Copyright & copy; 2019 ਪੰਜਾਬ ਟਾਈਮਜ਼, All Right Reserved
ਕੀ ਸਿੱਖ ਹਿੰਦੂ ਹਨ..?

ਕੀ ਸਿੱਖ ਹਿੰਦੂ ਹਨ..?

ਅੱਜ ਅਜਿਹੇ ਕਈ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਸਿੱਖ ਹਿੰਦੂ ਹਨ? ਉਠਦੇ ਤਾਂ ਇਹ ਪਿਛਲੇ ਕਾਫੀ ਲੰਮੇ ਅਰਸੇ ਤੋਂ ਆ ਰਹੇ ਹਨ, ਪਰ ਹੁਣ ਕਿਸੇ ਕਾਰਨ ਕੁਝ ਵਧੇਰੇ ਤੇਜੀ ਤੇ ਸੰਜੀਦਗੀ ਨਾਲ ਉਠਾਏ ਜਾ ਰਹੇ ਹਨ। ਕਾਰਨ ਧਾਰਮਿਕ, ਸੰਪਰਦਾਇਕ ਤੇ ਸਿਆਸੀ-ਕੁਝ ਵੀ ਹੋ ਸਕਦੇ ਹਨ, ਪਰ ਸਿਧਾਂਤਕ ਤੇ ਬੌਧਿਕ ਬਿਲਕੁਲ ਨਹੀਂ। ਅਜਿਹਾ ਇਸ ਲਈ ਕਿ ਨਾ ਸਵਾਲ ਕਰਨ ਵਾਲਿਆਂ ਨੂੰ ਤੇ ਨਾ ਹੀ ਉਤਰ ਦੇਣ ਵਾਲਿਆਂ ਨੂੰ ਇਨ੍ਹਾਂ ਦੀਆਂ ਬੌਧਿਕ ਤੇ ਸਿਧਾਂਤਕ ਡੂੰਘਾਈਆਂ ਦਾ ਪਤਾ ਹੈ। ਜੇ ਪਤਾ ਹੋਵੇ ਵੀ ਤਾਂ ਵੀ ਉਹ ਡੂੰਘਾਈ ਵਿਚ ਨਹੀਂ ਜਾਣਗੇ, ਕਿਉਂਕਿ ਉਨ੍ਹਾਂ ਦਾ ਮਕਸਦ ਤਾਂ ਡੂੰਘਾ ਜਾਏ ਬਿਨਾ ਹੀ ਪੂਰਾ ਹੋ ਜਾਂਦਾ ਹੈ। ਜੇ ਇਦਾਂ ਨਾ ਵੀ ਹੋਵੇ, ਤਾਂ ਵੀ ਉਹ ਡੂੰਘਾਈ ਵਿਚ ਨਹੀਂ ਜਾਣਗੇ, ਕਿਉਂਕਿ ਉਥੇ ਜਾਇਆਂ ਤਾਂ ਇਹ ਪ੍ਰਸ਼ਨ ਉਠਣਗੇ ਹੀ ਨਹੀਂ।
ਫਿਰ ਇਨ੍ਹਾਂ ਸਵਾਲਾਂ ਦਾ ਉਤਰ ਕੀ ਹੈ?
ਗੁਰੂ ਨਾਨਕ ਸਾਹਿਬ ਅਨੁਸਾਰ ਇਨ੍ਹਾਂ ਸਵਾਲਾਂ ਦਾ ਸਹੀ ਉਤਰ ਇਹ ਹੈ ਕਿ ਸਿੱਖ ਸਿੱਖ ਹਨ, ਉਹ ਨਾ ਹਿੰਦੂ ਹਨ ਤੇ ਨਾ ਹੀ ਮੁਸਲਮਾਨ। ਭਾਵ ਸਿੱਖ ਸਿੱਖ ਹਨ, ਹਿੰਦੂ ਨਹੀਂ ਤੇ ਹਿੰਦੂ ਹਿੰਦੂ ਹਨ, ਸਿੱਖ ਨਹੀਂ। ਪਰ ਇਹ ਉਤਰ ਕਦੇ ਵੀ ਕਿਸੇ ਦੀ ਸਮਝ ਵਿਚ ਨਹੀਂ ਆਇਆ। ਇਸ ਲਈ ਕਿ ਸਿੱਖ ਇਸ ਪ੍ਰਸ਼ਨ ਦਾ ਸਹੀ ਉਤਰ ਨਾ ਕਦੇ ਸਮਝ ਸਕੇ ਤੇ ਨਾ ਦੇ ਸਕੇ। ਉਹ ਆਪਣੇ ਵਲੋਂ ਇਹ ਤਾਂ ਬਹੁਤ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹੇ ਤੇ ਕਰ ਵੀ ਰਹੇ ਹਨ ਕਿ ਉਹ ਹਿੰਦੂ ਨਹੀਂ ਹਨ, ਪਰ ਉਹ ਉਸ ਪੱਧਰ ਦੀਆਂ ਦਲੀਲਾਂ ਦਿੰਦੇ ਹਨ, ਜਿਸ ‘ਤੇ ਪ੍ਰਸ਼ਨ ਕਰਨ ਵਾਲੇ ਖੁਦ ਖੜ੍ਹੇ ਹਨ। ਇਸ ਲਈ ਉਹ ਦੂਜਿਆਂ ਦੇ ਜਾਲ ਵਿਚ ਉਲਝੇ ਹੋਏ ਹਨ।
ਫਿਰ ਉਹ ਕਿਹੜੀ ਧਰਾਤਲ ਹੈ, ਜਿਸ ‘ਤੇ ਜਾ ਕੇ ਦਲੀਲਬਾਜ਼ੀ ਹੁੰਦੀ ਹੈ?
ਬਹਿਸ ਮੁੱਖ ਤੌਰ ‘ਤੇ ਧਾਰਮਿਕ ਰਸਮਾਂ-ਰਿਵਾਜ਼ਾਂ ਦੇ ਪੱਧਰ ‘ਤੇ ਹੁੰਦੀ ਹੈ। ਹਿੰਦੂ ਮੋਟੇ ਤੌਰ ‘ਤੇ ਨਸਲ, ਧਰਮ ਤੇ ਨਿਵਾਸ ਦੇ ਮੁੱਦਿਆਂ ਨੂੰ ਲੈ ਕੇ ਕਹਿੰਦੇ ਹਨ ਕਿ ਹਿੰਦੂਆਂ ਤੇ ਸਿੱਖਾਂ ਵਿਚਾਲੇ ਕੋਈ ਬਹੁਤਾ ਅੰਤਰ ਨਹੀਂ ਹੈ। ਉਨ੍ਹਾਂ ਅਨੁਸਾਰ ਫਰਕ ਕੇਵਲ ਬਾਹਰੀ ਦਿੱਖ ਤੇ ਧਾਰਮਿਕ ਸਭਿਆਚਾਰ ਦਾ ਹੈ, ਜੋ ਬਹੁਤ ਨਿਗੂਣਾ ਹੈ। ਇਸ ਤੋਂ ਉਲਟ ਦੋਹਾਂ ਵਿਚ ਸਮਾਨਤਾਵਾਂ ਬਹੁਤ ਭਾਰੀਆਂ ਹਨ। ਹਿੰਦੂਆਂ ਵਾਂਗ ਸਿੱਖ ਵੀ ਭਾਰਤ ਦੇ ਮੂਲ ਬਾਸ਼ਿੰਦੇ ਹਨ। ਉਹ ਵੀ ਉਨ੍ਹਾਂ ਵਾਂਗ ਕਿਤੋਂ ਬਾਹਰੋਂ ਨਹੀਂ ਆਏ। ਹਿੰਦੂ ਤੇ ਸਿੱਖ-ਦੋਵੇਂ ਹੀ ਆਰੀਆ ਨਸਲ ਨਾਲ ਸਬੰਧ ਰੱਖਦੇ ਹਨ। ਸਿੱਖ ਧਰਮ, ਹਿੰਦੂ ਮੱਤ ਵਿਚੋਂ ਹੀ ਪੈਦਾ ਹੋਇਆ ਹੈ। ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਿੱਖ ਵੀ ਹਿੰਦੂ ਸਨ। ਉਨ੍ਹਾਂ ਦੇ ਸਾਰੇ ਗੁਰੂ ਖਤਰੀ ਹਿੰਦੂ ਜਾਤੀ ਨਾਲ ਸਬੰਧ ਰਖਦੇ ਸਨ। ਸਿੱਖਾਂ ਤੇ ਹਿੰਦੂਆਂ ਦੇ ਨਾਮ, ਜਾਤਾਂ ਤੇ ਰਸਮਾਂ ਇਕੋ ਜਿਹੀਆਂ ਹਨ। ਦੋਹਾਂ ਵਿਚਾਲੇ ਸਮਾਜਕ ਨੇੜਤਾ ਤੇ ਰੋਟੀ-ਬੇਟੀ ਦੀ ਸਾਂਝ ਹੈ। ਸਿੱਖਾਂ ਦੇ ਧਰਮ ਗ੍ਰੰਥਾਂ ਵਿਚ ਹਿੰਦੂ ਦੇਵੀ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ।
ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਮੱਧ-ਕਾਲ ਦੇ ਭਗਤੀ ਅੰਦੋਲਨ ਦੇ ਪੈਰੋਕਾਰ ਸਨ, ਜੋ ਇਕ ਹਿੰਦੂ ਧਰਮ ਦੀ ਲਹਿਰ ਸੀ। ਉਨ੍ਹਾਂ ਨੇ ਕਈ ਦੂਜੇ ਧਾਰਮਿਕ ਸੁਧਾਰਕਾਂ ਵਾਂਗ ਹੀ ਆਪਣੇ ਸਮੇਂ ਦੇ ਹਿੰਦੂ ਧਰਮ ਵਿਚ ਆਈਆਂ ਕਈ ਤਰੁਟੀਆਂ ਸੋਧ ਕੇ ਸਿੱਖ ਧਰਮ ਚਲਾਇਆ, ਜੋ ਭਾਵ ਰੂਪ ਵਿਚ ਹਿੰਦੂ ਧਰਮ ਦਾ ਸੁਧਰਿਆ ਰੂਪ ਹੈ ਤੇ ਉਸੇ ਵਰਗਾ ਹੀ ਹੈ। ਦੋਹਾਂ ਦੇ ਮੂਲ ਸੰਕਲਪ ਵੀ ਓਹੀ ਹਨ। ਦੋਵੇਂ ਈਸ਼ਵਰ, ਭਗਤੀ, ਆਤਮਾ, ਆਵਾਗਮਣ, ਪੁਨਰ-ਜਨਮ, ਮੁਕਤੀ, ਨਰਕ, ਸੁਰਗ, ਪਾਪ ਪੁੰਨ, ਤੀਰਥ ਇਸ਼ਨਾਨ ਤੇ ਪੂਜਾ ਪਾਠ ਵਿਚ ਵਿਸ਼ਵਾਸ਼ ਰੱਖਦੇ ਹਨ। ਦੋਹਾਂ ਦੇ ਇਕੋ ਤਰ੍ਹਾਂ ਦੇ ਧਾਰਮਿਕ ਗ੍ਰੰਥ ਤੇ ਧਾਰਮਿਕ ਅਸਥਾਨ ਹਨ, ਜੋ ਉਨ੍ਹਾਂ ਦੇ ਪੂਜਾ ਪਾਠ ਤੇ ਧਾਰਮਿਕ ਆਸਥਾ ਦਾ ਕੇਂਦਰ ਹਨ। ਹਿੰਦੂ ਤੇ ਸਿੱਖ ਦੋਵੇਂ ਇਕ ਦੂਜੇ ਦੇ ਧਾਰਮਿਕ ਅਸਥਾਨਾਂ ‘ਤੇ ਸ਼ਰਧਾਪੂਰਵਕ ਜਾਂਦੇ ਹਨ ਅਤੇ ਇਕ ਦੂਜੇ ਦੀਆਂ ਧਾਰਮਿਕ ਹਸਤੀਆਂ ਤੇ ਰਵਾਇਤਾਂ ਦਾ ਸਨਮਾਨ ਕਰਦੇ ਹਨ।
ਭਾਰਤ ਵਿਚ ਹਿੰਦੂ ਧਰਮ ਵਿਚ ਕਈ ਹੋਰ ਵੀ ਅਜਿਹੇ ਫਿਰਕੇ ਹਨ, ਜੋ ਬਿਨਾ ਕਿਸੇ ਵੱਡੇ ਫਰਕ ਦੇ ਇਸ ਵਿਚ ਰਹਿ ਰਹੇ ਹਨ। ਉਹ ਚਲਦੇ ਆਪਣੇ ਮੱਤ ਅਨੁਸਾਰ ਹਨ, ਪਰ ਕਹਾਉਂਦੇ ਹਿੰਦੂ ਹਨ। ਜਿਸ ਪੱਖ ਤੋਂ ਮਰਜ਼ੀ ਦੇਖ ਲਓ, ਸਿੱਖਾਂ ਤੇ ਹਿੰਦੂਆਂ ਵਿਚਾਲੇ ਕੋਈ ਵੱਡਾ ਫਰਕ ਨਹੀਂ ਮਿਲਦਾ, ਜੋ ਦੋਹਾਂ ਨੂੰ ਵੱਖ ਕਰਦਾ ਹੋਵੇ। ਇਸ ਲਈ ਉਨ੍ਹਾਂ ਦੀਆਂ ਦਲੀਲਾਂ ਅਨੁਸਾਰ ਸਿੱਖ ਮੋਟੇ ਤੌਰ ‘ਤੇ ਹਿੰਦੂ ਹੀ ਹਨ।
ਇਸ ਮਸਲੇ ‘ਤੇ ਸਿੱਖਾਂ ਦੀ ਕੀ ਦਲੀਲ ਹੈ?
ਸਿੱਖ ਆਪਣੇ ਧਰਮ ਨੂੰ ਹਿੰਦੂ ਧਰਮ ਤੋਂ ਬਿਲਕੁਲ ਵੱਖਰਾ ਧਰਮ ਮੰਨਦੇ ਹਨ। ਉਨ੍ਹਾਂ ਅਨੁਸਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਹਿੰਦੂ ਧਰਮ ਦੀਆਂ ਕੁਰੀਤੀਆਂ ਦਾ ਖੰਡਨ ਹੀ ਨਹੀਂ ਸੀ ਕੀਤਾ, ਸਗੋਂ ਤਿਆਗ ਕੀਤਾ ਸੀ। ਉਨ੍ਹਾਂ ਨੇ ਹਿੰਦੂ ਕਰਮ-ਕਾਂਡਾਂ ਦਾ ਪਖੰਡ ਉਜਾਗਰ ਕਰਦਿਆਂ ਉਨ੍ਹਾਂ ਦੀ ਪੁਰਜੋਰ ਨਿਖੇਧੀ ਕਰਕੇ ਆਪਣੇ ਜੀਵਨ ਵਿਚੋਂ ਤਿਆਗ ਦਿੱਤਾ ਸੀ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਇਕ ਬਿਲਕੁਲ ਨਵਾਂ ਧਰਮ ਦਿੱਤਾ, ਜੋ ਬਹੁਤੇ ਦੇਵੀ-ਦੇਵਤਿਆਂ ਨੂੰ ਮੰਨਣ ਦੀ ਥਾਂ ਇਕ ਸਰਬ-ਸ਼ਕਤੀਮਾਨ ਰੱਬ ਦੀ ਹੋਂਦ ਵਿਚ ਵਿਸ਼ਵਾਸ਼ ਰੱਖਦਾ ਹੈ। ਉਨ੍ਹਾਂ ਨੇ ਹਿੰਦੂ ਧਰਮ ਦੀਆਂ ਰਹੁ-ਰੀਤਾਂ ਦਾ ਖੰਡਨ ਕਰਦੀ ਬਾਣੀ ਰਚੀ, ਜੋ ਸਿੱਖਾਂ ਦੇ ਧਰਮ-ਗ੍ਰੰਥ ਵਿਚ ਸ਼ਾਮਲ ਹੈ। ਉਨ੍ਹਾਂ ਨੇ ਪ੍ਰਭੂ ਭਗਤੀ ‘ਤੇ ਆਧਾਰਿਤ ਸਿੱਧਾ-ਸਾਦਾ ਇਮਾਨਦਾਰੀ ਤੇ ਦਿਆਨਤਦਾਰੀ ਭਰਿਆ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ।
ਗੁਰੂ ਨਾਨਕ ਸਾਹਿਬ ਦੀ ਲੀਹ ‘ਤੇ ਚਲਦਿਆਂ ਦੂਜੇ ਨੌਂ ਗੁਰੂਆਂ ਨੇ ਇਸ ਨਵੇਂ ਧਰਮ ਦੇ ਕਈ ਹੋਰ ਨਿਵੇਕਲੇ ਨਕਸ਼ ਸਥਾਪਿਤ ਕੀਤੇ। ਉਨ੍ਹਾਂ ਨੇ ਇਸ ਨੂੰ ਵੱਖ ਲਿਪੀ, ਵੱਖ ਬਾਣੀ, ਵੱਖ ਧਾਰਨਾਵਾਂ, ਪਰੰਪਰਾਵਾਂ, ਵੱਖ ਧਰਮ ਅਸਥਾਨ, ਵੱਖ ਧਾਰਮਿਕ ਗ੍ਰੰਥ, ਵੱਖ ਤੀਰਥ ਅਸਥਾਨ, ਵੱਖ ਸੰਸਥਾਵਾਂ, ਵੱਖ ਰਹੁ-ਰੀਤਾਂ, ਵੱਖ ਜੀਵਨ-ਸ਼ੈਲੀ, ਵੱਖ ਦਿੱਖ, ਵੱਖ ਮੁਹਾਂਦਰਾ ਤੇ ਵੱਖਰੇ ਜਥੇਬੰਦਕ ਨਿਸ਼ਾਨ ਦਿੱਤੇ।
ਸਿੱਖ ਹਿੰਦੂਆਂ ਦੀ ਜਾਤ ਪ੍ਰਣਾਲੀ ਵਿਚ ਵਿਸਵਾਸ਼ ਨਹੀਂ ਕਰਦੇ ਤੇ ਉਹ ਆਪਣੇ ਨਾਂਵਾਂ ਪਿੱਛੇ ਸਿੰਘ ਲਾਉਂਦੇ ਹਨ। ਉਹ ਵੈਦਿਕ ਮੰਤਰਾਂ ਦੀ ਥਾਂ ਅਨੰਦ ਬਾਣੀ ਪੜ੍ਹ ਕੇ ਵਿਆਹ ਕਰਦੇ ਹਨ ਤੇ ਗੰਗਾ ਇਸ਼ਨਾਨ ਦੀ ਥਾਂ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਨੂੰ ਪਵਿਤਰ ਮੰਨਦੇ ਹਨ। ਅਕਾਲ ਚਲਾਣੇ ਉਪਰੰਤ ਸਿੱਖ ਅਸਥੀਆਂ ਦਾ ਪ੍ਰਵਾਹ ਹਰਿਦੁਆਰ ਦੀ ਥਾਂ ਕੀਰਤਪੁਰ ਸਾਹਿਬ ਵਿਖੇ ਕਰਦੇ ਹਨ ਤੇ ਤੇਰਾਂ ਦਿਨਾਂ ਦੀ ਥਾਂ ਹਫਤੇ ਬਾਅਦ ਅਰਦਾਸ ਕਰਕੇ ਭੋਗ ਪਾਉਂਦੇ ਹਨ। ਉਹ ਹਿੰਦੂ ਸ਼ਰਾਧਾਂ, ਪ੍ਰਥਾ ਦਾ ਖੰਡਨ ਕਰਦੇ ਹਨ। ਇਸ ਲਈ ਉਹ ਧਾਰਮਿਕ ਰਸਮ ਦੀ ਦ੍ਰਿਸ਼ਟੀ ਤੋਂ ਹਿੰਦੂਆਂ ਤੋਂ ਵੱਖ ਹਨ।
ਹਿੰਦੂਆਂ ਤੇ ਸਿੱਖਾਂ ਵਿਚਾਲੇ ਇਹ ਮੁੱਦਾ ਉਠਣ ਦਾ ਕਾਰਨ ਕੀ ਹੈ?
ਹਿੰਦੂ ਅਤੇ ਅਜੋਕੇ ਸਿੱਖ-ਦੋਵੇਂ ਪੁਰਾਤਨ ਰੂੜੀਵਾਦੀ ਸੋਚ ਦੇ ਮਾਲਕ ਹਨ। ਇਸ ਸੋਚ ਵਿਚ ਧਰਮ ਨੂੰ ਫੈਲਾਉਣ ‘ਤੇ ਵੱਧ ਤੋਂ ਵੱਧ ਜੋਰ ਦਿੱਤਾ ਜਾਂਦਾ ਹੈ। ਸਦੀਆਂ ਦੀ ਖਹਿਬਾਜ਼ੀ ਕਾਰਨ ਇਨ੍ਹਾਂ ਵਿਚ ਸੰਪਰਦਾਇਕਤਾ ਦੀਆਂ ਭਾਵਨਾਵਾਂ ਪੈਦਾ ਹੋ ਗਈਆਂ ਹਨ। ਲੋਕਤੰਤਰ ਦੇ ਆਉਣ ਨਾਲ ਸੰਪਰਦਾਵਾਂ ਵੋਟ ਬੈਂਕਾਂ ਵਿਚ ਤਬਦੀਲ ਹੋ ਗਈਆਂ ਹਨ ਤੇ ਸਿਰਾਂ ਦੀ ਗਿਣਤੀ ਦਾ ਮਹੱਤਵ ਵਧਿਆ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਸੰਪਰਦਾਈ ਹਿੰਦੂ ਅਜੋਕੇ ਸਿੱਖਾਂ ਨੂੰ ਆਪਣੇ ਭਾਈਚਾਰੇ ਦਾ ਹਿੱਸਾ ਦੱਸ ਕੇ ਉਨ੍ਹਾਂ ਦਾ ਵੋਟ ਬੈਂਕ ਹਥਿਆਉਣਾ ਚਾਹੁੰਦੇ ਹਨ।
ਇਕ ਕਾਰਨ ਇਹ ਵੀ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਜਿਹਾ ਦੱਸ ਕੇ ਆਪਣੇ ਮਨਸੂਬਿਆਂ ਦੀਆਂ ਭਾਵੀ ਰੁਕਾਵਟਾਂ ਦੂਰ ਕਰਨਾ ਚਾਹੁੰਦੇ ਹੋਣ। ਉਨ੍ਹਾਂ ਦੀ ਨੀਤੀ ਅਨੁਸਾਰ ਇਕ ਵੱਖਰਾ ਧਾਰਮਿਕ ਫਿਰਕਾ ਉਨ੍ਹਾਂ ਲਈ ਕਦੇ ਵੀ ਕਿਸੇ ਸਿਆਸੀ, ਸਮਾਜਕ ਜਾਂ ਧਾਰਮਿਕ ਗਤੀਰੋਧ ਦਾ ਕਾਰਨ ਬਣ ਸਕਦਾ ਹੈ। ਗੱਲ ਇਹ ਵੀ ਹੈ ਕਿ ਸਿੱਖ ਖੁੱਲ੍ਹੇ ਤੌਰ ‘ਤੇ ਹਿੰਦੂ ਧਰਮ ਦੀਆਂ ਰਹੁ-ਰੀਤਾਂ ਨੂੰ ਪਖੰਡਮਈ ਦੱਸਦੇ ਹਨ ਤੇ ਇਸ ਤਰ੍ਹਾਂ ਕਰਨ ਨੂੰ ਉਹ ਆਪਣੇ ਧਰਮ ਕਰਮ ਦਾ ਹਿੱਸਾ ਮੰਨਦੇ ਹਨ। ਪੱਕੀਆਂ ਦਲੀਲਾਂ ਨਾਲ ਆਪਣੀ ਨਿਖੇਧੀ ਸੁਣ ਕੇ ਹਿੰਦੂ ਬ੍ਰਾਹਮਣ ਦਾ ਮਾਨ-ਸਨਮਾਨ ਖਤਰੇ ਵਿਚ ਪੈਂਦਾ ਹੈ।
ਇਤਿਹਾਸਕ ਪਰਿਪੇਖ ਵਿਚ ਭਾਰਤੀ ਹਿੰਦੂ ਸਾਰੇ ਭਾਰਤੀ ਉਪ-ਮਹਾਂਦੀਪ ਨੂੰ ਆਪਣੇ ਪ੍ਰਭੁੱਤਵ ਵਾਲਾ ਖਿੱਤਾ ਮੰਨਦਾ ਹੈ। ਇਸ ਵਿਚ ਉਠਦੀਆਂ ਵਿਰੋਧੀ ਸੁਰਾਂ ਉਸ ਨੂੰ ਖਤਰੇ ਦੀ ਘੰਟੀ ਸਮਾਨ ਲਗਦੀਆਂ ਹਨ। ਪੁਜਾਰੀ ਬ੍ਰਾਹਮਣ ਤਾਂ ਪਹਿਲਾਂ ਤੋਂ ਹੀ ਵਿਰੋਧਾਤਮਕ ਘਟ ਗਿਣਤੀਆਂ ਨੂੰ ਆਪਣੇ ਵਿਚ ਸਮੋ ਕੇ ਜਾਂ ਆਪਣੇ ਹੇਠ ਲਾ ਕੇ ਆਪਣੇ ਆਪ ਨੂੰ ਵਧੇਰੇ ਸੁਰਖਿਅਤ ਮਹਿਸੂਸ ਕਰਦਾ ਹੈ। ਇਸੇ ਲਈ ਸਦੀਆਂ ਤੋਂ ਉਹ ਬਹੁਲਵਾਦ ਦੀ ਥਾਂ ਇਕਵਾਦ ਦੇ ਮਾਹੌਲ ਨੂੰ ਵਧੇਰੇ ਸਥਾਈ ਸਮਝਦਾ ਆ ਰਿਹਾ ਹੈ।
ਉਧਰ ਸਿੱਖ ਸਮਝਦੇ ਹਨ ਕਿ ਉਨ੍ਹਾਂ ਨੂੰ ਹਿੰਦੂ ਕਹਿਣ ਜਾਂ ਹਿੰਦੂ ਧਰਮ ਦਾ ਹਿੱਸਾ ਦੱਸਣ ਪਿੱਛੇ ਹਿੰਦੂਆਂ ਦੀ ਕੋਈ ਗਹਿਰੀ ਚਾਲ ਹੈ। ਉਨ੍ਹਾਂ ਅਨੁਸਾਰ ਉਹ ਇਸ ਤਰ੍ਹਾਂ ਕਹਿ ਕੇ ਸ਼ਾਇਦ ਉਨ੍ਹਾਂ ਦੀ ਵੱਖਰੀ ਧਾਰਮਿਕ ਹਸਤੀ ਤੇ ਪਛਾਣ ਨੂੰ ਖਤਮ ਕਰ ਕੇ ਆਪਣੇ ਵਿਚ ਮਿਲਾਉਣਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਹਿੰਦੂ ਧਰਮ ਭਾਰਤ ਵਿਚ ਇਕ ਬਹੁ-ਗਿਣਤੀ ਧਰਮ ਹੈ ਤੇ ਇਹ ਘੱਟ-ਗਿਣਤੀਆਂ ਨੂੰ ਸਹਿਨ ਨਹੀਂ ਕਰਦਾ। ਇਸ ਧਰਮ ਦੀ ਨੀਂਹ ਹੀ ਇਸ ਸਿਧਾਂਤ ‘ਤੇ ਟਿਕੀ ਹੈ ਕਿ ਇਸ ਵਿਚ ਬ੍ਰਾਹਮਣਵਾਦੀ ਜਮਾਤਾਂ ਦਾ ਪ੍ਰਭੁਤਵ ਹਮੇਸ਼ਾ ਬਣਿਆ ਰਹੇ ਤੇ ਵਿਰੋਧਾਤਮਕ ਅਵਾਜ਼ਾਂ ਦਾ ਸੰਘਾਰ ਚਲਦਾ ਰਹੇ। ਉਨ੍ਹਾਂ ਅਨੁਸਾਰ ਇਸ ਦੇ ਸ਼ਾਤਰ ਕਰਤਾ ਧਰਤਾ ਸ਼ਾਮ, ਦਾਮ, ਦੰਡ, ਭੇਦ ਆਦਿਕ ਰਣ-ਨੀਤੀਆਂ ਰਾਹੀਂ ਇਹ ਕਾਰਜ ਕਰਨ ਵਿਚ ਪੂਰੀ ਤਰ੍ਹਾਂ ਨਿਪੁੰਨ ਹਨ। ਉਨ੍ਹਾਂ ਦੀਆਂ ਪਾਈਆਂ ਜਾਤ-ਪਾਤ ਦੀਆਂ ਗੰਢਾਂ ਹਾਲੇ ਤੀਕ ਨਹੀਂ ਖੁਲ੍ਹੀਆਂ।
ਹਿੰਦੂ ਸਮਾਜ ਦਾ ਵੱਡਾ ਹਿੱਸਾ ਬ੍ਰਾਹਮਣੀ ਬੰਦੋਬਸਤ ਵਿਚ ਫਸ ਕੇ ਸਦੀਆਂ ਤੋਂ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਜੈਨ ਤੇ ਬੁੱਧ ਧਰਮ ਦੀਆਂ ਮਿਸਾਲਾਂ ਦੇ ਕੇ ਸਿੱਖ ਦੱਸਦੇ ਹਨ ਕਿ ਬਹੁਗਿਣਤੀ ਹਿੰਦੂ ਧਰਮ ਨੇ ਜਿਵੇਂ ਇਨ੍ਹਾਂ ਅਲਪ-ਸੰਖਿਅਕ ਧਰਮਾਂ ਨੂੰ ਹਜ਼ਮ ਕਰਕੇ ਇਨ੍ਹਾਂ ਦਾ ਭਾਰਤ ਵਿਚੋਂ ਨਾਸ਼ ਕਰ ਦਿੱਤਾ ਹੈ, ਉਸੇ ਤਰ੍ਹਾਂ ਹੁਣ ਇਹ ‘ਅਜ਼ਗਰ’ ਸਿੱਖ ਧਰਮ ਨੂੰ ਵੀ ਨਿਗਲਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਸਿੱਖ ਆਪਣਾ ਵੱਖਰਾ ਵੋਟ ਬੈਂਕ ਮਜ਼ਬੂਤ ਕਰ ਕੇ ਇਸ ਤੋਂ ਹਿੰਦੂਆਂ ਵਾਂਗ ਵਖਰਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ।
ਕੀ ਸਿੱਖ ਇਸ ਬਹਿਸ ਵਿਚੋਂ ਨਿੱਤਰ ਕੇ ਬਾਹਰ ਆਉਣਗੇ?
ਜੇ ਸਿੱਖ ਆਪਣੀ ਇਸ ਪੱਧਰ ਦੀ ਦਲੀਲਬਾਜ਼ੀ ਵਿਚ ਫਸੇ ਰਹਿੰਦੇ ਹਨ, ਤਾਂ ਨਹੀਂ, ਸਗੋਂ ਆਸਾਰ ਇਸ ਤੋਂ ਉਲਟ ਹਨ। ਕਾਰਨ ਇਹ ਹੈ ਕਿ ਬਿਗਾਨੇ ਖੇਤਰ ਵਿਚ ਜਾ ਕੇ ਬਿਗਾਨੀਆਂ ਸ਼ਰਤਾਂ ‘ਤੇ ਸਫਲਤਾ ਪ੍ਰਾਪਤ ਕਰਨਾ ਦੁਸ਼ਵਾਰ ਹੁੰਦਾ ਹੈ। ਜੇ ਉਹ ਆਪਣੇ ਮੱਤ ਨੂੰ ਪੂਰੀ ਤਰ੍ਹਾਂ ਜਾਣੇ-ਪਛਾਣੇ ਬਿਨਾ ਇਸ ਨੂੰ ਇਕ ਧਰਮ ਸਮਝਦੇ ਹਨ ਤੇ ਆਪਣੀਆਂ ਧਾਰਮਿਕ ਰਵਾਇਤਾਂ ਦੇ ਹਵਾਲੇ ਨਾਲ ਬਹਿਸਦੇ ਹਨ, ਫਿਰ ਉਨ੍ਹਾਂ ਦੇ ਕਿਆਸੇ ‘ਹਿੰਦੂ ਅਜ਼ਗਰ’ ਲਈ ਉਨ੍ਹਾਂ ਦੇ ਧਰਮ ਨੂੰ ‘ਨਿਗਲਣਾ’ ਕੋਈ ਔਖੀ ਗੱਲ ਨਹੀਂ। ਇਹ ਇਸ ਲਈ ਕਿ ਧਰਮ ਧਰਮ ਨੂੰ ਹੀ ਖਾ ਸਕਦਾ ਹੈ, ਜਿਵੇਂ ਲੋਹਾ ਲੋਹੇ ਨੂੰ। ਇਸੇ ਤਰ੍ਹਾਂ ਲੋਹਾ ਸੋਨੇ ਨੂੰ ਨਹੀਂ ਨਿਗਲ ਸਕਦਾ ਤੇ ਧਰਮ ਵਿਗਿਆਨ ਨੂੰ ਨਹੀਂ, ਪਰ ਸਿੱਖਾਂ ਕੋਲ ਕੋਈ ਵਿਗਿਆਨਕ ਤਰਕ ਨਹੀਂ ਕਿਉਂਕਿ ਉਹ ਸਮਝਦੇ ਹਨ ਕਿ ਆਪਣੇ ਦਿਮਾਗ ਦੀ ਵਰਤੋਂ ਕਰਨ ਨਾਲ ਸਿੱਖ ਮਨਮੁੱਖ ਹੋ ਜਾਂਦਾ ਹੈ।
ਫਿਰ ਸਿੱਖ ਆਪਣੇ ਖੇਤਰ ਵਿਚ ਰਹਿ ਕੇ ਸਹੀ ਦਲੀਲਾਂ ਕਿਉਂ ਨਹੀਂ ਦਿੰਦੇ?
ਸਿੱਖਾਂ ਨੂੰ ਨਾ ਆਪਣੇ ਖੇਤਰ ਦਾ ਪਤਾ ਹੈ ਤੇ ਨਾ ਇਸ ਦੀਆਂ ਹੱਦਾਂ ਦਾ। ਨਾ ਉਹ ਆਪਣੀਆਂ ਸਹੀ ਸ਼ਰਤਾਂ ਘੜ੍ਹ ਸਕਦੇ ਹਨ ਤੇ ਨਾ ਹੀ ਸਹੀ ਦਲੀਲਾਂ ਨਾਲ ਪੈਰਵੀ ਕਰ ਸਕਦੇ ਹਨ। ਸੱਚ ਪੁਛੋ ਤਾਂ ਅਜੋਕਾ ਸਿੱਖ ਆਪਣੇ ਮੂਲ ਨਾਲੋਂ ਨਿੱਖੜ ਗਿਆ ਹੈ ਤੇ ਉਚਾਈ ਤੋਂ ਨੀਵਾਣ ਵਲ ਆ ਗਿਆ ਹੈ। ਹਉਮੈ ਦਾ ਸ਼ਿਕਾਰ ਹੋ ਕੇ ਉਹ ਪੜ੍ਹਾਈ ਲਿਖਾਈ ਤੇ ਸੋਚ ਵਿਚਾਰ ਦੀ ਗੱਲ ਛੱਡ ਗਿਆ ਹੈ। ਉਹ ਸਿਧਾਂਤ ਦੀ ਗੱਲ ਛੱਡ ਕੇ ਕੇਵਲ ਬਾਹਰੀ ਦਿੱਖ ਸਹਾਰੇ ਆਪਣੇ ਹਿੱਤਾਂ ਦੀ ਗੱਲ ਕਰ ਰਿਹਾ ਹੈ। ਸਿਧਾਂਤ ਤੋਂ ਅਣਜਾਣ ਹੈ ਤੇ ਕੇਵਲ ਇਤਿਹਾਸ ਦੀ ਸੁਣੀ-ਸੁਣਾਈ ਵਰਤੋਂ ਕਰਕੇ ਸੋਚਦਾ ਹੈ। ਉਹ ਆਪਣੀ ਪਛਾਣ ਗੁਆ ਬੈਠਾ ਹੈ ਤੇ ਦੂਜਿਆਂ ਦੀ ਬੋਲੀ ਬੋਲਦਾ ਹੈ।
ਅਜੋਕਾ ਸਿੱਖ ਇਸ ਵਿਜੋਗ ਦੀ ਅਵਸਥਾ ਵਿਚ ਕਿਉਂ ਚਲਿਆ ਗਿਆ ਹੈ?
ਅਜੋਕਾ ਸਿੱਖ ਇਕ ਭਟਕਣ ਦੀ ਅਵਸਥਾ ਵਿਚ ਹੈ, ਕਿਉਂਕਿ ਉਹ ਬਾਣੀ ਦੇ ਅਧਿਐਨ ਨਾਲੋਂ ਟੁੱਟ ਚੁਕਾ ਹੈ। ਬਾਣੀ ਚਾਨਣ ਹੈ, ਜੋ ਇਸ ਨੂੰ ਸਹੀ ਰਾਹ ਦਿਖਾ ਸਕਦੀ ਹੈ, ਪਰ ਉਹ ਬਾਣੀ ਪੜ੍ਹ ਕੇ ਵਿਚਾਰਦਾ ਨਹੀਂ। ਜੇ ਉਹ ਪੜ੍ਹਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਗੁਰੂ ਦੀ ਮੂਲ ਬਾਣੀ ਨਹੀਂ ਪੜ੍ਹਦਾ, ਸਗੋਂ ਕਿਸੇ ਪੁਜਾਰੀ-ਕ੍ਰਿਤ ਤਰਜ਼ਮਾ ਜਾਂ ਉਲਥਾ ਪੜ੍ਹਦਾ ਹੈ। ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਕਹਿੰਦੇ ਕਹਾਉਂਦੇ ਸਿੱਖ ਵਿਦਵਾਨ ਤੇ ਬੁਧੀਜੀਵੀ ਵੀ ਕਿਸੇ ਅਜਿਹੀ ਲਿਖਤ ਨੂੰ ਹੀ ਆਪਣੀ ਵਿਆਖਿਆ ਦਾ ਆਧਾਰ ਬਣਾਉਂਦੇ ਹਨ। ਗੂੜ੍ਹ-ਗਿਆਨ ਵਾਲੇ ਸਿੱਖ ਵੀ ਬਾਣੀ ਤੋਂ ਬਾਣੀ ਨਹੀਂ ਪੜ੍ਹਦੇ, ਉਹ ਵੀ ਸਟੀਕਾਂ ਵਿਚੋਂ ਬਾਣੀ ਦੇ ਅਰਥ ਪੜ੍ਹ ਕੇ ਹੀ ਅੱਗੇ ਆਪਣੇ ਸਟੀਕ ਲਿਖ ਦਿੰਦੇ ਹਨ।
ਸੰਖੇਪ ਵਿਚ ਕਹੀਏ ਤਾਂ ਅਜੋਕੇ ਸਿੱਖ ਬਾਣੀ ਨੂੰ ਪੜ੍ਹਨ ਦੀ ਥਾਂ ਇਸ ਦਾ ਪਾਠ ਕਰਦੇ ਹਨ। ਉਨ੍ਹਾਂ ਦੇ ਪਾਠ ਦਾ ਉਦੇਸ਼ ਬਾਣੀ ਦਾ ਵਿਵੇਕੀ ਵਿਸ਼ਲੇਸ਼ਣ ਕਰ ਕੇ ਇਸ ਵਿਚਲਾ ਸੰਦੇਸ਼ ਸਮਝਣਾ ਨਹੀਂ ਹੁੰਦਾ। ਉਨ੍ਹਾਂ ਅੰਦਰ ਇਹ ਜਾਣਨ ਦੀ ਜਗਿਆਸਾ ਨਹੀਂ ਕਿ ਗੁਰੂ ਸਾਹਿਬ ਉਨ੍ਹਾਂ ਲਈ ਕੀ ਲਿਖ ਕੇ ਗਏ ਹਨ। ਉਹ ਸਮਝਦੇ ਹਨ ਕਿ ਇਸ ਗੱਲ ਦਾ ਤਾਂ ਉਨ੍ਹਾਂ ਨੂੰ ਪਤਾ ਹੀ ਹੈ। ਉਹ ਤਾਂ ਬਾਣੀ ਨੂੰ ਪੂਜਾ ਪਾਠ ਤੇ ਅਰਦਾਸ ਲਈ ਵਰਤਦੇ ਹਨ। ਉਹ ਆਪਣੇ ਕੀਤੇ ਬਾਣੀ ਦੇ ਪਾਠ ਨੂੰ ਅਕਾਲ ਪੁਰਖ ਕੋਲ ਲੇਖੇ ਲਵਾਉਣ ਦੀ ਅਰਦਾਸ ਕਰਦੇ ਹਨ ਤਾਂ ਜੋ ਅਕਾਲ ਪੁਰਖ ਇਸ ਦਾ ਮੁੱਲ ਪਾ ਕੇ ਉਨ੍ਹਾਂ ਨੂੰ ਬਣਦਾ ਲਾਭ ਦੇਵੇ। ਉਨ੍ਹਾਂ ਦੇ ਬਾਣੀ ਪਾਠ ਦਾ ਮੁੱਖ ਮੰਤਵ ਆਪਣੇ ਨਿਜੀ ਹਿੱਤ ਪੂਰਨਾ ਹੁੰਦਾ ਹੈ। ਅਜੋਕੇ ਸਿੱਖ ਕਰੀਬ ਉਸੇ ਅਵਸਥਾ ਵਿਚ ਵਿਚਰ ਰਹੇ ਹਨ, ਜਿਸ ਵਿਚੋਂ ਕੱਢਣ ਲਈ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲਾਂ ਸੱਚੀ ਬਾਣੀ ਦੀ ਰਚਨਾ ਕੀਤੀ ਸੀ।
ਫਿਰ ਅਜੋਕਾ ਸਿੱਖ ਇਸ ਘੁੰਮਣ-ਘੇਰੀ ਵਿਚੋਂ ਕਿਵੇਂ ਨਿਕਲ ਸਕਦਾ ਹੈ?
ਅਜੋਕੇ ਸਿੱਖ ਦੇ ਭਟਕਣ ਵਿਚੋਂ ਨਿਕਲਣ ਦਾ ਰਸਤਾ ਬਾਣੀ ਦੇ ਸਹੀ ਅਧਿਐਨ ਵਿਚ ਹੈ। ਜਿਸ ਦਿਨ ਅੱਜ ਦੇ ਸਿੱਖ ਨੇ ਗੁਰਬਾਣੀ ਦੀ ਸਹੀ ਸਿੱਖਿਆ ਹਾਸਲ ਕਰ ਲਈ ਤੇ ਇਸ ਦੀਆਂ ਮਾਨਤਾਵਾਂ ਆਪਣੇ ਮਨ ਵਿਚ ਬਿਠਾ ਲਈਆਂ, ਉਸੇ ਦਿਨ ਉਸ ਦੀਆਂ ਅਖੌਤੀ ਸੱਮਸਿਆਵਾਂ ਦਾ ਹੱਲ ਨਿਕਲ ਆਵੇਗਾ। ਗੁਰਬਾਣੀ ਦੇ ਠੀਕ ਅਧਿਐਨ ਨਾਲ ਹੀ ਉਸ ਦੇ ਸਿੱਖ ਹੋਣ ਦੇ ਸਭ ਦਾਈਏ ਸਫਲ ਹੋ ਜਾਣਗੇ। ਕੇਵਲ ਪਹਿਲੇ ਅੱਖਰ ਦੀ ਸਮਝ ਨਾਲ ਹੀ ਉਸ ਦੀ ਸੋਚ ਸਿੱਧੀ ਹੋ ਜਾਵੇਗੀ ਤੇ ਲੋਕ ਉਸ ਨਾਲ ਸੰਪਰਦਾਇਕ ਬਹਿਸ ਕਰਨਾ ਛੱਡ ਦੇਣਗੇ। ਕੋਈ ਇਕ ਨਹੀਂ, ਸਗੋਂ ਦੁਨੀਆਂ ਦੇ ਸਭ ਧਰਮ ਉਸ ਦੀ ਸਿੱਖੀ ਸੋਚ ਦਾ ਪਾਣੀ ਭਰਨਗੇ। ਸ਼ਰਤ ਇਹ ਹੈ ਕਿ ਉਸ ਦਾ ਅਧਿਐਨ ਕੇਵਲ ਉਨ੍ਹਾਂ ਅਰਥਾਂ ਦੀ ਭਾਲ ਵਿਚ ਹੋਵੇ, ਜੋ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਵਿਚ ਪਾਏ ਸਨ।

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310