Copyright & copy; 2019 ਪੰਜਾਬ ਟਾਈਮਜ਼, All Right Reserved
ਭਾਰਤ ‘ਚ ਫਿਰ ਮੋਦੀ ਸਰਕਾਰ ਦਾ ਰਾਜ

ਭਾਰਤ ‘ਚ ਫਿਰ ਮੋਦੀ ਸਰਕਾਰ ਦਾ ਰਾਜ

ਪੰਜਾਬ ‘ਚ ਕਾਂਗਰਸ ਨੂੰ ਮਿਲੀਆਂ  8 ਸੀਟਾਂ, ਅਕਾਲੀ-ਭਾਜਪਾ ਨੂੰ 2-2 ਅਤੇ ਆਪ ਨੂੰ ਇੱਕ ਸੀਟ ‘ਤੇ ਮਿਲੀ ਜਿੱਤ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ ‘ਪ੍ਰਚੰਡ ਮੋਦੀ ਲਹਿਰ’ ‘ਤੇ ਸਵਾਰ ਹੋ ਕੇ ਭਾਰਤੀ ਜਨਤਾ ਪਾਰਟੀ ਇਤਿਹਾਸ ਰਚਦਿਆਂ ਇਕ ਵਾਰ ਫਿਰ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋ ਗਈ ਹੈ। ਇਨ੍ਹਾਂ ਚੋਣਾਂ ਨੇ 68 ਸਾਲਾ ਦਾਮੋਦਰ ਦਾਸ ਨਰਿੰਦਰ ਮੋਦੀ ਨੂੰ ਦਹਾਕਿਆਂ ਦਾ ਸੱਭ ਤੋਂ ਮਕਬੂਲ ਆਗੂ ਬਦਾ ਦਿਤਾ ਹੈ।ਚੋਣ ਕਮਿਸ਼ਨ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਕਾਂਗਰਸ ਦੇ 50 ਸੀਟਾਂ ਤਕ ਹੀ ਸਿਮਟ ਜਾਣ ਦੇ ਆਸਾਰ ਹਨ। ਸ਼ਾਮ ਛੇ ਵਜੇ ਤਕ ਭਾਜਪਾ ਨੇ ਕੁਲ 542 ਵਿਚੋਂ 26 ਸੀਟਾਂ ਜਿੱਤ ਲਈਆਂ ਅਤੇ 278 ਸੀਟਾਂ ‘ਤੇ ਅੱਗੇ ਹੈ ਜਦਕਿ ਕਾਂਗਰਸ ਨੇ ਸਿਰਫ਼ ਸੱਤ ਸੀਟਾਂ ਜਿੱਤੀਆਂ ਅਤੇ 43 ‘ਤੇ ਅੱਗੇ ਹੈ। ਬਾਕੀ ਪਾਰਟੀਆਂ 98 ਸੀਟਾਂ ‘ਤੇ ਅੱਗੇ ਹਨ। ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। 2014 ਵਿਚ ਭਾਜਪਾ ਨੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਜਿੱਤੀਆਂ ਸਨ ਜਦਕਿ ਇਸ ਵਾਰ ਉਹ ਅਪਣੇ ਦਮ ‘ਤੇ 300 ਦਾ ਅੰਕੜਾ ਪਾਰ ਕਰ ਗਈ। ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ 2014 ਦੀਆਂ 336 ਸੀਟਾਂ ਦੇ ਮੁਕਾਬਲੇ 344 ਸੀਟਾਂ ‘ਤੇ ਕਾਬਜ਼ ਹੁੰਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਨੇ ਭਾਜਪਾ ਵਿਰੁਧ ਧਰੁਵੀਕਰਨ ਅਤੇ ਫੁੱਟ-ਪਾਊ ਰਾਜਨੀਤੀ ਦੇ ਦੋਸ਼ ਲਾਉਂਦਿਆਂ ਹਮਲੇ ਕੀਤੇ।
ਮਾਹਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਹਰਾ ‘ਚੌਕੀਦਾਰ ਚੋਰ ਹੈ’ ਕਾਂਗਰਸ ਲਈ ਹੀ ਪੁੱਠਾ ਪੈ ਗਿਆ ਅਤੇ ਭਾਜਪਾ ਨੂੰ ਫ਼ਾਇਦਾ ਦੇ ਗਿਆ। ਮੋਦੀ ਲਹਿਰ ਦੇ ਨਾਲ-ਨਾਲ ਅਮਿਤ ਸ਼ਾਹ ਦੀ ਚੋਣ ਰਣਨੀਤੀ ਨੇ ਭੂਗੋਲਿਕ ਅਤੇ ਜਾਤੀਗਤ ਉਮਰ ਲਿੰਗ ਜਿਹੇ ਸਮੀਕਰਨਾਂ ਨੂੰ ਮਾਤ ਦਿੰਦਿਆਂ ਵਿਰੋਧੀ ਧਿਰ ਦਾ ਸਫ਼ਾਇਆ ਕੀਤਾ ਹੈ।
ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਵਿਚ ਹੀ ਝੰਡਾ ਨਹੀਂ ਲਹਿਰਾਇਆ ਸਗੋਂ ਪਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਿਰਫ਼ ਪੰਜਾਬ ਅਤੇ ਕੇਰਲਾ ਹੀ ਅਛੂਤੇ ਰਹੇ ਜਿਥੇ ਮੋਦੀ ਲਹਿਰ ਨੇ ਕੰਮ ਨਹੀਂ ਕੀਤਾ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਹਿੰਦੀ ਭਾਸ਼ਾਈ ਰਾਜਾਂ ਵਿਚ ਵੀ ਭਾਜਪਾ ਨੇ ਹੈਰਾਨ ਕੀਤਾ ਹੈ। ਇਹ ਉਹ ਰਾਜ ਹਨ ਜਿਥੇ ਕਾਂਗਰਸ ਨੇ ਚਾਰ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।
2014 ਵਿਚ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਸਿਰਫ਼ 44 ਸੀਟਾਂ ਜਿੱਤ ਸਕੀ ਸੀ। ਕਾਂਗਰਸ ਨੇ 2009 ਵਿਚ 206 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਲਗਭਗ 67.11 ਫ਼ੀ ਸਦੀ ਲੋਕਾਂ ਨੇ ਵੋਟ ਪਾਈ। ਭਾਰਤੀ ਸੰਸਦੀ ਚੋਣਾਂ ਵਿਚ ਇਹ ਹੁਣ ਤਕ ਦਾ ਸੱਭ ਤੋਂ ਜ਼ਿਆਦਾ ਮਤਦਾਨ ਫ਼ੀ ਸਦੀ ਹੈ।

ਕਾਂਗਰਸ ਦਾ ਵਿਰੋਧੀ ਧਿਰ ਬਣਨਾ ਵੀ ਮੁਸ਼ਕਲ

ਭਾਰਤ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਗੈਰ-ਕਾਂਗਰਸੀ ਸਰਕਾਰ ਬਹੁਮਤ ਦੇ ਨਾਲ ਸਤਾ ‘ਚ ਵਾਪਸੀ ਆਈ ਹੋਵੇ। 2014 ‘ਚ 282 ਸੀਟਾਂ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ 303 ਦੇ ਅੰਕੜੇ ਤੱਕ ਪਹੁੰਚ ਚੁੱਕੀ ਹੈ ਅਤੇ ਸਹਿਯੋਗੀ ਪਾਰਟੀਆਂ ਨਾਲ ਕੁਲ ਮਿਲਾ ਕੇ ਐਨ.ਡੀ.ਏ. ਦਾ ਅੰਕੜਾ 355 ਤੱਕ ਪਹੁੰਚ ਚੁੱਕਾ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਅਮੇਠੀ ਤੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਸਮ੍ਰਤੀ ਇਰਾਨੀ ਨੇ 55 ਹਜ਼ਾਰ 120 ਵੋਟਾਂ ਨਾਲ ਹਰਾ ਦਿੱਤਾ॥ ਹਾਲਾਂਕਿ ਰਾਹੁਲ ਗਾਂਧੀ ਕੇਰਲਾ ਦੇ ਵਾਯਨਾਡ ਤੋਂ 4 ਲੱਖ 31 ਹਜ਼ਾਰ 770 ਵੋਟਾਂ ਨਾਲ ਜਿੱਤ ਹਾਸਲ ਕਰਕੇ ਆਪਣੀ ਲੋਕਾਂ ਸਭਾ ਦੀ ਸੀਟ ਪੱਕੀ ਕਰ ਗਏ ਹਨ। ਲਗਾਤਾਰ ਦੂਜੀ ਵਾਰ ਫਿਰ ਅਜਿਹਾ ਹੋਵੇਗਾ ਜਦੋਂ ਭਾਰਤ ‘ਚ ਕਾਂਗਰਸ ਦੇ ਕੋਲ ਵਿਰੋਧੀ ਧਿਰ ਅਹੁੱਦਾ ਵੀ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਭਾਰਤ ‘ਚ ਵਿਰੋਧੀ ਧਿਰ ਬਣਨ ਲਈ ਕਿਸੇ ਪਾਰਟੀ ਕੋਲ 10 ਫੀਸਦੀ ਸੀਟਾਂ ਹੋਣੀਆਂ ਚਾਹੀਦੀਆਂ ਹਨ ਅਤੇ ਕਾਂਗਰਸ ਕੋਲ ਇਸ ਸਮੇਂ ਸਿਰਫ਼ 52 ਸੀਟਾਂ ਹਨ ਜਦੋਂ ਕਿ ਉਸ ਨੂੰ ਵਿਰੋਧੀ ਧਿਰ ਦਾ ਅਹੁੱਦਾ ਹਾਸਲ ਕਰਨ ਲਈ ਕੁਲ 55 ਸੀਟਾਂ ਦੀ ਲੋੜ ਹੈ। ਅਜਿਹੇ ‘ਚ ਕਾਂਗਰਸ ਨੂੰ ਵਿਰੋਧੀ ਧਿਰ ਦਾ ਦਾ ਅਹੁੱਦਾ ਮਿਲਣਾ ਕਾਫੀ ਮੁਸ਼ਕਲ ਹੈ।