ਰੁਝਾਨ ਖ਼ਬਰਾਂ
ਅਮਰੀਕਾ ‘ਚ ਰਹਿ ਰਹੇ ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਮੁਸ਼ਕਲਾਂ ਜੂਨ ‘ਚ ਵੱਧ ਸਕਦੀਆਂ ਹਨ

ਅਮਰੀਕਾ ‘ਚ ਰਹਿ ਰਹੇ ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਮੁਸ਼ਕਲਾਂ ਜੂਨ ‘ਚ ਵੱਧ ਸਕਦੀਆਂ ਹਨ

ਵਾਸ਼ਿੰਗਟਨ : ਕੋਰੋਨਾਵਾਇਰਸ ਦੇ ਚਲੱਦੇ ਅਮਰੀਕਾ ਦੇ ਸਾਰੇ ਸੂਬਿਆਂ ‘ਚ ਲਾਕਡਾਊਨ ਹੈ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਅਜਿਹੇ ਵਿਚ ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਵਿਚ ਰਹਿਣ ਵਾਲੇ ਲੋਕਾਂ ਸਾਹਮਣੇ ਜੂਨ ਤਕ ਦੇਸ਼ ਛੱਡਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਤਰ੍ਹਾਂ ਦੇ ਵੀਜ਼ਾ ‘ਤੇ ਜ਼ਿਆਦਾਤਰ ਭਾਰਤੀ ਅਮਰੀਕਾ ਵਿਚ ਰਹਿ ਰਹੇ ਹਨ। ਵਿਸ਼ੇਸ਼ ਹੁਨਰ ਵਾਲੇ ਲੋਕਾਂ ਲਈ ਬਣਾਇਆ ਗਿਆ ਇਹ ਇਕ ਅਸਥਾਈ ਵੀਜ਼ਾ ਪ੍ਰੋਗਰਾਮ ਹੈ। ਇਸ ਨੂੰ ਹਾਸਲ ਕਰਨ ਵਾਲੇ ਵਿਅਕਤੀ ਬਿਨਾ ਭੁਗਤਾਨ ਦੇ ਸਿਰਫ਼ 60 ਦਿਨਾਂ ਤਕ ਹੀ ਕਾਨੂੰਨੀ ਰੂਪ ਵਿਚ ਰਹਿ ਸਕਦੇ ਹਨ। ਲਿਹਾਜ਼ਾ ਜੂਨ ਤਕ ਕਈ ਅਜਿਹੇ ਲੋਕਾਂ ਸਾਹਮਣੇ ਅਮਰੀਕਾ ਵਿਚ ਰਹਿਣ ਦਾ ਸੰਕਟ ਖੜ੍ਹਾ ਹੋ ਸਕਦਾ ਹੈ, ਜੋ ਐੱਚ-1ਬੀ ਵੀਜ਼ਾ ‘ਤੇ ਇਥੇ ਹਨ। ਪਰ ਸਮੱਸਿਆ ਇਥੇ ਖ਼ਤਮ ਨਹੀਂ ਹੁੰਦੀ ਹੈ। ਜੇ ਅਜਿਹੇ ਭਾਰਤੀ ਵਾਪਸ ਆਉਣਾ ਵੀ ਚਾਹੁਣਗੇ ਤਾਂ ਇਹ ਵੀ ਸੰਭਵ ਨਹੀਂ ਹੋ ਸਕੇਗਾ। ਦਰਅਸਲ ਭਾਰਤ ਨੇ ਅਣਮਿੱਥੇ ਸਮੇਂ ਲਈ ਆਪਣੀਆਂ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ। ਵਾਸ਼ਿੰਗਟਨ ਡੀਸੀ ਦੇ ਇਕ ਨੀਤੀ ਮਾਹਰ ਜੇਰੇਮੀ ਨੇਫਲਡ ਮੁਤਾਬਕ ਲਗਪਗ ਢਾਈ ਲੱਖ ਮਹਿਮਾਨ ਮੁਲਾਜ਼ਮ ਗਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਨ੍ਹਾਂ ਵਿਚੋਂ ਲਗਪਗ ਦੋ ਲੱਖ ਐੱਚ-1ਬੀ ਵੀਜ਼ਾ ਹੋਲਡਰ ਵੀ ਸ਼ਾਮਲ ਹਨ, ਜੋ ਜੂਨ ਦੇ ਅੰਤ ਤਕ ਅਮਰੀਕਾ ਵਿਚ ਰਹਿਣ ਦੀ ਆਪਣੀ ਕਾਨੂੰਨੀ ਸਥਿਤੀ ਗਵਾ ਸਕਦੇ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ। ਅਮਰੀਕੀ ਨਾਗਰਿਕਤਾ ਦੇ ਬੁਲਾਰੇ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਏਜੰਸੀ ਵੀਜ਼ਾ ਸਮਾਂ ਸੀਮਾ ਦਾ ਵਿਸਥਾਰ ਕਰੇਗੀ। ਪਰ ਇਹ ਜ਼ਰੂਰ ਕਿਹਾ ਕਿ ਇਹ ਅਪੀਲ ਕੀਤੇ ਜਾਣ ‘ਤੇ ਆਪਣੇ ਕੰਟਰੋਲ ਤੋਂ ਪਰੇ ਹਾਲਾਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਮਦਦ ਪ੍ਰਦਾਨ ਕਰ ਸਕਦੀ ਹੈ। ਪ੍ਰਸ਼ਾਸਨ ਨੇ ਵਿਦੇਸ਼ੀ ਮੂਲ ਦੇ ਮਜ਼ਦੂਰਾਂ ‘ਤੇ ਲਗਾਤਾਰ ਸਖ਼ਤ ਰੁਖ਼ ਅਪਨਾਇਆ ਹੋਇਆ ਹੈ।