ਰੁਝਾਨ ਖ਼ਬਰਾਂ
ਲੱਖਾਂ ਦਵਾਈਆਂ ਦੀ ਇਕ ਦਵਾਈ ਗਾਜਰ

ਲੱਖਾਂ ਦਵਾਈਆਂ ਦੀ ਇਕ ਦਵਾਈ ਗਾਜਰ

ਗਾਜਰ ਨੂੰ ਫਲ, ਸਬਜ਼ੀ ਅਤੇ ਸਲਾਦ ਦੇ ਰੂਪ ਵਿਚ ਖਾਧਾ ਜਾਂਦਾ ਹੈ। ਇਸ ਨੂੰ ਇਕ ਸੰਤੁਲਿਤ ਆਹਾਰ ਮੰਨਿਆ ਜਾਂਦਾ ਹੈ। ਇਸ ਵਿਚ ਸਾਰੇ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਹਨ ਪਰ ਇਸ ਵਿਚ ਹੋਰ ਤੱਤਾਂ ਦੇ ਮੁਕਾਬਲੇ ਪ੍ਰੋਟੀਨ ਦੀ ਮਾਤਰਾ ਕੁਝ ਘੱਟ ਹੁੰਦੀ ਹੈ। ਇਸੇ ਕਾਰਨ ਇਸ ਨੂੰ ਪੂਰਨ ਅਤੇ ਸਰਬੋਤਮ ਆਹਾਰ ਮੰਨਿਆ ਜਾਂਦਾ ਹੈ।
ਗਾਜਰ ਬਹੁਤ ਸਵਾਦੀ ਅਤੇ ਸਰਦੀਆਂ ਵਿਚ ਬਹੁਤ ਸਸਤੀ ਹੁੰਦੀ ਹੈ, ਇਸੇ ਕਾਰਨ ਇਸ ਨੂੰ ਹਰੇਕ ਵਰਗ ਆਸਾਨੀ ਨਾਲ ਖਰੀਦ ਸਕਦਾ ਹੈ। ਖਾਸ ਤੌਰ ‘ਤੇ ਗਾਜਰ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਕਾਲੀ ਗਾਜਰ, ਦੂਜੀ ਲਾਲ ਗਾਜਰ। ਦੋਵੇਂ ਹੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ। ਕਾਲੀ ਗਾਜਰ ਅਕਸਰ ਘੱਟ ਹੀ ਪੈਦਾ ਹੁੰਦੀ ਹੈ। ਇਸ ਦੀ ਵਰਤੋਂ ਵੀ ਘੱਟ ਹੁੰਦੀ ਹੈ ਪਰ ਹਾਜ਼ਮੇ ਲਈ ਕਾਲੀ ਗਾਜਰ ਬਹੁਤ ਵਰਤੋਂ ਵਿਚ ਆਉਂਦੀ ਹੈ। ਲਾਲ ਗਾਜਰ ਕਿਉਂਕਿ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੀ ਹੈ, ਇਸ ਲਈ ਆਮ ਤੌਰ ‘ਤੇ ਇਸ ਨੂੰ ਹੀ ਵਰਤੋਂ ਵਿਚ ਲਿਆਇਆ ਜਾਂਦਾ ਹੈ। ਕੱਚੀ ਗਾਜਰ ਦਾ ਸੇਵਨ ਬੱਚਿਆਂ, ਜਵਾਨਾਂ, ਬਜ਼ੁਰਗਾਂ ਦੀ ਸਿਹਤ ਲਈ ਬਹੁਤ ਲਾਭਦਾਇਕ ਹੈ। ਘਰ ਵਿਚ ਸਬਜ਼ੀ ਬਣਾਉਣ ਤੋਂ ਇਲਾਵਾ ਗਾਜਰ ਦਾ ਹਲਵਾ ਵੀ ਬਣਾਇਆ ਜਾਂਦਾ ਹੈ। ਇਸ ਨਾਲ ਹੀ ਗਾਜਰ ਪਾਕ ਵੀ ਬਣਾਇਆ ਜਾਂਦਾ ਹੈ, ਜੋ ਮਠਿਆਈ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਸ ਦਾ ਰਾਇਤਾ ਵੀ ਬਣਾਇਆ ਜਾਂਦਾ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਗਾਜਰ ਦਾ ਮੁਰੱਬਾ ਬਹੁਤ ਲਾਭਦਾਇਕ ਹੁੰਦਾ ਹੈ।
ਗਾਜਰ ਦਾ ਮੁਰੱਬਾ ਘਰੇਲੂ ਔਰਤਾਂ ਘਰ ਵਿਚ ਹੀ ਬਣਾ ਸਕਦੀਆਂ ਹਨ। ਇਸ ਦਾ ਮੁਰੱਬਾ ਖਾਣ ਨਾਲ ਸਾਹ ਅਤੇ ਦਮੇ ਦੇ ਮਰੀਜ਼ਾਂ ਨੂੰ ਕਾਫੀ ਲਾਭ ਹੁੰਦਾ ਹੈ।
ਗਾਜਰ ਦਾ ਰਸ ਵੀ ਬਹੁਤ ਲਾਭਦਾਇਕ ਹੁੰਦਾ ਹੈ। ਇਹ ਕਿਸੇ ਵੀ ਉਮਰ ਵਿਚ ਕਿਸੇ ਵੀ ਸਮੇਂ ਪੀਤਾ ਜਾ ਸਕਦਾ ਹੈ। ਜਿਨ੍ਹਾਂ ਮਾਵਾਂ ਵਿਚ ਦੁੱਧ ਦੀ ਕਮੀ ਪਾਈ ਜਾਂਦੀ ਹੈ, ਉਹ ਗਾਜਰ ਦਾ ਰਸ ਰੋਜ਼ਾਨਾ ਸੇਵਨ ਕਰਕੇ ਇਸ ਕਮੀ ਨੂੰ ਦੂਰ ਕਰ ਸਕਦੀਆਂ ਹਨ। ਇਹ ਰਸ ਕੈਂਸਰ ਦੇ ਰੋਗੀਆਂ ਨੂੰ ਪਿਲਾਇਆ ਜਾਵੇ ਤਾਂ ਬਹੁਤ ਰਾਹਤ ਮਿਲਦੀ ਹੈ। ਇਸ ਦਾ ਰਸ ਅੱਖਾਂ ਅਤੇ ਦੰਦਾਂ ਲਈ ਬਹੁਤ ਲਾਭਦਾਇਕ ਹੈ।
ਗਾਜਰ ਦਾ ਰਸ ਭੁੱਖ ਵਧਾ ਕੇ ਸਰੀਰ ਵਿਚ ਲੋਹ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ। ਜਿਨ੍ਹਾਂ ਰੋਗੀਆਂ ਵਿਚ ਖੂਨ ਦੀ ਕਮੀ ਪਾਈ ਜਾਂਦੀ ਹੈ, ਉਨ੍ਹਾਂ ਰੋਗੀਆਂ ਨੂੰ ਗਾਜਰ ਦੇ ਰਸ ਦਾ ਖੂਬ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਰਸ ਪੀਣ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਰਹਿੰਦੀ। ਗਾਜਰ ਦਾ ਸੇਵਨ ਖੂਨ ਸਾਫ ਕਰਨ ਲਈ ਵੀ ਕੀਤਾ ਜਾਂਦਾ ਹੈ।
ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਗਾਜਰ ਹਰੇਕ ਮੌਸਮ ਵਿਚ ਮਿਲ ਜਾਂਦੀ ਹੈ ਪਰ ਸਰਦੀਆਂ ਵਿਚ ਕੁਝ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੀ ਹੈ। ਸਰਦੀਆਂ ਵਿਚ ਚੰਗੀ ਅਤੇ ਤਾਜ਼ੀ ਗਾਜਰ ਘੱਟ ਕੀਮਤ ‘ਤੇ ਮਿਲ ਜਾਂਦੀ ਹੈ। ਗਾਜਰ ਖਾਣ ਨਾਲ ਸਰੀਰ ਦੇ ਕਿਸੇ ਵੀ ਕੋਨੇ ਵਿਚ ਪੱਥਰੀ ਨਹੀਂ ਰਹਿੰਦੀ। ਇਹ ਹਰ ਪੱਖੋਂ ਲਾਭਦਾਇਕ ਕੁਦਰਤੀ ਔਸ਼ਧੀ ਹੈ।