Copyright & copy; 2019 ਪੰਜਾਬ ਟਾਈਮਜ਼, All Right Reserved
ਕੀ ਸਿੱਖ ਭਾਰਤ ਵਿਚ ਆਜ਼ਾਦੀ ਦਾ ਨਿੱਘ ਮਾਣ ਰਹੇ ਨੇ?

ਕੀ ਸਿੱਖ ਭਾਰਤ ਵਿਚ ਆਜ਼ਾਦੀ ਦਾ ਨਿੱਘ ਮਾਣ ਰਹੇ ਨੇ?

ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਦਿਤੀਆਂ ਜਦਕਿ ਸਾਡੀ ਗਿਣਤੀ ਦੋ ਫ਼ੀ ਸਦੀ ਹੈ। ਆਜ਼ਾਦੀ ਤੋਂ ਪਹਿਲਾਂ ਕਲਕੱਤੇ ਖਚਾਖਚ ਪ੍ਰੈਸ ਕਾਨਫ਼ਰੰਸ ਵਿਚ ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਉੱਤਰੀ ਭਾਰਤ ਵਿਚ ਇਕ ਖ਼ਿੱਤਾ ਸਿੱਖਾਂ ਨੂੰ ਦਿਤਾ ਜਾਵੇਗਾ, ਜਿਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ।
ਵਿਧਾਨ ਸਭਾ ਲਈ ਬਣੀ ਕਮੇਟੀ ਵਿਚ ਸਿੱਖਾਂ ਦੇ ਨੁਮਾਇੰਦਿਆਂ ਨੇ ਇਤਰਾਜ਼ ਪ੍ਰਗਟਾਉਂਦਿਆਂ ਦਸਤਖ਼ਤ ਨਾ ਕੀਤੇ ਪਰ ਕੋਈ ਲੋੜ ਹੀ ਨਾ ਸਮਝੀ ਗਈ ਕਿ ਇਸ ਇਤਰਾਜ਼ ਸਬੰਧੀ ਸਿੱਖਾਂ ਨਾਲ ਗੱਲ ਕੀਤੀ ਜਾਵੇ। ਆਜ਼ਾਦੀ ਤੋਂ ਬਾਅਦ ਅਜੇ ਸਿਰਫ਼ ਪੌਣੇ ਦੋ ਮਹੀਨਿਆਂ ਬਾਅਦ ਜਦ ਸਿੱਖ ਆਗੂਆਂ ਨੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੂੰ ਉਸ ਦੇ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਂਦੇ ਹੋਏ ਹੱਕ ਮੰਗੇ ਤਾਂ ਨਹਿਰੂ ਨੇ ਮੁਸਕਰਾਉਂਦਿਆਂ ਸਾਫ਼ ਆਖ ਦਿਤਾ ਕਿ ”ਅਬ ਤੋਂ ਵਕਤ ਬਦਲ ਗਿਆ ਪੁਰਾਨੀ ਬਾਤੇਂ ਭੂਲ ਜਾਈਏ।”
ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦਿਤਾ ਗਿਆ। ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸਿਰਦਾਰ ਕਪੂਰ ਸਿੰਘ (ਆਈ.ਸੀ.ਐਸ) ਜੀ ਕੋਲ ਇਹ ਸਰਕੂਲਰ ਪਹੁੰਚਿਆ ਤਾਂ ਉਨ੍ਹਾਂ ਨੇ ਇਸ ਉਤੇ ਦਸਤਖ਼ਤ ਨਾ ਕੀਤੇ। ਉਨ੍ਹਾਂ ਨੂੰ ਜਬਰੀ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ। ਰਿਪੇਰੀਅਨ ਕਾਨੂੰਨ ਨੂੰ ਸਮੁੱਚਾ ਸੰਸਾਰ ਮੰਨਦਾ ਹੈ ਪਰ ਪੰਜਾਬ ਦੇ ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਮੁਤਾਬਕ ਨਹੀਂ ਕੀਤੀ ਗਈ। ਇਹ ਸਿੱਧਾ ਧੱਕਾ ਹੈ ਪੰਜਾਬ ਨਾਲ। ਕੁਦਰਤੀ ਆਮਦਨ ਦਾ ਸੋਮਾ ਕੋਲਾ ਕੀ ਬਿਹਾਰ ਦੂਜਿਆਂ ਨੂੰ ਮੁਫ਼ਤ ਦਿੰਦਾ ਹੈ? ਰਾਜਸਥਾਨ ਕੀ ਪੱਥਰ ਮੁਫ਼ਤ ਦਿੰਦਾ ਹੈ? ਹੋਰ ਕਈ ਸੂਬੇ ਹਨ ਜੋ ਕੁਦਰਤੀ ਆਮਦਨ ਦੇ ਸਾਧਨਾਂ ਤੋਂ ਸੂਬੇ ਦੀ ਆਰਥਿਕਤਾ ਮਜ਼ਬੂਤ ਕਰਦੇ ਹਨ ਪਰ ਪੰਜਾਬ ਦਾ ਪਾਣੀ ਹਰਿਆਣੇ ਰਾਜਸਥਾਨ ਨੂੰ ਮੁਫ਼ਤ ਦਿਤਾ ਜਾਂਦਾ ਹੈ। ਪੰਜਾਬ ਦੀ ਧਰਤੀ ਵਿਚ ਪਾਣੀ ਘੱਟ ਰਿਹਾ ਹੈ। ਪਰ ਕੇਂਦਰ ਸਰਕਾਰ ਦੁਬਾਰਾ ਵਿਚਾਰ ਤਕ ਨਹੀਂ ਕਰ ਰਹੀ। ਪੰਜਾਬੀ ਸੂਬਾ ਮੰਗਿਆ ਦੇਸ਼ ਭਰ ਵਿਚ ਭਾਸ਼ਾ ਦੇ ਆਧਾਰ ਉਤੇ ਸੂਬੇ ਬਣੇ ਪਰ ਮਹਾਂ ਪੰਜਾਬ ਵਿਚੋਂ ਹਰਿਆਣਾ, ਹਿਮਾਚਲ ਕੱਢ ਕੇ ਇਹ ਛੋਟੀ ਜਹੀ ਸੂਬੀ ਵਰਗਾ ਪੰਜਾਬ ਦਿਤਾ ਗਿਆ। ਇਹ ਸਾਰਾ ਕੁੱਝ ਸਿੱਖਾਂ ਦੀ ਜਨਮ ਭੂਮੀ ਪੰਜਾਬ ਵਿਚ ਸਿੱਖਾਂ ਨੂੰ ਦਬਾ ਕੇ ਰੱਖਣ ਲਈ ਕੀਤਾ ਗਿਆ ਤੇ ਅੱਜ ਵੀ ਹੋ ਰਿਹਾ ਹੈ। ਭਾਖੜਾ ਡੈਮ ਅਸਲ ਵਿਚ ਪੰਜਾਬ ਵਿਚ ਸੀ ਪਰ ਜਾਣਬੁੱਝ ਕੇ ਹਿਮਾਚਲ ਦੀ ਹੱਦ ਕੁੱਝ ਕਿਲੋਮੀਟਰ ਹੋਰ ਅਗਾਂਹ ਕਰ ਕੇ ਭਾਖੜਾ ਡੈਮ ਉਤੇ ਵੀ ਕਬਜ਼ਾ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਤਕ ਪਹੁੰਚਾਉਣ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੀਆਂ ਬਦਨੀਤੀਆਂ ਹਨ ਕਿਉਂਕਿ ਪੰਜਾਬ ਵਿਚ ਬਹੁ-ਗਿਣਤੀ ਖੇਤੀ ਜੱਟ ਕਰਦੇ ਹਨ ਅਪਣੇ ਜਾਤ ਪਾਤ ਵਾਲੇ ਕਾਲਮ ਵਿਚ ਜੱਟ ਸਿੱਖ ਲਿਖਦੇ ਹਨ। ਸਿੱਖਾਂ ਨੇ ਜੋ ਅਪਣੇ ਹੱਕਾਂ ਦੀ ਪੂਰਤੀ ਲਈ ਧਰਮ ਯੁਧ ਮੋਰਚਾ ਲਗਾਇਆ। ਅਨੰਦਪੁਰ ਦਾ ਮਤਾ ਪਾਸ ਕੀਤਾ। ਧਰਮ ਯੁਧ ਮੋਰਚੇ ਦੀ ਮੰਗ ਸੀ ਕਿ ਅਨੰਦਪੁਰ ਦਾ ਮਤਾ ਲਾਗੂ ਕੀਤਾ ਜਾਵੇ ਤਾਂ ਸਿੱਖ ਮੋਰਚਾ ਫ਼ਤਿਹ ਕਰ ਦੇਣਗੇ ਪਰ ਕੇਂਦਰ ਸਰਕਾਰ ਵਿਚ ਬੈਠੀ ਐਂਟੀ ਸਿੱਖ ਲਾਬੀ ਨੇ ਜਾਣਬੁੱਝ ਕੇ ਪੰਜਾਬ ਵਿਚ ਅਜਿਹੇ ਹਾਲਾਤ ਪੈਦਾ ਕਰਵਾਏ ਕਿ ਸ਼ਾਂਤਮਈ ਚੱਲ ਰਹੇ ਮੋਰਚੇ ਨੂੰ ਅਤਿਵਾਦ ਵਿਚ ਬਦਲ ਦਿਤਾ। ਅਤਿਵਾਦੀ ਸਿੱਖ ਨਹੀਂ ਸਨ ਨਾ ਹਨ ਤੇ ਨਾ ਹੀ ਕਦੇ ਹੋਣਗੇ। ਆਖ਼ਰ ਸਮੇਂ ਦੀ ਹਕੂਮਤ ਨੇ ਇਕ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ 38 ਗੁਰੂ ਘਰਾਂ ਵਿਚ ਫ਼ੌਜ ਦਾ ਹਮਲਾ ਕਰਵਾ ਕੇ ਨਿਹੱਥੇ ਨਿਰਦੋਸ਼ ਸ਼ਰਧਾਲੂਆਂ ਨੂੰ ਮਾਰਿਆ। ਇਸ ਹਮਲੇ ਸਬੰਧੀ ਆਈਆਂ ਕਿਤਾਬਾਂ ਵਿਚ ਏਨਾ ਕੁੱਝ ਦਰਜ ਹੈ ਜੋ ਇਥੇ ਲਿਖਣਾ ਮੁਸ਼ਕਿਲ ਹੈ। ਇੰਦਰਾ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਖੁਰਾ ਖੋਜ ਖ਼ਤਮ ਕਰਨ ਦੀ ਮਨਸ਼ਾ ਨਾਲ ਦਿੱਲੀ ਵਿਚ ਸਿੱਖ ਨਸਲਕੁਸ਼ੀ ਹੋਈ। ਫ਼ੌਜ ਵਿਚ ਸਿੱਖਾਂ ਦੀ ਭਰਤੀ ਘੱਟ ਕਰ ਦਿਤੀ ਗਈ। ਪੰਜਾਬ ਦੇ ਕਿਸਾਨ ਸਦਾ ਹੀ ਦੇਸ਼ ਦੇ ਅੰਨ ਭੰਡਾਰ ਵਿਚ ਮੋਹਰੀ ਹੋ ਫ਼ਰਜ਼ ਅਦਾ ਕਰਦੇ ਰਹੇ ਪਰ ਕੇਂਦਰ ਵਲੋਂ ਖ਼ੁਦਕੁਸ਼ੀਆਂ ਦੇ ਹਾਲਾਤ ਵਿਚ ਪਹੁੰਚੇ ਕਿਸਾਨਾਂ ਖ਼ਾਤਰ ਕਦੇ ਵੀ ਵਿਸ਼ੇਸ਼ ਆਰਥਕ ਪੈਕੇਜ ਨਹੀਂ ਦਿਤਾ ਗਿਆ। ਸਿੱਖਾਂ ਪ੍ਰਤੀ ਕਾਂਗਰਸ ਤੇ ਭਾਜਪਾ ਦੀ ਆਰ.ਐਸ.ਐਸ. ਦੀ ਛਤਰ ਛਾਇਆ ਹੇਠ ਹਾਈ ਕਮਾਂਡ ਪੱਧਰ ਤੇ ਇਕਜੁਟ ਇਕਸੁਰ ਵਾਲੀ ਨੀਤੀ ਹੈ। ਜਦ ਦਿੱਲੀ ਵਿਚ ਨਵੰਬਰ 1984 ਨੂੰ ਸਿੱਖ ਨਸਲਕੁਸ਼ੀ ਹੋਈ ਕੀ ਉਸ ਸਮੇਂ ਦਿੱਲੀ ਵਿਚ ਕੋਈ ਵੀ ਭਾਜਪਾਈ ਆਗੂ ਹੈ ਹੀ ਨਹੀਂ ਸੀ?
ਸਿੱਖਾਂ ਦੀ ਨੁਮਾਇੰਦਾ ਜਮਾਤ ਅਕਾਲੀ ਦਲ ਨੇ ਭਾਜਪਾ ਨਾਲ ਭਾਈਵਾਲੀ ਪਾ ਕੇ ਹਿੰਦੂ ਸਿੱਖ ਭਾਈ-ਭਾਈ ਅਨੁਸਾਰ ਪਹਿਰਾ ਦਿਤਾ ਪਰ ਵਾਜਪਾਈ ਦੀ ਸਰਕਾਰ ਲਗਭਗ 6 ਸਾਲ ਤੇ 2014 ਤੋਂ 2019 ਤਕ ਮੋਦੀ ਸਰਕਾਰ 5 ਸਾਲ ਦੋਨੋਂ ਮਿਲਾ ਕੇ 11 ਸਾਲ ਭਾਜਪਾ ਵਿਚ ਅਕਾਲੀ ਦਲ ਭਾਈਵਾਲ ਰਿਹਾ ਪਰ ਸਿੱਖਾਂ ਤੇ ਹੋਏ ਸਿਖਰ ਦੇ ਜ਼ੁਲਮ ਜੂਨ 1984 ਤੇ ਨਵੰਬਰ 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ, ਪੀੜਤਾਂ ਨੂੰ ਸਹੀ ਢੰਗ ਨਾਲ ਮਦਦ ਦੇਣੀ ਅਤੇ ਜੇਲਾਂ ਵਿਚ ਬੈਠੇ ਸਜ਼ਾ ਪੂਰੀ ਕਰ ਚੁਕੇ ਸਿੱਖਾਂ ਨੂੰ ਰਿਹਾਅ ਕਰਨਾ ਅਤੇ ਪੰਜਾਬ ਦੇ ਲਟਕਦੇ ਮਸਲੇ, ਚੰਡੀਗੜ੍ਹ ਪੰਜਾਬ ਨੂੰ ਦੇਣਾ, ਪਾਣੀਆਂ ਦੀ ਸਹੀ ਵੰਡ ਤੇ ਪੰਜਾਬੀ ਬੋਲਦੇ ਇਲਾਕੇ ਵਾਪਸ ਕਰਨੇ ਕਿਸੇ ਵੀ ਮਸਲੇ ਤੇ ਭਾਜਪਾ ਨੇ ਸਿੱਖਾਂ ਬਾਰੇ ਸੋਚਿਆ ਤਕ ਵੀ ਨਹੀਂ ਹੈ। ਹਾਂ ਸੱਜਣ ਕੁਮਾਰ ਨੂੰ 2019 ਵਿਚ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜੇਲ ਭੇਜਿਆ ਗਿਆ ਤੇ ਵੋਟਾਂ ਬਟੋਰ ਲਈਆਂ ਗਈਆਂ ਜਦਕਿ ਕਮਲ ਨਾਥ ਵੀ ਬਰਾਬਰ ਦਾ ਦੋਸ਼ੀ ਹੁੰਦਿਆਂ ਮੁੱਖ ਮੰਤਰੀਸ਼ਿਪ ਹੰਢਾ ਰਿਹਾ ਹੈ। ਅਨੰਦ ਮੈਰਿਜ ਐਕਟ ਤੇ ਅਜੇ ਤਕ ਵੀ ਰਾਜਨੀਤੀ ਹੀ ਹੋਈ ਜਾ ਰਹੀ ਹੈ।
ਅਸਲ ਵਿਚ ਜੇਕਰ ਪੂਰੀ ਪੜਚੋਲ ਕਰੀਏ ਤਾਂ ਇਕ ਨਹੀਂ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਖ਼ਾਲਿਸਤਾਨ ਨਾ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਗਿਆ ਸੀ ਤੇ ਨਾ ਹੀ ਸਿੱਖਾਂ ਨੇ। ਮੁੱਖ ਰੂਪ ਵਿਚ ਜਦ 80 ਫ਼ੀ ਸਦੀ ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ ਤੋਂ ਬਾਅਦ ਆਪ ਐਲਾਨ ਕਰ ਕੇ ਉੱਤਰੀ ਭਾਰਤ ਵਿਚ ਇਕ ਖਿੱਤਾ ਦੇਣ ਤੋਂ ਵੀ ਨਹਿਰੂ ਮੁਕਰ ਗਿਆ ਤਾਂ ਸੁਭਾਵਿਕ ਸੀ ਸਿੱਖਾਂ ਦਾ ਵਿਸ਼ਵਾਸ ਉਠ ਜਾਂਦਾ। ਝੂਠੇ ਪੁਲਿਸ ਮੁਕਾਬਲੇ, ਚਿੱਟਾ ਸਮੈਕ ਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਸਿੱਖਾਂ ਦਾ ਮਨੋਬਲ ਡੇਗਣ ਅਤੇ ਵਿਸ਼ਵਾਸ ਖ਼ਤਮ ਕਰਨ ਲਈ ਸੋਚੀ ਸਮਝੀ ਸਾਜ਼ਸ਼ ਅਧੀਨ ਵਾਪਰਿਆ ਹੈ। ਸਿੱਖਾਂ ਦਾ ਧਾਰਮਕ ਫ਼ਲਸਫ਼ਾ ਹੀ ਸਰਬੱਤ ਦਾ ਭਲਾ ਹੈ ਤੇ ਸਿੱਖ ਹਰ ਰੋਜ਼ ਦੋਵੇਂ ਵੇਲੇ ਸਵੇਰੇ-ਸ਼ਾਮ ਅਰਦਾਸ ਕਰਦੇ ਸਮੇਂ ਆਖਦੇ ਹਨ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’। ਦਾਅਵੇ ਨਾਲ ਕਹਿੰਦਾ ਹਾਂ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ, ਹਰ ਪੱਖੋਂ ਪੂਰੇ, ਫ਼ੌਜ ਵਿਚ ਯੋਗਤਾ ਅਨੁਸਾਰ ਭਰਤੀ ਤੇ ਸਿੱਖ ਧਰਮ ਵਿਚ ਕੇਂਦਰ ਸਰਕਾਰਾਂ, ਏਜੰਸੀਆਂ ਦੀ ਦਖਲ ਅੰਦਾਜ਼ੀ ਸੱਚ ਦੇ ਆਧਾਰ ਉਤੇ ਬੰਦ ਹੋ ਜਾਵੇ।
ਸਿੱਖ ਖ਼ਾਲਿਸਤਾਨ ਨਹੀਂ ਚਾਹੁਣਗੇ, ਜਦੋਂ ਕਿਸੇ ਦਾ ਹਸਦਾ ਵਸਦਾ ਘਰ ਉਜੜ ਜਾਵੇ, ਆਸਥਾ ਤੇ ਹਮਲੇ ਹੋਣ, ਮਾਣ ਸਤਿਕਾਰ ਅਣਖ ਗ਼ੈਰਤ ਨੂੰ ਸੱਟ ਮਾਰੀ ਜਾਵੇ ਤਾਂ ਸੁਭਾਵਿਕ ਹੈ ਉਹ ਕੌਮ ਬਾਗੀ ਹੋਵੇਗੀ ਹੀ ਹੋਵੇਗੀ। ਇਸ ਲਈ ਕੇਂਦਰ ਦੀ ਹਕੂਮਤ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਦੇਵੇ ਤਾਂ ਸਿੱਖ ਕਦੇ ਵੀ ਵੱਖ ਹੋਣ ਦੀ ਨਹੀਂ ਸੋਚਣਗੇ।

– ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963