Copyright © 2019 - ਪੰਜਾਬੀ ਹੇਰਿਟੇਜ
ਆਸਟਰੇਲੀਆ ‘ਚ ਸੰਸਦੀ ਚੋਣਾਂ ਲਈ ਦੋ ਪੰਜਾਬੀ ਉੱਤਰੇ ਮੈਦਾਨ ‘ਚ

ਆਸਟਰੇਲੀਆ ‘ਚ ਸੰਸਦੀ ਚੋਣਾਂ ਲਈ ਦੋ ਪੰਜਾਬੀ ਉੱਤਰੇ ਮੈਦਾਨ ‘ਚ

ਐਡੀਲੇਡ : ਆਸਟਰੇਲੀਆ ਦੇ ਚੋਣ ਵਿਭਾਗ ਵੱਲੋਂ ਸੂਬਾ ਦੱਖਣੀ ਆਸਟਰੇਲੀਆ ਦੀ ਲੋਅਰ ਸੰਸਦ ਹਲਕਾ ਇਨਫੀਲਡ ਅਤੇ ਚੇਲਟੇਨਹਮ (ਪੋਰਟ ਐਡੀਲੇਡ) ਵਿੱਚ ਸੰਸਦ ਮੈਂਬਰਾਂ ਲਈ ਚੋਣ 9 ਫਰਵਰੀ ਨੂੰ ਦੁਬਾਰਾ ਕਰਵਾਈ ਜਾ ਰਹੀ ਹੈ। ਇਹ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੈ ਵੈਦਰਿਲ ਅਤੇ ਸੰਸਦ ਮੈਂਬਰ ਤੇ ਡਿਪਟੀ ਪ੍ਰੀਮੀਅਰ ਜੌਹਨ ਰਾਉ ਵੱਲੋਂ ਰਾਜਨੀਤੀ ਤੋਂ ਸੇਵਾ ਮੁਕਤ ਹੋਣ ‘ਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਕਾਰਨ ਇਹ ਸੀਟਾਂ ਖਾਲੀ ਹੋਈਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਇਨਫੀਲਡ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਿਰੁੱਧ ਪੰਜਾਬੀ ਮੂਲ ਦੀ ਆਸਟਰੇਲਿਆਈ ਸਾਰੂ ਰਾਣਾ ਅਤੇ ਪੰਜਾਬੀ ਮੂਲ ਦੇ ਅਮਰੀਕ ਸਿੰਘ ਥਾਂਦੀ ਚੋਣ ਮਦਾਨ ਵਿੱਚ ਹਨ। ਸਮਾਜ ਸੇਵਕ ਸਾਰੂ ਰਾਣਾ ਦੱਖਣੀ ਆਸਟਰੇਲੀਆ ਵਿੱਚ ਕਿੱਤੇ ਵਜੋਂ ਅਧਿਆਪਕ ਹਨ, ਪਰ ਉਹ ਦੱਖਣੀ ਆਸਟਰੇਲੀਆ ਵਿੱਚ ਸ਼ਮਸ਼ੀਰ ਸੰਸਥਾ ਚਲਾ ਰਹੇ ਹਨ। ਉਹ ਸੰਸਥਾ ਰਾਹੀਂ ਸਰਕਾਰੀ-ਅਰਧ ਸਰਕਾਰੀ ਅਤੇ ਵੱਖ ਵੱਖ ਭਾਈਚਾਰੇ ਦੀਆਂ ਸੰਸਥਾਵਾਂ ਨਾਲ ਮਿਲ ਕੇ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਅਤੇ ਹੋਰ ਸਮਾਜਿਕ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਗਰਮ ਰਹਿੰਦੇ ਹਨ। ਲਿਬਰਲ ਪਾਰਟੀ ਵੱਲੋਂ ਆਪਣਾ ਉਮੀਦਵਾਰ ਨਾ ਐਲਾਨੇ ਜਾਣ ਕਾਰਨ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਮਦਾਨ ਵਿੱਚ ਹਨ ਅਤੇ ਉਹ ਚੰਡੀਗੜ੍ਹ ਤੋਂ ਹਨ। ਇਸੇ ਹੀ ਹਲਕੇ ਤੋਂ ਆਸਟਰੇਲਿਆਈ ਪੰਜਾਬੀ ਮੂਲ ਦੇ ਅਮਰੀਕ ਸਿੰਘ ਥਾਂਦੀ ਲੋਅਰ ਸੰਸਦ ਲਈ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਉੱਤਰੇ ਹਨ। ਅਮਰੀਕ ਸਿੰਘ ਥਾਂਦੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਾਲ ਕਦੀਮ ਤੋਂ ਸਾਲ 1982 ਵਿੱਚ ਦੱਖਣੀ ਆਸਟਰੇਲੀਆ ਆਏ ਸਨ। ਉਹ ਪਿਛਲੇ ਕਰੀਬ 30 ਸਾਲ ਤੋਂ ਭਾਰਤੀ ਭਾਈਚਾਰੇ ਸਮੇਤ ਹੋਰ ਵਰਗਾਂ ਦੇ ਲੋਕਾਂ ਵਿੱਚ ਇਕ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰ ਰਹੇ ਹਨ।