ਪੁਤਲੇ ਸਾੜਿਆਂ ਕੀ ਬਣਨਾ

ਪੁਤਲੇ ਸਾੜਿਆਂ ਕੀ ਬਣਨਾ

ਮੈਂ ਮੇਰੀ ਮਾਰੀ ਨਾ, ਫਿਰ ਪਸ਼ੂ ਮਾਰਿਆਂ ਕੀ ਬਣਨਾ
ਜੇ ਹਉਮੈ ਸਾੜੀ ਨਾ, ਫਿਰ ਪੁਤਲੇ ਸਾੜਿਆਂ ਕੀ ਬਣਨਾ

ਜਦ ਮਨ ਹੀ ਗੰਦਾ ਹੈ, ਤਨਾ ਕਿਦਾਂ ਜੁੜ ਜਾਏਗਾ
ਜੇ ਖੰਭ ਹੀ ਟੁੱਟੇ ਨੇ, ਦੱਸ ਕਿੱਦਾਂ ਉੜ ਲਏਂਗਾ
ਤਨ ਅੰਦਰੋਂ ਮੈਲਾ ਏ, ਫਿਰ ਕੱਪੜੇ ਝਾੜਿਆ ਕਿ ਬਣਨਾ
ਮੈਂ ਮੇਰੀ ਸਾੜੀ ਨਾ, ਫਿਰ ਪੁਤਲੇ ਸਾੜਿਆਂ ਕੀ ਬਣਨਾ

ਨਿੱਤ ਪੁਤਲੇ ਸਾੜਦਿਆਂ, ਹਵਾ ਗੰਦੀ ਕਰ ਦਿੱਤੀ
ਰੁੱਖ ਵੱਢ ਵੱਢ ਧਰਤੀ ਮਾਂ, ਅਸੀਂ ਨੰਗੀ ਕਰ ਦਿਤੀ
ਜੇ ਕਾਰੇ ਚੰਗੇ ਨਹੀਂ ਫਿਰ ਨਾਲ ਜੈਕਾਰਿਆਂ ਕਿ ਬਣਨਾ
ਜੇ ਹਉਮੈ ਸਾੜੀ ਨਾ, ਦੱਸ ਪੁਤਲੇ ਸਾੜਿਆਂ ਕੀ ਬਣਨਾ

ਨਾ ਰੱਬ ਦਾ ਜੇ ਲੈਣਾ ਫਿਰ ਗਿਣਤੀ ਕੀ ਕਰਨੀ
ਜਿਹਦਾ ਕੋਈ ਅੰਤ ਨਹੀਂ ਓਹਦੀ ਮਿਣਤੀ ਕੀ ਕਰਨੀ
ਜੇ ਲੱਗਾ ਜਾਗ ਨਹੀਂ ਦੁੱਧ ਕਾਹੜਿਆ ਕੀ ਕਰਨਾ
ਜੇ ਹਉਮੈ ਸਾੜੀ ਨਾ ਫਿਰ ਪੁਤਲੇ ਸਾੜਿਆ ਕੀ ਕਰਨਾ
ਜੇ ਸੁਰ ਦਾ ਪਤਾ ਨਹੀਂ ਸੰਘ ਪਾੜ੍ਹਿਆਂ ਕੀ ਕਰਨਾ

ਮੁੜ ਵਾਪਸ ਆਉਣੇ ਨਾ, ਮਰੇ ਪੁੱਤਰ ਮਾਵਾਂ ਦੇ
ਸਾਹੋਤੇਆ ਭਟਕ ਗਏ, ਹੁਣ ਰਾਹੀਂ ਰਾਹਵਾਂ ਦੇ

ਦਿਲੋਂ ਸੀਸ ਨਿਵਾਇਆ ਨਾ, ਪੈਸੇ ਚਾੜ੍ਹਿਆਂ ਕੀ ਬਣਨਾ
ਜੇ ਭੁੱਖ ਹੀ ਲੱਗੀ ਨਾ, ਫਿਰ ਫੁਲਕੇ ਰਾੜ੍ਹਿਆਂ ਕੀ ਬਣਨਾ
ਜੇ ਹਉਮੈ ਸਾੜੀ ਨਾ, ਫਿਰ ਰਾਵਣ ਸਾੜਿਆ ਕੀ ਬਣਨਾ
ਜੇ ਹਉਮੈ ਸਾੜੀ ਨਾ, ਫਿਰ ਪੁਤਲੇ ਸਾੜਿਆਂ ਕੀ ਬਣਨਾ

ਕੁਲਵੀਰ ਸਿੰਘ ਡਾਨਸੀਵਾਲ, 778 863 2472