Copyright & copy; 2019 ਪੰਜਾਬ ਟਾਈਮਜ਼, All Right Reserved
ਭਾਰਤ ਵਿੱਚ ਲਗਾਤਾਰ ਵੱਧ ਰਹੀ ਭੁੱਖਮਰੀ

ਭਾਰਤ ਵਿੱਚ ਲਗਾਤਾਰ ਵੱਧ ਰਹੀ ਭੁੱਖਮਰੀ

ਪਾਕਿਸਤਾਨ, ਸ਼੍ਰੀ ਲੰਕਾ ਅਤੇ ਨੇਪਾਲ ਤੋਂ ਵੀ ਮਾੜੇ ਹਾਲਾਤ

ਜਿੱਥੇ ਭਾਰਤ ਸਰਕਾਰ ਭਾਰਤ ਦੇਸ਼ ਦੇ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣਨ ਦੇ ਦਾਅਵੇ ਕਰ ਰਹੀ ਹੈ ਪਰ ਵਿਸ਼ਵ ਦੇ ਭੁੱਖਮਰੀ ਸਬੰਧੀ ਜਾਰੀ ਹੋਏ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਭੁੱਖਮਰੀ ਵੱਧ ਰਹੀ ਹੈ। ਵਿਸ਼ਵ ਦੇ ਭੁੱਖਮਰੀ ਸਬੰਧੀ ਜਾਰੀ ਹੋਏ ਅੰਕੜੇ ”ਗਲੋਬਲ ਹੰਗਰ ਇੰਡੈਕਸ” ਵਿੱਚ ਸ਼ਾਮਿਲ 117 ਦੇਸ਼ਾਂ ਵਿੱਚ ਭਾਰਤ ਦਾ ਸਥਾਨ 102 ਹੈ। ਇਸ ਅੰਕੜੇ ਮੁਤਾਬਿਕ ਭਾਰਤ ਵਿੱਚ ਭੁੱਖਮਰੀ ਦੀ ਸਥਿਤੀ ਫਿਕਰਮੰਦ ਕਰਨ ਵਾਲੀ ਹੈ।
ਸਾਲ 2019 ਦੀ ਭੁੱਖਮਰੀ ਸਬੰਧੀ ਜਾਰੀ ਹੋਈ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ 2015 ਵਿੱਚ ਜਿੱਥੇ ਪੂਰੇ ਵਿਸ਼ਵ ਅੰਦਰ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ 785 ਮਿਲੀਅਨ ਸੀ ਉੱਥੇ ਇਹ ਗਿਣਤੀ 2019 ਵਿੱਚ ਵੱਧ ਕੇ 822 ਮਿਲੀਅਨ ਹੋ ਗਈ ਹੈ। ਇਹ ਅੰਕੜਾ ਆਧੁਨਿਕਤਾ ਦੇ ਉਸ ਪੱਛਮੀ ਫਲਸਫੇ ‘ਤੇ ਵੀ ਇੱਕ ਹੋਰ ਵੱਡਾ ਸਵਾਲ ਹੈ ਜਿਸ ਨੇ ਆਪਣੀ ਸਥਾਪਤੀ ਨਾਲ ਇਹ ਦਾਅਵਾ ਕੀਤਾ ਸੀ ਕਿ ਦੁਨੀਆ ਵਿੱਚ ਪਦਾਰਥਕ ਪੈਦਾਵਾਰ ਦੇ ਵਾਧੇ ਨਾਲ ਭੁੱਖਮਰੀ ਵਰਗੀ ਅਲਾਮਤ ਜੜ੍ਹੋਂ ਖਤਮ ਹੋ ਜਾਵੇਗੀ। ਇਸ ਰਿਪੋਰਟ ਵਿੱਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਅਜੇ ਅਗਲੇ ਦਹਾਕੇ ਵਿੱਚ ਵੀ ਇਸ ਭੁੱਖਮਰੀ ਦੇ ਘਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
”ਗਲੋਬਲ ਹੰਗਰ ਇੰਡੈਕਸ” ਕੀ ਹੈ?
ਸਾਲ 2000 ਤੋਂ ਜਰਮਨੀ ਦੀ ਸੰਸਥਾਨ ਵੈਲਥਹੰਗਰਹਿਲਫੇ ਵੱਲੋਂ ਦੁਨੀਆ ਦੀਆਂ ਹੋਰ ਸੰਸਥਾਵਾਂ ਨਾਲ ਮਿਲ ਕੇ ਗਲੋਬਲ ਹੰਗਰ ਇੰਡੈਕਸ ਬਣਾਇਆ ਜਾਂਦਾ ਹੈ। ਇਸ ਵਾਰ ਜਾਰੀ ਕੀਤੀ ਗਈ ਇਹ ਰਿਪੋਰਟ ਇਸ ਅੰਕੜੇ ਦੀ 14ਵੀਂ ਰਿਪੋਰਟ ਹੈ।
ਭੁੱਖਮਰੀ ਦੇ ਅੰਕੜੇ ਨੂੰ ਮਾਪਣ ਪਿੱਛੇ ਇਹ ਨਿਸ਼ਾਨਾ ਰੱਖਿਆ ਗਿਆ ਸੀ ਕਿ 2030 ਤੱਕ ਵਿਸ਼ਵ ਵਿੱਚੋਂ ਭੁੱਖਮਰੀ ਨੂੰ ਖਤਮ ਕੀਤਾ ਜਾ ਸਕੇ, ਜੋ ਕਿ ਸੰਯੁਕਤ ਰਾਸ਼ਟਰ ਵੱਲੋਂ ਮਿਥੇ ਗਏ ”ਟਿਕਾਊ ਵਿਕਾਸ ਦੇ ਨਿਸ਼ਾਨਿਆਂ” ਵਿਚੋਂ ਵੀ ਇੱਕ ਹੈ।
ਇਨ੍ਹਾਂ ਅੰਕੜਿਆਂ ਨੂੰ ਬਣਾਉਣ ਲਈ ਕੁੱਝ ਮਾਪਦੰਡ ਰੱਖੇ ਗਏ ਹਨ ਜਿਹਨਾਂ ਵਿੱਚੋਂ ਪ੍ਰਮੁੱਖ ਤੌਰ ‘ਤੇ ”ਕੈਲੋਰੀ ਦੀ ਮਾਤਰਾ” ਨੂੰ ਅਧਾਰ ਬਣਾਇਆ ਜਾਂਦਾ ਹੈ ਜੋ ਇੱਕ ਜੀਅ ਪ੍ਰਤੀ ਦਿਨ ਲੈ ਰਿਹਾ ਹੈ।
ਭਾਰਤ ਵਿੱਚ ਭੁੱਖਮਰੀ ਸ਼੍ਰੀ ਲੰਕਾ, ਬੰਗਲਾਦੇਸ਼, ਪਾਕਿਸਤਾਨ, ਨੇਪਾਲ ਤੋਂ ਵੀ ਵੱਧ
ਇਸ ਜਾਰੀ ਹੋਏ ਅੰਕੜੇ ਮੁਤਾਬਿਕ ਭਾਰਤ ਵਿੱਚ ਭੁੱਖਮਰੀ ਦੀ ਹਾਲਤ ਗਵਾਂਢੀ ਦੇਸ਼ ਪਾਕਿਸਤਾਨ, ਨੇਪਾਲ, ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਤੋਂ ਵੀ ਮਾੜੀ ਹੈ। ਜਿੱਥੇ ਦਾ ਸਥਾਨ ਇਸ ਸੂਚੀ ਵਿੱਚ 102 ਨੰਬਰ ਹੈ ਉੱਥੇ ਚੀਨ ਦਾ ਸਥਾਨ ਇਸ ਸੂਚੀ ਵਿੱਚ 25ਵੇਂ ਨੰਬਰ ‘ਤੇ ਹੈ, ਜੋ ਭਾਰਤ ਤੋਂ ਬਹੁਤ ਉੱਤੇ ਹੈ।
ਭਾਰਤ ਤੋਂ ਹੇਠ ਇਸ ਸੂਚੀ ਵਿੱਚ ਮਹਿਜ਼ ਉਹ ਦੇਸ਼ ਹਨ ਜਿੱਥੇ ਜਾ ਤਾਂ ਜੰਗ ਲੱਗੀ ਹੈ ਅਤੇ ਜਾ ਫੇਰ ਉੱਥੇ ਕੋਈ ਕੁਦਰਤੀ ਆਫਤ ਆਈ ਹੈ ਜਿਹਨਾਂ ਵਿੱਚ ਅਫਗਾਨਿਸਤਾਨ, ਹੈਤੀ, ਯਮਨ ਸ਼ਾਮਿਲ ਹਨ।