ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਐੱਮਪੀ ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ‘ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ। ਗਬਾਰਡ ਨੇ ਹਿਲੇਰੀ ‘ਤੇ ਉਨ੍ਹਾਂ ਦੀ ਸਾਖ ਖ਼ਰਾਬ ਕਰਨ ਲਈ ਪੰਜ ਕਰੋੜ ਡਾਲਰ (ਕਰੀਬ 350 ਕਰੋੜ ਰੁਪਏ) ਦੇ ਹਰਜਾਨੇ ਦੀ ਮੰਗ ਕੀਤੀ ਹੈ। ਡੈਮੋਕ੍ਰੇਟ ਐੱਮਪੀ ਨੇ ਦੋਸ਼ ਲਗਾਇਆ ਕਿ ਹਿਲੇਰੀ ਨੇ ਇਹ ਕਹਿ ਕੇ ਉਨ੍ਹਾਂ ਦੀ ਸਾਖ ਨੂੰ ਧੁੰਦਲਾ ਕੀਤਾ ਹੈ ਕਿ ਉਹ 2020 ਦੀ ਰਾਸ਼ਟਰਪਤੀ ਚੋਣ ਵਿਚ ਰੂਸ ਦੀ ਪਸੰਦ ਹਨ। ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਗਬਾਰਡ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਪਾਉਣ ਦੀ ਦੌੜ ਵਿਚ ਸ਼ਾਮਲ ਹੈ। ਹਿਲੇਰੀ 2016 ਦੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮਾਣਹਾਨੀ ਦਾ ਇਹ ਮੁਕੱਦਮਾ ਬੁੱਧਵਾਰ ਨੂੰ ਨਿਊਯਾਰਕ ਦੀ ਅਦਾਲਤ ਵਿਚ ਦਾਇਰ ਕੀਤਾ ਗਿਆ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਮੈਂਬਰ ਗਬਾਰਡ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਹਿਲੇਰੀ ਦਾ ਮੈਨੂੰ ਰੂਸੀ ਸੰਪਤੀ ਕਹਿਣ ਦਾ ਇਰਾਦਾ ਮੇਰੀ ਸਾਖ ਖ਼ਰਾਬ ਕਰਨਾ ਅਤੇ ਰਾਸ਼ਟਰਪਤੀ ਅਹੁਦੇ ਲਈ ਮੇਰੀ ਮੁਹਿੰਮ ਨੂੰ ਪਟੜੀ ਤੋਂ ਉਤਾਰਣਾ ਹੈ। 72 ਸਾਲਾ ਹਿਲੇਰੀ ਨੇ ਪਿਛਲੇ ਸਾਲ ਅਕਤੂਬਰ ਵਿਚ ਇਕ ਇੰਟਰਵਿਊ ‘ਚ ਗਬਾਰਡ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਰਿਪਬਲਿਕਨ ਪਾਰਟੀ ਇਕ ਡੈਮੋਕ੍ਰੇਟਿਕ ਉਮੀਦਵਾਰ ਨੂੰ ਤੀਜੇ ਦਲ ਦੇ ਉਮੀਦਵਾਰ ਵਜੋਂ ਤਿਆਰ ਕਰ ਰਹੀ ਹੈ। ਉਹ ਰੂਸੀਆਂ ਦੀ ਪਸੰਦ ਹੈ।