Copyright © 2019 - ਪੰਜਾਬੀ ਹੇਰਿਟੇਜ
ਜਦ ਗੁਲਾਮੀ ਹੱਡੀਂ ਰਚ ਜਾਏ, ਰੂਹ ਵਿਚ ਵਸ ਜਾਏ

ਜਦ ਗੁਲਾਮੀ ਹੱਡੀਂ ਰਚ ਜਾਏ, ਰੂਹ ਵਿਚ ਵਸ ਜਾਏ

ਗੁਲਾਮੀ ਸਿਰਫ ਜਿਸਮਾਂ ਦੀ ਹੀ ਨਹੀਂ ਹੁੰਦੀ, ਸਗੋਂ ਕਈ ਰੂਪਾਂ ਵਿਚ ਮਿਲਦੀ ਹੈ। ਕਈ ਵਾਰੀ ਜਦੋਂ ਚਿਰਾਂ ਤੋਂ ਕੈਦ ਪੰਛੀ ਨੂੰ ਆਜ਼ਾਦ ਕਰ ਦਿੱਤਾ ਜਾਵੇ, ਤਾਂ ਉਡਾਰੀ ਭਰਨ ਬਾਅਦ ਉਹ ਮੁੜ ਪਿੰਜਰੇ ਨੂੰ ਪਰਤ ਆਉਂਦਾ ਹੈ। ਐਸੀ ਹਾਲਤ ਵਿਚ ਗੁਲਾਮੀ ਪੰਛੀ ਦੇ ਸੁਭਾਅ ਦਾ ਹਿੱਸਾ ਬਣ ਚੁਕੀ ਹੁੰਦੀ ਹੈ। ਹੋਰਨਾਂ ਦੇਸ਼ਾਂ ਵਾਂਗ ਭਾਰਤੀ ਲੋਕ ਵੀ ਆਪਣੇ ਰਾਜਿਆਂ ਦੇ ਗੁਲਾਮ ਰਹੇ। ਮੌਰਿਆ, ਭਰਤ, ਗੁਪਤ, ਹਰਸ਼ ਵਰਧਨ, ਰਾਜਪੂਤ ਆਦਿ ਸਾਮਰਾਜਾਂ ਤੋਂ ਮੁਸਲਿਮ/ਮੁਗਲ ਬਾਦਸ਼ਾਹਾਂ ਦਾ ਰਾਜ। ਭਾਰਤ ‘ਤੇ ਹਮਲੇ ਪੰਜਾਬ ਦੇ ਰਸਤਿਉਂ ਹੁੰਦੇ; ਇਸ ਲਈ ਧਾੜਵੀਆਂ ਦਾ ਪਹਿਲਾ ਸ਼ਿਕਾਰ ਪੰਜਾਬੀ ਹੀ ਬਣਦੇ। ਸਣੇ ਪੰਜਾਬ, ਭਾਰਤੀ ਲੋਕ ਉਕਤ ਸਮਰਾਟਾਂ ਦੇ, ਮੁਗਲ ਰਾਜ ਦੇ ਪਤਨ ਦੌਰਾਨ ਤੇ ਪਿਛੋਂ ਸਥਾਨਕ ਰਾਜਿਆਂ ਤੇ ਫਿਰ ਉਨ੍ਹਾਂ ਰਾਜਿਆਂ ਨੂੰ ਹਰਾਉਣ ਵਾਲੇ ਅੰਗਰੇਜ਼ਾਂ ਦੇ ਗੁਲਾਮ ਰਹੇ।
ਪੰਜਾਬ ਵਿਚ ਆਧੁਨਿਕ ਯੁੱਗ ਇੱਥੇ ਅਰਥਚਾਰੇ ਜਾਂ ਗਿਆਨ-ਵਿਗਿਆਨ ਕਾਰਨ ਹੋਈ ਤਰੱਕੀ ਕਰਕੇ ਨਹੀਂ, ਸਗੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਬਸਤੀਵਾਦੀ ਰੂਪ ਵਿਚ ਆਇਆ ਹੈ। ਭਾਰਤ ਵਿਚ ਆਜ਼ਾਦੀ ਅੰਗਰੇਜ਼ਾਂ ਵਿਰੁਧ ਦੋ-ਟੁੱਕ ਸਿੱਧੀ ਲੜਾਈ ਵਿਚੋਂ ਨਹੀਂ ਆਈ, ਜਿਵੇਂ ਅਮਰੀਕਾ ਵਿਚ, ਸਗੋਂ ਜ਼ਿਆਦਾਤਰ ਬਦਲੇ ਹੋਏ ਕੌਮਾਂਤਰੀ ਹਾਲਾਤ ਕਰਕੇ ਅੰਗਰੇਜ਼ ਜ਼ਿਆਦਾਤਰ ਆਪਣੀਆਂ ਸ਼ਰਤਾਂ ਦੇ ਆਧਾਰ ‘ਤੇ ਭਾਰਤ ਛੱਡ ਗਏ। ਸੋ, ਬਾਕੀ ਭਾਰਤ ਵਾਂਗ ਪੰਜਾਬ ਦੀ ਰੈਜ਼ਿਮੇ ਵੀ ਗੁਲਾਮੀ ਨਾਲ ਭਰੀ ਹੋਈ ਹੈ, ਗੁਲਾਮੀ ਦਾ ਜਥੇਬੰਦਕ ਲੋਕ-ਵਿਰੋਧ ਕਰ ਕੇ ਇਸ ਤੋਂ ਛੁਟਕਾਰਾ ਪਾਉਣ ਦੇ ਘੱਟੋ-ਘੱਟ ਤਜਰਬੇ ਸਮੇਤ। ਅੰਗਰੇਜ਼ ਦੇ ਜਾਣ ਪਿਛੋਂ ਪੰਜਾਬ ਵਿਚ ਰਾਜਨੀਤਕ ਤੇ ਸਮਾਜਕ ਪ੍ਰਬੰਧ ਦੀਆਂ ਅਮਲੀ ਤੇ ਵਿਹਾਰਕ ਬਾਰੀਕੀਆਂ ਵਿਚ, ਜੇ ਬਿਲਕੁਲ ਨਹੀਂ, ਤਾਂ ਬਹੁਤੀ ਤਬਦੀਲੀ ਨਾ ਆਈ। ਮਿਸਾਲ ਵਜੋਂ, ਨੀਵੀਂਆਂ ਤੇ ਉਚੀਆਂ ਜਾਤਾਂ ਵਿਚਾਲੇ ਰਿਸ਼ਤਿਆਂ ਤੋਂ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚਾਲੇ ਰਿਸ਼ਤੇ ਉਸੇ ਤਰ੍ਹਾਂ ਰਹੇ; ਵਿਦਿਆਰਥੀ ਅਧਿਆਪਕ ਨੂੰ ‘ਸਰ’ ਕਹਿੰਦਾ ਰਿਹਾ, ਅੱਜ ਤੱਕ। ਗੁਲਾਮੀ ਦੇ ਦੌਰ ਵਿਚ ਮਾਲਕ ਦਾ ਜ਼ਬਰ ਤੇ ਲੁੱਟ-ਖਸੁੱਟ ਬੁਰੀ ਹੈ, ਪਰ ਸਭ ਤੋਂ ਬੁਰਾ ਹੁੰਦਾ ਹੈ, ਗੁਲਾਮੀ ਦਾ ਹੱਡਾਂ ਵਿਚ ਰਚ ਜਾਣਾ ਤੇ ਰੂਹ ‘ਚ ਵਸ ਜਾਣਾ, ਭਾਵ ਸੁਭਾਅ ਦਾ ਹਿੱਸਾ ਬਣ ਜਾਣਾ। ਉਹਤੋਂ ਵੀ ਖਤਰਨਾਕ ਹੈ, ਸੁਭਾਅ ਵਿਚ ਛੁਪੀ ਗੁਲਾਮੀ ਦਾ ਪੀੜ੍ਹੀ ਦਰ ਪੀੜ੍ਹੀ ਸਫਰ ਕਰਨ ਲੱਗ ਜਾਣਾ। ਇਸ ਲੇਖ ਵਿਚ ਮੈਂ ਅਜਿਹੀ ਹੀ ਸੁਭਾਵਿਕ ਗੁਲਾਮੀ ਦੀਆਂ ਪੰਜਾਬੀ ਬੰਦੇ ਵਿਚ ਮਿਲਦੀਆਂ ਅਲਾਮਤਾਂ ‘ਚੋਂ ਤਿੰਨ ਬਾਰੇ ਚਰਚਾ ਕਰਾਂਗਾ। ਪਹਿਲੀ, ‘ਸਾਹਿਬ’ ਸ਼ਬਦ ਜਾਂ ਖਿਤਾਬ ਦੀ ਥੋਕ ਵਿਚ ਵਰਤੋਂ ਜਾਂ ਦੁਰ-ਵਰਤੋਂ। ‘ਸਾਹਿਬ’ ਮੁੱਢੋਂ ਅਰਬੀ ਦਾ ਸ਼ਬਦ ਹੈ, ਜਿੱਥੇ ਇਹਦਾ ਅਰਥ ਹੈ, ਸੁਆਮੀ ਜਾਂ ਮਾਲਕ। ਉਥੋਂ ਇਹ ਹਿੰਦ ਉਪਮਹਾਦੀਪ ਦੀਆਂ ਅਨੇਕਾਂ ਬੋਲੀਆਂ ਉਰਦੂ, ਹਿੰਦੀ, ਪੰਜਾਬੀ, ਬੰਗਾਲੀ ਤੇ ਗੁਜਰਾਤੀ ਸਮੇਤ ਪੰਜਾਬੀ ਵਿਚ ਵੀ ਆ ਵੜਿਆ। ਗੁਰਬਾਣੀ ਵਿਚ ਇਸ ਦੀ ਵਰਤੋਂ ਪਰਮਾਤਮਾ ਲਈ ਕੀਤੀ ਗਈ ਹੈ। ਲੋਕ ਪੱਧਰ ‘ਤੇ ਇਹ ਪ੍ਰਚਲਿਤ ਹੋਇਆ, ਜਦੋਂ ਅੰਗਰੇਜ਼ਾਂ ਦੀ ਗੁਲਾਮੀ ਸਮੇਂ ਗੋਰੇ ਅਫਸਰ ਰਾਜ ਭਾਗ ਦੇ ਮਾਲਕ ਹੋਣ ਕਾਰਨ ਭਾਰਤੀ ਲੋਕਾਂ ਕੋਲੋਂ ਆਪਣੇ ਆਪ ਨੂੰ ‘ਸਾਹਿਬ’ ਅਖਵਾਉਣ ਲੱਗੇ। ਕਰੀਬ ਦੋ ਸਦੀਆਂ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਕੱਟੀ, ਉਨ੍ਹਾਂ ਨੂੰ ‘ਸਾਹਿਬ’ ਖਿਤਾਬ ਨਾਲ ਬੁਲਾ ਬੁਲਾ ਕੇ। ਉਨ੍ਹਾਂ ਦੇ ਤੁਰ ਜਾਣ ਪਿਛੋਂ ਉਸ ਖਿਤਾਬ ਦੀ ਕਲਗੀ ਸਾਡੇ ਆਪਣੇ ਅਹੁਦੇਦਾਰਾਂ ਤੇ ਅਧਿਕਾਰੀਆਂ ਦੇ ਸਿਰ ਸਜ ਗਈ, ਤੇ ਅਸੀਂ ਇਹ ਕਲਗੀ ਆਪਣੇ ਹੱਥੀਂ ਮਿੱਤਰਾਂ-ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਦੇ ਸਿਰਾਂ ‘ਤੇ ਵੀ ਲਾ ਦਿੱਤੀ। ਜਦ ਬੋਲਦੇ ਹਾਂ ਤਾਂ ਬੱਸ ‘ਸਾਹਿਬ’ ‘ਸਾਹਿਬ’ ਹੁੰਦੀ ਹੈ, ਜਿਵੇਂ ਅਸੀਂ ਕਰੀਬ ਪੌਣੀ ਸਦੀ ਪਹਿਲਾਂ ਛੱਡ ਗਏ ‘ਮਾਲਕਾਂ’ ਦਾ ਨਾਂ ਅੱਜ ਵੀ ਜਪ ਰਹੇ ਹੋਈਏ। ਆਧੁਨਿਕ ਸਮਾਜਾਂ ਵਿਚ ਅਜਿਹੀ ਮਾਨਸਿਕ ਗੜਬੜੀ ਤੋਂ ਛੁਟਕਾਰਾ ਪਾਉਣ ਲਈ ਤੁਰੰਤ ਮਨੋਵਿਗਿਆਨੀ ਡਾਕਟਰਾਂ ਦੀ ਮਦਦ ਲਈ ਜਾਂਦੀ ਹੈ, ਪਰ ਅਰਧ-ਆਧੁਨਿਕ ਸਮਾਜਾਂ ਵਿਚ ਅਜਿਹੀ ਮਾਨਸਿਕ ਗੜਬੜੀ ਅਕਸਰ ਸੱਭਿਆਚਾਰ ਦਾ ਹਿੱਸਾ ਬਣ ਬਹਿੰਦੀ ਹੈ। ਕੁਝ ਐਸਾ ਹੀ ਹੋਇਆ ਲੱਗਦਾ ਹੈ, ਸਾਡੇ ਨਾਲ। ਗੱਲ ਨਿਰੇ ਸ਼ਬਦ ਦੀ ਨਹੀਂ; ਇਹ ਇਕ ਸਥਾਪਤ ਮਨੋਵਿਗਿਆਨਕ ਸੱਚ ਹੈ ਕਿ ਬੋਲਾਂ ਤੋਂ ਅੰਦਰੂਨੀ ਭਾਵਨਾਵਾਂ ਪੈਦਾ ਹੁੰਦੀਆਂ ਨੇ, ਜਿਨ੍ਹਾਂ ਦਾ ਅਸਰ ਸਰੀਰਕ ਕ੍ਰਿਆਵਾਂ ਤੇ ਬੰਦੇ ਦੇ ਕਾਰਨਾਮਿਆਂ ‘ਤੇ ਪੈਂਦਾ ਹੈ।
ਕੋਈ ਕਹਿ ਸਕਦਾ ਹੈ, ”ਅਸੀਂ ਤਾਂ ‘ਸਾਹਿਬ’ ਵਿਸ਼ੇਸ਼ਣ ਨੂੰ ਸਤਿਕਾਰ ਵਜੋਂ ਵਰਤਦੇ ਆਂ”; ਪਰ ਇਸ ਵਰਤੋਂ ਦੇ ਸੰਦਰਭ, ਗੁਲਾਮੀ, ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਦੋ ਸਦੀਆਂ ਜਿਸ ਖਿਤਾਬ ਹੇਠ ਗੁਲਮੀ ਗੁਜਾਰਨ ਪਿਛੋਂ ਉਸੇ ਖਿਤਾਬ ਨੂੰ ਸਤਿਕਾਰ ਵਜੋਂ ਵਰਤਣਾ ਸ਼ੁਰੂ ਕਰ ਦੇਣਾ ਜਾਂ ਸਤਿਕਾਰ ਦੇ ਪਾਤਰ ਵਿਚ ਬਦਲ ਦੇਣਾ ਵੀ ਮਾਨਸਿਕ ਗੁਲਾਮੀ ਦੇ ਪ੍ਰਗਟਾਵੇ ਦਾ ਹੀ ਇੱਕ ਰੂਪ ਹੈ। ਉਦਾਂ, ਸਤਿਕਾਰ ਵਜੋਂ ਵਰਤਣ ਵਾਸਤੇ ਪੰਜਾਬੀ ਕੋਲ ਇੱਕ ਬਹੁਤ ਸਜੀਵ ਸ਼ਬਦ ਹੈ, ‘ਜੀ’।
ਗੁਰਬਾਣੀ ਵਿਚ ‘ਸਾਹਿਬ’ ਖਿਤਾਬ ਦੀ ਵਰਤੋਂ ਪਰਮਾਤਮਾ ਲਈ ਕਰਨ ਦੀ, ਜਾਂ ਬਾਅਦ ਵਿਚ ਮਹਾਂਪੁਰਸ਼ਾਂ ਤੇ ‘ਗੁਰੂ ਗ੍ਰੰਥ’ ਆਦਿ ਦੇ ਨਾਂਵਾਂ ਵਿਚ ਸਤਿਕਾਰ ਵਜੋਂ ਵਰਤਣ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਖੁਦ ਧਾਰਮਿਕ ਨਿਯਮ ਜਾਂ ਚੱਜ ਆਗਿਆ ਨਹੀਂ ਦੇਵੇਗਾ ਕਿ ਪਰਮਾਤਮਾ ਅਤੇ ਧਾਰਮਿਕ ਮਹਾਂਪੁਰਸ਼ਾਂ ਲਈ ਵਰਤਿਆਂ ਜਾਣ ਵਾਲਾ ਖਿਤਾਬ ‘ਜਣੇ ਖਣੇ’ ਬੰਦਿਆਂ ਤੇ ਥਾਂਵਾਂ ਲਈ ਵਰਤਿਆ ਜਾਵੇ। ਸੋ, ‘ਸਾਹਿਬ’ ਦੀ ਥੋਕ ਵਿਚ ਵਰਤੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਪਾਸਿਓਂ ਹੀ ਆਈ ਹੈ ਤੇ ਗੁਲਾਮ ਪ੍ਰਵਿਰਤੀ ਦੀ ਸੂਚਕ ਹੈ।
ਪੰਜਾਬੀ ਬੰਦੇ ਵਿਚ ਮਿਲਦੀ ਸੁਭਾਵਿਕ ਗੁਲਾਮੀ ਦੀ ਦੂਜੀ ਅਲਾਮਤ ਹੈ, ਪੰਜਾਬੀ ਮਨ ਵਿਚ ਅੱਜ ਵੀ ਕਾਲੇ ਤੇ ਭੂਰੇ ਰੰਗਾਂ ਉਪਰ ਗੋਰਿਆਂ ਦੀ ਸਰਦਾਰੀ ਦੇ ਝੰਡੇ ਝੂਲਦੇ ਹਨ। ਸਾਡੇ ਲੋਕ-ਪ੍ਰਚਾਲਿਤ ਗੀਤਾਂ, ਆਮ ਗੱਲਾਂ, ਤੇ ਪਸੰਦਾਂ ‘ਚੋਂ ਇਹ ਸਰਦਾਰੀ ਡੁੱਲ੍ਹ ਡੁੱਲ੍ਹ ਪੈਂਦੀ ਹੈ। ਜੇ ਟਾਵੀਂ ਟਾਵੀਂ ਕਾਲੇ ਰੰਗ ਦੀ ਸਿਫਤ ਮਿਲਦੀ ਵੀ ਹੈ, ਤਾਂ ਉਹ ਵੀ ਜ਼ਿਆਦਾਤਰ ਬਚਾਅ ਜਾਂ ਸਫਾਈ ਦੇਣ ਦੇ ਪੈਂਤੜੇ ਤੋਂ। ਮਿਸਾਲ ਵਜੋਂ,
”ਮੇਰਾ ਕਾਲਾ ਹੀ ਸਰਦਾਰ, ਕਾਲਾ ਸ਼ਾਹ ਕਾਲਾ।
ਮੈਂ ਆਪ ਤਿੱਲੇ ਦੀ ਤਾਰ, ਗੋਰਿਆਂ ਨੂੰ ਦਫਾ ਕਰੋ।”
ਭਾਵ ਤਾਂ ਕੀ ਹੋਇਆ ਜੇ ਖਾਵੰਦ ਕਾਲਾ, ਮੈਂ ਆਪ ਤਾਂ ਗੋਰੀਆਂ ਵਰਗੀ ਹੀ ਲੱਗਦੀ ਆਂ। ਇਹਦੇ ਵਿਚ ਖਾਵੰਦ ਦੀ ਘੋਰ ਬੇਇੱਜਤੀ ਹੈ; ਪਰ ਤ੍ਰੀਮਤ ਤੇ ਖਾਵੰਦ-ਦੋਵੇਂ ਖੁਸ਼ੀ ਖੁਸ਼ੀ ਬੜੇ ਮਾਣ ਨਾਲ ਸੁਣੀ ਜਾਂਦੇ ਹਨ।
ਅਸੀਂ ਕਾਲੇ ਰੰਗ ਨੂੰ ਅਜੇ ਵੀ ਕਰੂਪਤਾ, ਬੁਰਾਈ ਤੇ ਬਦਸ਼ਗਨੀ ਦਾ ਪ੍ਰਤੀਕ ਸਮਝਦੇ ਰਹਿੰਦੇ ਹਾਂ। ‘ਕਾਲਾ ਦਿਨ’, ‘ਕਾਲਾ ਹਫਤਾ’, ‘ਕਾਲੀ ਜੀਭ’, ‘ਕਾਲਾ ਦਿਲ’, ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਆਦਿ ਕਹਾਵਤਾਂ ਤੇ ਵਾਕਅੰਸ਼ ਆਮ ਵਰਤੇ ਜਾਂਦੇ ਨੇ। ਹੋਰ ਤਾਂ ਹੋਰ ਅਗਾਂਹ-ਵਧੂ/ਪ੍ਰਗਤੀਸ਼ੀਲ ਸੋਚ ਵਾਲੇ ਲੋਕ ਵੀ ‘ਕਾਲੇ ਦਿਨ’ ਤੇ ‘ਕਾਲੇ ਹਫਤੇ’ ਮਨਾਉਂਦੇ ਨੇ, ਤੇ ਭਾਰਤ ਦੀ ਅਧੂਰੀ ਆਜ਼ਾਦੀ ਨੂੰ ‘ਕਾਲੀ ਆਜ਼ਾਦੀ’ ਜਾਂ ‘ਕਾਲੇ ਦਿਲ’ ਵਾਲੀ ਆਜ਼ਾਦੀ ਕਹਿੰਦੇ ਨੇ। ਇਸ ਤੋਂ ਇਲਾਵਾ ਚਿਹਰੇ ਦਾ ਰੰਗ ਗੋਰਾ ਕਰਨ ਲਈ ਵਰਤੇ ਜਾਣ ਵਾਲੇ ‘ਅਸਰਦਾਰ’ ਘਰੇਲੂ ਨੁਸਖਿਆਂ, ਫੇਅਰਨੈਸ ਕ੍ਰੀਮ ਦੀ ਵਰਤੋਂ ਆਦਿ ਦਾ ਬੜਾ ਬੋਲਬਾਲਾ ਹੈ। ਪੰਜਾਬ ਜਾਂ ਪੰਜਾਬੀਆਂ ਵਿਚ ਗੋਰਾ ਰੰਗ ਸੁੰਦਰਤਾ ਦਾ ਇੱਕ ਪੈਮਾਨਾ ਬਣ ਸੁੰਦਰਤਾ ਉਦਯੋਗ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੰਜਾਬੀ ਬੰਦੇ ਵਿਚ ਮਿਲਦੀ ਸੁਭਾਵਿਕ ਗੁਲਾਮੀ ਦੀ ਤੀਜੀ ਅਲਾਮਤ ਹੈ, ਪੰਜਾਬੀ ਬੰਦੇ ਦਾ ਵਤੀਰਾ, ਜੋ ਉਦੋਂ ਉਜਾਗਰ ਹੁੰਦਾ ਹੈ, ਜਦੋਂ ਉਹ ਪੰਜਾਬ ਛੱਡ ਕੇ ਆਪਣੀ ਮਰਜ਼ੀ ਦੇ ਦੇਸ਼ ਦਾ ਸ਼ਹਿਰੀ ਬਣ ਕੇ ਉਥੇ ਵਸ ਜਾਂਦਾ ਹੈ। ਜਦੋਂ ਬੰਦਾ ਇੱਕ ਦੇਸ਼ ਵਿਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿਚ ਆਣ ਵਸੇ ਤੇ ਉਹਦੀ ਸ਼ਹਿਰੀਅਤ ਲੈ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼ ਯਾਨਿ ‘ਕੰਟਰੀ ਆਫ ਚੁਆਇਸ’ ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ-ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਇੱਕ ਹੁਣ ਦਾ ਦੇਸ਼, ਪਰਦੇਸ ਕੋਈ ਨਹੀਂ। ਇਹ ਇਸ ਸਥਿਤੀ ਪ੍ਰਤੀ ਸਹੀ, ਵਾਜਬ ਤੇ ਸਹਿਜ ਪਹੁੰਚ ਹੈ, ਜੋ ਹਕੀਕਤ ‘ਤੇ ਆਧਾਰਿਤ ਹੈ।
ਮਿਸਾਲ ਵਜੋਂ ਅਮਰੀਕਾ ਆਪਣੇ ਹੁਣ ਤੱਕ ਦੇ ਇਤਿਹਾਸ ਸਦਕਾ ਪਰਵਾਸੀਆਂ ਦਾ ਕਿਹਾ ਜਾਂਦਾ ਹੈ, ਜਿੱਥੇ ਆਦਿਵਾਸੀ ਅਮਰੀਕੀ ਘੱਟ-ਗਿਣਤੀ ਤੋਂ ਇਲਾਵਾ ਅੱਜ ਵੀ ਹਰ ਇੱਕ ਵਿਅਕਤੀ ਜਾਂ ਟੱਬਰ ਜਾਂ ਤਾਂ ਇੰਮੀਗਰੈਂਟ (ਪਰਵਾਸੀ) ਹੈ, ਤੇ ਜਾਂ ਉਹਦੀਆਂ ਇਸ ਦੇਸ਼ ਵਿਚ ਜੜਾਂ ਇੱਕ ਇੰਮੀਗਰੈਂਟ ਵਿਅਕਤੀ ਜਾਂ ਟੱਬਰ ਨਾਲ ਜਾ ਮਿਲਦੀਆਂ। ਇੰਜ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚੋਂ ਆ ਕੇ ਲੋਕ ਅਮਰੀਕਾ ਵਿਚ ਵਸੇ, ਜਿਨ੍ਹਾਂ ਇਸ ਦੇਸ਼ ਦੀ ਉਸਾਰੀ ਵਿਚ ਹਿੱਸਾ ਵੀ ਪਾਇਆ। ਬਹੁਤੇ ਪੰਜਾਬੀ ਅਮਰੀਕੀ ਨਾਗਰਿਕਤਾ ਦੀ ਸਹੁੰ ਚੁੱਕਣ ਪਿਛੋਂ ਤੇ ਅਮਰੀਕੀ ਰਾਸ਼ਟਰਪਤੀ ਦਾ ਰਸਮੀ ਖਤ, ਜਿਸ ‘ਚ ਉਹ ਉਨ੍ਹਾਂ ਨੂੰ ‘ਮਾਈ ਫੈਲੋ ਅਮੈਰਿਕਨ’ ਕਹਿ ਕੇ ਸੰਬੋਧਤ ਹੁੰਦਾ ਹੈ, ਪ੍ਰਾਪਤ ਕਰਨ ਪਿਛੋਂ ਵੀ ਵਿਦੇਸ਼ੀ ਹੋਣ ਦਾ ਆਪੇ ਸਿਰਜਿਆ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ; ਉਹ ਅਕਸਰ ਅਮਰੀਕਾ ਨੂੰ ‘ਗੋਰਿਆਂ’ ਦਾ ਦੇਸ਼ ਸਮਝਦੇ ਰਹਿੰਦੇ ਨੇ ਅਤੇ ਕਾਲੇ ਤੇ ਹੋਰ ਰੰਗਦਾਰ ਨਸਲਾਂ ਵਾਲੇ ਅਮਰੀਕਨਾਂ ਬਾਰੇ ਉਨ੍ਹਾਂ ਦੇ ਵਿਚਾਰ ਅਕਸਰ ਵਿਕਤਰੇ ਭਰੇ ਹੁੰਦੇ ਨੇ। ਕੈਨੇਡਾ ਤੇ ਹੋਰ ਪੱਛਮੀ ਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਵਿਚ ਇਹ ਵਤੀਰਾ ਆਮ ਹੈ। ਮੁੱਕਦੀ ਗੱਲ, ਤਰਕ ਦਿੱਤਾ ਜਾ ਸਕਦਾ ਹੈ ਕਿ ਅੰਗਰੇਜ਼ੀ ਰਾਜ ਸੰਗ ਪੂਰੇ ਹੋਏ ਗੁਲਾਮੀ ਦੇ ਲੰਬੇ ਇਤਿਹਾਸ ਦਾ ਅਸਰ, ਬਾਕੀ ਭਾਰਤੀਆਂ ਵਾਂਗ, ਪੰਜਾਬੀਆਂ ਦੀ ਮਾਨਸਿਕਤਾ ਉਪਰ ਵੀ ਪਿਆ। ਇਸ ਅਸਰ ਦੀ ਡੁੰਘਾਈ ਸਦਕਾ ਅਤੇ ਇਹਨੂੰ ਮਿੱਥ ਕੇ ਮਿਟਾਉਣ ਦੀਆਂ ਕਾਫੀ ਕੋਸ਼ਿਸ਼ਾਂ ਦੀ ਗੈਰ-ਹਾਜ਼ਰੀ ਕਾਰਨ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਕਰੀਬ ਪੌਣੀ ਸਦੀ ਬਾਅਦ ਵੀ ਇਹ ਅਸਰ ਕਾਇਮ ਹੈ।
ਇਸ ਲੇਖ ਵਿਚ ਵਿਚਾਰੀਆਂ ਗਈਆਂ ਅਲਾਮਤਾਂ ਗੁਲਾਮ ਪ੍ਰਵਿਰਤੀ ਤੇ ਵਤੀਰੇ ਦੀਆਂ ਹੀ ਪ੍ਰਤੀਕ ਨੇ: ‘ਸਾਹਿਬ’ ਖਿਤਾਬ ਦੀ ਭਰਮਾਰ ਵਰਤੋਂ, ਗੋਰੇ ਰੰਗ ਦੀ ਕਾਲੇ ਰੰਗ ਉਪਰ ਸਰਦਾਰੀ, ਤੇ ਪੱਛਮੀ ਦੇਸ਼ਾਂ ਦੇ ਨਾਗਰਿਕ ਬਣ ਕੇ ਵੀ ਉਨ੍ਹਾਂ ਨੂੰ ਨਾ ਅਪਨਾਉਂਦਿਆਂ ਗਲਤ ਤੌਰ ‘ਤੇ ਸਿਰਫ ‘ਗੋਰਿਆਂ’ ਦੇ ਦੇਸ਼ ਸਮਝੀ ਜਾਣਾ।
ਇੱਥੇ ਤਿੰਨ ਅਲਾਮਤਾਂ ਮਿਸਾਲ ਵਜੋਂ ਵਿਚਾਰੀਆਂ ਗਈਆਂ ਨੇ, ਉਂਜ ਸੁਭਾਵਿਕ ਜਾਂ ਮਾਨਸਿਕ ਗੁਲਾਮੀ ਦੀਆਂ ਅਲਾਮਤਾਂ ਤਾਂ ਬਥੇਰੀਆਂ ਨੇ, ਜੋ ਪੰਜਾਬੀ ਬੰਦੇ ਵਿਚ ਮਿਲਦੀਆਂ ਹਨ। ਜੇ ਚਾਹੀਏ ਤਾਂ, ਨਾ-ਉਚਿਤ ਵਰਤੋਂ ਵਿਚ ‘ਸਾਹਿਬ’ ਨੂੰ ‘ਜੀ’ ਵਿਚ ਬਦਲ ਸਕਦੇ ਹਾਂ; ਕਾਲੇ ਰੰਗ ਪ੍ਰਤੀ ਨਸਲਵਾਦੀ ਰਵੱਈਆ ਜਿਵੇਂ ‘ਕਾਲਾ ਦਿਨ’, ‘ਕਾਲੀ ਜ਼ੁਬਾਨ’, ‘ਕਾਲਾ ਦਿਲ’ ਆਦਿ ਸੰਕਲਪਾਂ ਦੀ ਵਰਤੋਂ ਛੱਡ ਸਕਦੇ ਹਾਂ; ਤੇ ਜੇ ਪੰਜਾਬੋਂ ਬਾਹਰ ਕਿਸੇ ਦੇਸ਼ ਵਿਚ ਬਤੌਰ ਨਾਗਰਿਕ ਵਸ ਰਹੇ ਹੋਈਏ ਤਾਂ ਉਹਨੂੰ ਆਪਣਾ ਦੇਸ਼ ਸਮਝ ਕੇ ਉਥੋਂ ਦੀਆਂ ਭਾਈਚਾਰਕ, ਸਮਾਜਿਕ ਤੇ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈ ਸਕਦੇ ਹਾਂ, ਆਪਣੇ ਵਿੱਤ ਮੂਜਬ। ਇੰਜ ਸ਼ੁਰੂਆਤ ਕਰ ਸਕਦੇ ਹਾਂ, ਗੁਲਾਮੀ ਦੀ ਰਹਿੰਦ-ਖੂੰਹਦ ਨੂੰ ਆਪੋ-ਆਪਣੇ ਮਨ ਵਿਚੋਂ ਹੂੰਝ ਸੁੱਟਣ ਦੀ, ਬਜਾਏ ਅਗਲੇ ਪੀੜ੍ਹੀ ਨੂੰ ਸੌਂਪ ਦੇਣ ਦੇ। ਜੇ ਚਾਹੀਏ ਤਾਂ!

ਡਾ. ਸੁਖਪਾਲ ਸੰਘੇੜਾ