Copyright © 2019 - ਪੰਜਾਬੀ ਹੇਰਿਟੇਜ
ਕੈਨੇਡਾ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਫੰਗਲ ਸੁਪਰਬੱਗ

ਕੈਨੇਡਾ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਫੰਗਲ ਸੁਪਰਬੱਗ

ਓਟਵਾ : ਕੈਨੇਡਾ ਦੇ ਡਾਕਟਰਾਂ ਨੇ ਕੈਨੇਡਾ ਵਾਸੀਆਂ ਨੂੰ ਇੱਕ ਅਜਿਹੇ ਫੰਗਲ ਸੁਪਰਬੱਗ ਤੋਂ ਸਾਵਧਾਨ ਹੋਣ ਲਈ ਕਿਹਾ ਹੈ ਕਿ ਜਿਸ ਤੇ ਕਈ ਦਵਾਈਆਂ ਵੀ ਅਸਰ ਨਹੀਂ ਕਰਦੀਆਂ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਫੰਗਲ ਸੁਪਰਬੱਗ ਪੂਰੇ ਕੈਨੇਡਾ ‘ਚ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਡਾਕਟਰਾਂ ਵਲੋਂ ਉਨ੍ਹਾਂ ਮਰੀਜ਼ਾਂ ਅਤੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਨ ਲਈ ਕਿਹਾ ਹੈ ਜੋ ਕਿ ਪਹਿਲਾਂ ਹੀ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫੰਗਲ ਸੁਪਰਬੱਗ ਦੀ ਪਹਿਚਾਨ 10 ਸਾਲ ਪਹਿਲਾਂ ਜਪਾਨ ‘ਚ ਕੀਤੀ ਗਈ ਸੀ। ਫੰਗਸ ਕੈਂਡੀਡਾ ਆਰੀਸ ਜਾਂ ਸੀ.ਆਰੀਸ ਹੁਣ 17 ਦੇਸ਼ਾਂ ਵਿੱਚ ਮੌਜੂਦ ਹੈ ਤੇ ਕੈਨੇਡਾ ਵੀ ਇਨ੍ਹਾਂ ਵਿੱਚੋਂ ਇੱਕ ਦੇਸ਼ ਹੈ। ਇਸ ਨੂੰ ਪਬਲਿਕ ਹੈਲਥ ਲਈ ਖਤਰਾ ਵੀ ਦੱਸਿਆ ਗਿਆ ਹੈ ਕਿਉਂਕਿ ਇਹ ਚਮੜੀ ਦੇ ਕਿਸੇ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ। ਇਸ ਦੀ ਪਛਾਣ ਕਰਨੀ ਵੀ ਔਖੀ ਹੈ, ਇਸ ਉੱਤੇ ਬਹੁਤੀਆਂ ਐਂਟੀ ਫੰਗਲ ਦਵਾਈਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਇਸ ਤੋਂ ਛੁਟਕਾਰਾ ਵੀ ਅਸਾਨੀ ਨਾਲ ਨਹੀਂ ਮਿਲਦਾ।
ਸਿਨਾਇ ਹੈਲਥ ਸਿਸਟਮ ਦੇ ਮੈਡੀਕਲ ਡਾਇਰੈਕਟਰ ਆਫ ਇਨਫੈਕਸ਼ਨ ਕੰਟਰੋਲ ਡਾ. ਐਲੀਸਨ ਮੈਗੀਅਰ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਿਸੇ ਨੇ ਇਸ ਦੀ ਕੋਈ ਬਹੁਤੀ ਪਰਵਾਹ ਨਹੀਂ ਸੀ ਕੀਤੀ ਕਿਉਂਕਿ ਸਾਨੂੰ ਲੱਗਿਆ ਕਿ ਇਹ ਬਹੁਤ ਹੀ ਸਾਧਾਰਨ ਹੈ ਤੇ ਸਾਡੇ ਕੋਲ ਇਸ ਦੇ ਇਲਾਜ ਲਈ ਥੋੜ੍ਹੀਆਂ ਜਿਹੀਆਂ ਦਵਾਈਆਂ ਸਨ ਜਿਨ੍ਹਾਂ ਨੂੰ ਅਸੀਂ ਕਾਫੀ ਮੰਨ ਰਹੇ ਸੀ। ਪਰ ਇਸ ਉੱਤੇ ਬਹੁਤੀਆਂ ਦਵਾਈਆਂ ਦਾ ਅਸਰ ਨਾ ਹੁੰਦਾ ਵੇਖ ਕੇ ਸਾਡੀ ਪਰੇਸ਼ਾਨੀ ਵਧੀ। ਦੱਸਣਯੋਗ ਹੈ ਕਿ ਇਸ ਸਬੰਧੀ ਹੁਣ ਤੱਕ ਕੈਨੇਡਾ ਵਿੱਚ ਇਸ ਦੇ 19 ਮਾਮਲੇ ਸਾਹਮਣੇ ਆ ਚੁੱਕੇ ਹਨ।