ਗੁਰੂ ਰਾਮਦਾਸ ਜੀ ਮਹਾਰਾਜ

ਗੁਰੂ ਰਾਮਦਾਸ ਜੀ ਮਹਾਰਾਜ

ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਨਮ 24 ਸਤੰਬਰ 1534 (25 ਅੱਸੂ 1591) ਨੂੰ ਪਿਤਾ ਸ੍ਰੀ ਹਰੀਦਾਸ ਜੀ ਤੇ ਮਾਤਾ ਦਯਾ ਕੌਰ( ਬੀਬੀ ਅਨੂਪੀ) ਜੀ ਦੇ ਗ੍ਰਹਿ ਚੂਨਾ ਮੰਡੀ, ਲਾਹੌਰ ਪਾਕਿਸਤਾਨ ਵਿੱਚ ਹੋਇਆ। ਆਪ ਦੇ ਦਾਦਾ ਜੀ ਦਾ ਨਾਂ ਬਾਬਾ ਠਾਕੁਰ ਦਾਸ ਸੀ। ਆਪ ਦੇ ਪਿਤਾ ਹਰੀਦਾਸ ਜੀ ਦੁਕਾਨਦਾਰੀ ਕਰਦੇ ਸਨ। ਆਪ ਦਾ ਨਾਂ ਰਾਮਦਾਸ ਰੱਖਿਆ ਗਿਆ। ਹਿੰਦੂ ਘਰਾਂ ਵਿੱਚ ਵੱਡੇ ਬੱਚੇ ਨੂੰ ਜੇਠਾ ਵੀ ਕਿਹਾ ਜਾਂਦਾ ਹੈ। ਆਪ ਦਾ ਨਾਂ ਵੀ ਜੇਠਾ ਹੀ ਪੈ ਗਿਆ। ਆਪ ਦੀ ਮਾਤਾ ਦਯਾ ਕੌਰ( ਬੀਬੀ ਅਨੂਪੀ) ਜੀ ਬੜੀ ਨੇਕ ਦਿਲ ਇਸਤਰੀ ਸੀ। 1541 ਨੂੰ ਆਪ ਦੀ ਮਾਤਾ ਦਯਾ ਕੌਰ( ਬੀਬੀ ਅਨੂਪੀ) ਰੱਬ ਨੂੰ ਪਿਆਰੇ ਹੋ ਗਏ। ਕੁੱਝ ਕੁ ਮਹੀਨਿਆਂ ਬਾਅਦ ਹੀ ਆਪ ਦੇ ਪਿਤਾ ਹਰੀਦਾਸ ਜੀ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਸ ਸਮੇਂ ਆਪ ਦੀ ਉਮਰ ਸੱਤ ਸਾਲ ਦੀ ਸੀ। ਆਪ ਬਾਲਕ ਅਵਸਥਾ ਵਿੱਚ ਹੀ ਯਤੀਮ ਹੋ ਗਏ। ਆਪ ਤੋਂ ਦੋ ਸਾਲ ਛੋਟੇ ਭਰਾ ਦਾ ਨਾਂ ਹਰਿਦਿਆਲ ਸੀ। ਆਪ ਦੀ ਸਭ ਤੋਂ ਛੋਟੀ ਭੈਣ ਜਿਸ ਦਾ ਨਾਂ ਰਾਮਦਾਸੀ ਸੀ। ਹੋਰ ਕੋਈ ਘਰ ਵਿੱਚ ਸਿਆਣਾ ਨਹੀ ਸੀ ਜੋ ਆਪ ਜੀ ਦਾ ਪਾਲਣ -ਪੋਸ਼ਣ ਕਰਦਾ। ਸੋ ਆਂਢ-ਗੁਆਂਢ ਨੇ ਆਪ ਦੀ ਨਾਨੀ ਨੂੰ ਸੁਨੇਹਾ ਭੇਜ ਦਿੱਤਾ ਤੇ ਆਪ ਦੀ ਨਾਨੀ ਆਪ ਨੂੰ ਲਾਹੌਰ ਤੋਂ ਪਿੰਡ ਬਾਸਰਕੇ ਗਿੱਲਾਂ ਲੈ ਆਈ। ਆਪ ਦੀ ਨਾਨੀ ਬਹੁਤ ਬਿਰਧ ਸੀ। ਸਾਰਾ ਆਂਢ-ਗੁਆਂਢ ਆਪ ਦੀ ਨਾਨੀ ਨਾਲ ਹਿਰਖ ਕਰਨ ਆਇਆ ਤਾਂ ਭਾਈ ਅਮਰਦਾਸ ਜੀ ਵੀ ਪਿੰਡ ਬਾਸਰਕੇ ਦੇ ਵਸਨੀਕ ਸਨ। ਉਸ ਸਮੇਂ ਭਾਈ ਅਮਰਦਾਸ ਜੀ ਦੀ ਉਮਰ 62 ਸਾਲ ਸੀ ਤੇ ਆਪ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿੱਖ ਸ਼ਰਧਾਲੂ ਸਨ ਸੋ ਭਾਈ ਅਮਰਦਾਸ ਜੀ ਵੀ ਆਪ ਜੀ ਦੇ ਨਾਨੀ ਕੋਲ ਹਿਰਖ ਕਰਨ ਲਈ ਪਹੁੰਚੇ। ਆਪ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਘੁੰਗਣੀਆਂ ਵੇਚਣ ਦਾ ਕੰਮ ਵੀ ਕਰਨਾ ਪਿਆ। 1546 ਵਿੱਚ ਭਾਈ ਜੇਠਾ ਜੀ ਗੋਇੰਦਵਾਲ ਸਾਹਬ ਆ ਗਏ। ਇੱਥੇ ਆਪ ਲੰਗਰ ਦੀ ਸੇਵਾ ਕਰਦੇ ਸਨ, ਪਰ ਆਪਣਾ ਨਿਰਬਾਹ ਘੂੰਗਣੀਆ ਵੇਚ ਕੇ ਹੀ ਕਰਦੇ ਸਨ। ਗੁਰੂ ਘਰ ਵਿੱਚ ਆਪ ਨੇ ਧਾਰਮਿਕ ਵਿਚਾਰ ਸੁਣੇ। ਆਪ 12 ਸਾਲ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ। ਗੁਰੂ ਜੀ ਨੇ ਆਪ ਦੀ ਨੇਕ ਨੀਤੀ, ਸੇਵਾ-ਭਾਵ, ਨਿਰਮਾਣਤਾ ਅਤੇ ਸੁਭਾਉ ਨੂੰ ਬਹੁਤ ਨੇੜ੍ਹਿਉ ਤੱਕਿਆ ਤੇ ਗੁਰੂ ਜੀ ਆਪ ਤੋਂ ਬਹੁਤ ਖੁਸ਼ ਹੋਏ। 1552 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਤਾਗੱਦੀ ਭਾਈ ਅਮਰਦਾਸ ਜੀ ਨੂੰ ਸੌਂਪ ਕੇ ਗੁਰੂ ਅਮਰਦਾਸ ਬਣਾ ਦਿੱਤਾ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਬੀਬੀ ਭਾਨੀ ਜੀ ਲਈ ਉਸੇ ਸਾਲ ਵਰ ਲੱਭਣ ਦੀ ਗੱਲ ਚੱਲੀ। ਗੁਰੂ ਅਮਰਦਾਸ ਜੀ ਨੇ ਆਪਣੀ ਪਤਨੀ ਬੀਬੀ ਮਨਸਾ ਦੇਵੀ ਜੀ ਨੂੰ ਪੁੱਛਿਆਂ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਹੈ ਤਾਂ ਉਸ ਸਮੇਂ ਭਾਈ ਜੇਠਾ ਜੀ ਪਰਾਤ ਵਿੱਚ ਪਾ ਕੇ ਘੁੰਗਣੀਆਂ ਵੇਚ ਰਹੇ ਸਨ ਤਾਂ ਬੀਬੀ ਜੀ ਨੇ ਭਾਈ ਜੇਠਾ ਜੀ ਵੱਲ ਵੇਖ ਕੇ ਕਿਹਾ ਕਿ ਐਸਾ ਵਰ ਹੋਣਾ ਚਾਹੀਦਾ ਹੈ ਤਾਂ ਗੁਰੂ ਅਮਰਦਾਸ ਦਾਸ ਜੀ ਸਹਿਜ ਸੁਭਾੳ ਹੀ ਬੋਲੇ ਕਿ ਐਸਾ ਵਰ ਤਾਂ ਫਿਰ ਇਹੋ ਹੀ ਹੋ ਸਕਦਾ ਹੈ। ਭਾਈ ਜੇਠਾ ਜੀ ਦੀ ਮੰਗਣੀ ਬੀਬੀ ਭਾਨੀ ਜੀ ਨਾਲ ਕਰ ਦਿੱਤੀ ਗਈ। ਦਸੰਬਰ 1552 ਵਿੱਚ ਆਪ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋ ਗਿਆ। ਉਸ ਸਮੇਂ ਬੀਬੀ ਭਾਨੀ ਜੀ ਦੀ ਉਮਰ 12 ਸਾਲ ਦੀ ਸੀ ਤੇ ਭਾਈ ਜੇਠਾ ਜੀ ਦੀ ਉਮਰ 19 ਸਾਲ ਸੀ। ਬੀਬੀ ਭਾਨੀ ਜੀ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਥਾਂ ਸਨ। ਆਪ ਤੋਂ ਵੱਡੀ ਬੀਬੀ ਦਾਨੀ ਜੀ ਦੀ ਸ਼ਾਦੀ ਬੇਦੀ ਵੰਸ਼ ਦੇ ਭਾਈ ਰਾਮਾ ਜੀ ਨਾਲ ਹੋਈ। ਭਾਈ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਕਾਰਣ ਵੀ ਆਪ ਦੀ ਸਹਿਣਸ਼ੀਲਤਾ, ਨਿਰਮਾਣਤਾ ਅਤੇ ਸੇਵਾ-ਭਾਵਨਾ ਵਿੱਚ ਕੋਈ ਫਰਕ ਨਹੀ ਸੀ ਪਿਆ। ਆਪ ਸਿਰ ਤੇ ਮੜ੍ਹਾਸਾ ਕਰਕੇ ਦਿਨ ਰਾਤ ਬਾਉਲੀ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਆਪ ਗੁਰੂ ਘਰ ਦੇ ਲੰਗਰ ਦੀ ਸੇਵਾ, ਆਈਆਂ ਸੰਗਤਾਂ ਦਾ ਆਦਰ ਮਾਣ ਤੇ ਰਿਹਾਇਸ਼ ਦਾ ਪ੍ਰਬੰਧ ਕਰਦੇ ਸਨ। ਕਦੇ ਅੱਕੇ ਜਾਂ ਥੱਕੇ ਨਹੀ ਸਨ। ਇੱਕ ਵਾਰੀ ਲਾਹੌਰ ਤੋਂ ਤੀਰਥ ਯਾਤਰਾ ਤੇ ਇੱਕ ਜਥਾ ਆਇਆ ਜੋ ਗੌਇੰਦਵਾਲ ਆ ਠਹਿਰਿਆ। ਉਸ ਵਿੱਚ ਭਾਈ ਜੇਠਾ ਜੀ ਦੀ ਬਰਾਦਰੀ ਦੇ ਲੋਕ ਵੀ ਸਨ ਜੋ ਇੰਨ੍ਹਾਂ ਨੂੰ ਮਿਲਣ ਆਏ। ਜਦੋ ਉਹ ਲੋਕ ਮਿਲੇ ਤਾਂ ਆਪ ਨੇ ਸਿਰ ਤੇ ਮੜਾਸਾ ਕਰਕੇ ਟੋਕਰੀ ਚੁੱਕੀ ਹੋਈ ਸੀ ਤਾਂ ਉਨ੍ਹਾਂ ਲੋਕਾਂ ਨੇ ਵੇਖ ਕੇ ਬਹੁਤ ਬੁਰਾ ਮਨਾਇਆ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ
ਠਸੁਨਿ ਕਰ ਸਤਿਗੁਰ ਭਏ ਪ੍ਰਸੰਨ॥
ਰਾਮਦਾਸ ਜੀ ਤੁਝ ਕੋ ਧੰਨ ਧੰਨ॥
ਕਰਿ ਸੇਵਾ ਮੁਝ ਕ ਬਸਿ ਕੀਨਾ॥
ਮੈਂ ਜਾਨੋਂ ਤੁਝ, ਤੈ ਮੁਝ ਕੋ ਚੀਨਾ॥
ਇਹ ਮਿੱਟੀ ਗਾਰਾ ਨਹੀ ਇਹ ਤਾਂ ਵਡਿੱਤਣ ਦਾ ਕੇਸਰ ਹੈ, ਸਿਰ ਉਤੇ ਮੜ੍ਹਾਸਾ ਨਹੀ ਸਗੋਂ ਚਾਰ ਚੱਕ ਦੀ ਪਾਤਸ਼ਾਹੀ ਦਾ ਛਤਰ ਝੁੱਲਣਾ ਹੈ। ਇੱਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਜੇ ਰਾਮਦਾਸ ਗੁਜਰ ਜਾਣ ਤਾਂ ਤੂੰ ਕੀ ਕਰੇਗੀ ਤਾਂ ਬੀਬੀ ਭਾਨੀ ਜੀ ਨੇ ਨਿਮਰਤਾ ਸਹਿਤ ਆਪਣੀ ਨੱਥ ਉਤਾਰ ਦਿੱਤੀ, ਜਿਸ ਦਾ ਭਾਵ ਸੀ ਕਿ ਜੋ ਰੱਬ ਦੀ ਰਜ਼ਾ ਹੋਏਗੀ ਮਨਜ਼ੂਰ ਹੋਏਗੀ। ਇਹ ਦੇਖ ਕੇ ਪਿਤਾ ਗੁਰਦੇਵ ਜੀ ਨੇ ਬੀਬੀ ਭਾਨੀ ਜੀ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਸਾਡੀ ਬਾਕੀ ਦੀ ਉਮਰ ਵੀ ਰਾਮਦਾਸ ਦੇ ਲੇਖੇ ਹੈ, ਇੰਨ੍ਹਾਂ ਕਹਿ ਕੇ ਆਪ ਬਾਉਲੀ ਵੱਲ ਚੱਲ ਪਏ ਉਸ ਸਮੇਂ ਭਾਈ ਰਾਮਦਾਸ ਜੀ ਸਿਰ ਤੇ ਟੋਕਰੀ ਚੁੱਕੀ ਜਾ ਰਹੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਟੋਕਰੀ ਉਤਰਵਾ ਕੇ ਕਿਹਾ ਕਿ ਆਪ ਜੀ ਨੂੰ ਗੁਰਤਾਗੱਦੀ ਸੌਂਪਣ ਦਾ ਵਕਤ ਆ ਗਿਆ ਹੈ ਤਾਂ ਆਪ ਜੀ ਨੇ ਕਿਹਾ ਕਿ ਹੇ! ਮੇਰੇ ਮਾਲਿਕ ਗੁਰਗੱਦੀ ਨਹੀ ਮੈਨੂੰ ਸੇਵਾ ਦਾ ਦਾਨ ਦਿਉ, ਗੱਦੀ ਮੋਹਰੀ ਜੀ ਨੂੰ ਦੇ ਦਿਉ। ਉਸ ਸਮੇਂ ਗੁਰੂ ਅਮਰਦਾਸ ਜੀ ਬਹੁਤ ਬਿਰਧ ਹੋ ਚੁੱਕੇ ਸਨ। 1574 ਵਿੱਚ ਆਪ 95 ਸਾਲ ਦੇ ਹੋ ਗਏ ਸਨ। ਆਖਰੀ ਪ੍ਰੀਖਿਆ ਗੁਰੂ ਘਰ ਦੇ ਦੋਨਾਂ ਜਵਾਈਆਂ ਵੱਡੇ ਭਾਈ ਰਾਮਾ ਜੀ ਅਤੇ ਭਾਈ ਰਾਮਦਾਸ ਜੀ ਵਿੱਚ ਹੋਈ। ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਅਤੇ ਭਾਈ ਰਾਮਦਾਸ ਜੀ ਨੂੰ ਥੜ੍ਹਾ ਬਣਾਉਣ ਲਈ ਕਿਹਾ। ਥੜ੍ਹਾ ਬਣ ਜਾਣ ਤੇ ਥੜ੍ਹਾ ਢਾਉਣ ਲਈ ਕਹਿ ਦਿੱਤਾ। ਥੜ੍ਹਾ ਬਣ ਜਾਣ ਤੇ ਥੜ੍ਹਾ ਢਾਉਣ ਨੂੰ ਕਹਿ ਦਿੰਦੇ। ਚੌਥੀ ਵਾਰ ਥੜ੍ਹਾ ਬਣਾਉਣ ਤੇ ਭਾਈ ਰਾਮਾ ਜੀ ਖਿੱਝ ਗਏ। ਭਾਈ ਰਾਮਦਾਸ ਜੀ ਸਤਿ ਬਚਨ ਕਹਿ ਕੇ ਥੜ੍ਹਾ ਬਣਾ ਵੀ ਦਿੰਦੇ ਤੇ ਥੜ੍ਹਾ ਢਾਹ ਵੀ ਦਿੰਦੇ। ਲਗਾਤਾਰ ਸੱਤਵੀਂ ਵਾਰ ਥੜ੍ਹਾ ਬਣਾਉਣ ਤੇ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਜੱਫੀ ਵਿੱਚ ਲੈ ਲਿਆ ਤੇ ਅਸੀਸਾ ਦੀ ਝੜੀ ਲਾ ਦਿੱਤੀ। ਆਪ ਜੀ ਦੀ ਸੇਵਾ-ਭਾਵ ਤੇ ਨਿਮਰਤਾ ਨੂੰ ਦੇਖਦਿਆ 1 ਸਤੰਬਰ 1574 ਨੂੰ ਗੌਇੰਦਵਾਲ ਸਾਹਬ ਵਿਖੇ ਗੁਰਿਆਈ ਸੌਂਪ ਦਿੱਤੀ। ਆਪ ਜੀ ਦੇ ਤਿੰਨ ਸਪੁੱਤਰ ਸ੍ਰੀ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ (ਸ੍ਰੀ ਗੁਰੂ) ਅਰਜਨ ਦੇਵ ਜੀ ਹੋਏ। ਆਪ ਜੀ ਨੇ ਸੰਤੋਖਸਰ, ਗੁਰੂ ਕੇ ਚੱਕ ਤੇ ਅੰਮ੍ਰਿਤਸਰ ਨਗਰ ਦੀ ਤਿਆਰੀ ਆਰੰਭੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੀ ਮਹਾਨ ਬਾਣੀ 30 ਰਾਗਾਂ ਵਿੱਚ ਇਸ ਪ੍ਰਕਾਰ ਦਰਜ ਹੈ। 246 ਪਦੇ, 31 ਅਸ਼ਟਪਦੀਆਂ, 32 ਛੰਦ, 138 ਸ਼ਲੋਕ, 8 ਵਾਰਾਂ(183 ਪਉੜੀਆਂ), ਪਹਰੇ 1, ਵਣਜਾਰਾ 1 , ਕਰਹਲੇ 2 ,ਘੋੜੀਆਂ 2 ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੁੱਲ 22 ਵਾਰਾਂ ਵਿੱਚੋਂ 8 ਵਾਰਾਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਰਚੀਆਂ ਹੋਈਆਂ ਹਨ।(ਵੱਖ-ਵੱਖ ਵਿਦਵਾਨਾਂ ਅਨੁਸਾਰ ਗਿਣਤੀ ਵੱਖ-ਵੱਖ ਹੈ)1581 ਨੂੰ ਗੁਰਗੱਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਆਪ ਸੱਚਖੰਡ ਪਿਆਨਾ ਕਰ ਗਏ।