ਗ਼ਜ਼ਲ
ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ।
ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ।
ਪੈਰ ਧਰਨੇ ਸਿੱਖ ਪਹਿਲਾਂ ਧਰਤ ‘ਤੇ
ਅੰਬਰਾਂ ਵਿਚ ਫੇਰ ਲਾਈਂ ਤਾਰੀਆਂ।
ਸੁਪਨਿਆਂ ਦੀ ਸਰਜ਼ਮੀਂ ਜ਼ਰਖੇਜ ਹੈ
ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ।
ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ
ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ।
ਇਸ ਤਰਾਂ ਹੁਣ ਹੋ ਗਿਐ ਤੇਰਾ ਮਿਜ਼ਾਜ
ਹੋਣ ਨਾ ਜਿਉਂ ਫੁੱਲਾਂ ਦੇ ਵਿਚ ਖੁਸ਼ਬੂਆਂ।
ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ।
ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ
ਖਾਹਿਸ਼ਾਂ ਐਪਰ ਨਾ ਹੋਈਆਂ ਪੂਰੀਆਂ।
– ਹਰਦਮ ਸਿੰਘ ਮਾਨ –