ਰੁਝਾਨ ਖ਼ਬਰਾਂ
ਦੋ ਮਹੀਨਿਆਂ ਤੋਂ ਲਾਪਤਾ ਨਿਰਲਾ ਸ਼ਰਮਾ ਦੀ ਮਿਲੀ ਲਾਸ਼

ਦੋ ਮਹੀਨਿਆਂ ਤੋਂ ਲਾਪਤਾ ਨਿਰਲਾ ਸ਼ਰਮਾ ਦੀ ਮਿਲੀ ਲਾਸ਼

ਸਰੀ, (ਹਰਦਮ ਮਾਨ): ਪਿਛਲੇ ਦੋ ਮਹੀਨਿਆਂ ਤੋਂ ਆਪਣੀ ਮਾਂ ਦੀ ਉਡੀਕ ਵਿਚ ਅੱਖਾਂ ਵਿਛਾਈ ਦੋ ਬੱਚਿਆਂ ਦੇ ਪੈਰਾਂ ਹੇਠੋਂ ਅੱਜ ਉਸ ਸਮੇਂ ਜ਼ਮੀਨ ਖਿਸਕ ਗਈ ਜਦੋਂ ਪੁਲਿਸ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਫਰੇਜ਼ਰ ਦਰਿਆ ਦੇ ਕੰਢੇ ਤੇ ਉਨ੍ਹਾਂ ਦੀ ਮਾਂ ਇਕ ਲਾਸ਼ ਦੇ ਰੂਪ ਵਿਚ ਮਿਲੀ ਹੈ।
ਨਿਊ ਵੈਸਟਮਿਨਸਟਰ ਦੇ ਪੁਲਿਸ ਦਾ ਕਹਿਣਾ ਹੈ ਕਿ ਨਿਰਲਾ ਸ਼ਰਮਾ ਦੀ ਲਾਸ਼ ਐਤਵਾਰ ਦੁਪਹਿਰ ਨੂੰ ਬਰਨਬੀ ਵਿਖੇ ਫਰੇਜ਼ਰ ਦਰਿਆ ਦੇ ਕੰਢੇ ਤੇ ਕਵੀਨਜ਼ਬਰੋ ਬੱਿਜ ਦੇ ਬਿਲਕੁਲ ਪੱਛਮ ਵਿੱਚ ਪਈ ਮਿਲੀ। ਜ਼ਿਕਰਯੋਗ ਹੈ ਕਿ 44-ਸਾਲਾ ਨਿਰਲਾ ਸ਼ਰਮਾ ਆਖ਼ਰੀ ਵਾਰ 23 ਫਰਵਰੀ 2020 ਨੂੰ ਨਿਊ ਵੈਸਟਮਿਨਸਟਰ ਵਿਚ ਦੀ ਲਾਰੈਂਸ ਸਟ੍ਰੀਟ ਦੇ 300 ਬਲਾਕ ਵਿਚ ਵੇਖਿਆ ਗਿਆ ਸੀ। ਵੈਨਕੂਵਰ ਵਿਖੇ ਬੀ.ਸੀ. ਹਾਈਡਰੋ ਵਿਚ ਕੰਮ ਕਰਦੀ ਨਿਰਲਾ ਸ਼ਰਮਾ ਸਵੇਰੇ 6.30 ਵਜੇ ਡਿਊਟੀ ‘ਤੇ ਪਹੁੰਚਦੀ ਸੀ ਪਰ ਪਰਿਵਾਰ ਮੈਂਬਰਾਂ ਮੁਤਾਬਕ ਉਸ ਦਿਨ ਉਨ੍ਹਾਂ ਨੇ ਸਵੇਰੇ 4 ਵਜੇ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣੀ ਸੀ। ਪੁਲਿਸ ਮੁਤਾਬਕ ਨਿਰਲਾ ਸ਼ਰਮਾ ਆਪਣੀਆਂ ਚਾਬੀਆਂ, ਪਰਸ ਅਤੇ ਸੈਲਫੋਨ ਘਰ ਛੱਡ ਗਈ ਸੀ। ਪਰਿਵਾਰ ਵੱਲੋਂ ਥਾਂ-ਥਾਂ ਨਿਰਲਾ ਸ਼ਰਮਾ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਸਨ ਅਤੇ ਨਿਊ ਵੈਸਟਮਿੰਸਟਰ ਪੁਲਿਸ ਦੇ ਮੇਜਰ ਕਰਾਈਮ ਯੂਨਿਟ ਨੇ ਨਿਰਲਾ ਸ਼ਰਮਾ ਦੀ ਵੀਡੀਓ ਫੁਟੇਜ ਵੀ ਜਾਰੀ ਕੀਤੀ ਸੀ।
ਮਰਹੂਮ ਸ਼ਰਮਾ ਦੀ ਮੌਤ ਕਿਸ ਹਾਲਾਤ ਵਿਚ ਜਾਂ ਕਿਸ ਕਾਰਨ ਹੋਈ, ਇਸ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ।