ਜਵਾਨ ਹੋ ਰਹੇ ਬੱਚਿਆਂ ਪ੍ਰਤੀ ਆਪਣੇ ਫਰਜ਼ਾਂ ਦਾ ਰੱਖੋ ਖਿਆਲ਼

ਜਵਾਨ ਹੋ ਰਹੇ ਬੱਚਿਆਂ ਪ੍ਰਤੀ ਆਪਣੇ ਫਰਜ਼ਾਂ ਦਾ ਰੱਖੋ ਖਿਆਲ਼

ਮਾਪਿਆਂ ਨੂੰ ਆਪਣੇ ਬੱਚੇ ਪ੍ਰਤੀ ਉਸ ਦੇ ਬਚਪਨ ਤੋਂ ਹੀ ਇਹ ਫਿਕਰ ਲੱਗਾ ਰਹਿੰਦਾ ਹੈ ਕਿ ਉਸ ਦੀ ਚੰਗੀ ਸਿਹਤ ਪ੍ਰਤੀ ਉਸ ਦੇ ਖਾਣ-ਪਾਨ ਦਾ ਪੂਰਾ ਖਿਆਲ ਰੱਖਿਆ ਜਾਵੇ। ਉਸ ਦੀ ਸਿੱਖਿਆ ਪ੍ਰਤੀ ਮਾਪੇ ਹਮੇਸ਼ਾ ਹੀ ਸੁਚੇਤ ਰਹਿੰਦੇ ਹਨ। ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਉੱਚੇ ਅਹੁਦੇ ‘ਤੇ ਪਹੁੰਚੇ। ਇਸ ਮਕਸਦ ਲਈ ਉਹ ਮਹਿੰਗੇ ਤੋਂ ਮਹਿੰਗੇ ਸਕੂਲ ‘ਚ ਉਸ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹ ਚੰਗੀ ਤਾਲੀਮ ਹਾਸਲ ਕਰਕੇ ਆਸਾਨੀ ਨਾਲ ਉਨ੍ਹਾਂ ਵਲੋਂ ਮਿੱਥੇ ਟੀਚੇ ‘ਤੇ ਪਹੁੰਚ ਜਾਵੇ ਤੇ ਉਨ੍ਹਾਂ ਦਾ ਨਾਂਅ ਰੌਸ਼ਨ ਕਰੇ। ਬਚਪਨ ਤੋਂ ਜਵਾਨੀ ਦੀਆਂ ਦਹਿਲੀਜ਼ਾਂ ‘ਤੇ ਪੈਰ ਧਰਨ ਤੱਕ ਤਾਂ ਬੱਚੇ ਦੀ ਹਰ ਹਰਕਤ, ਉਸ ਦੀ ਬੋਲਚਾਲ, ਰਹਿਣ-ਸਹਿਣ, ਉਸ ਦੀਆਂ ਆਦਤਾਂ ਤੇ ਉਸ ਦੇ ਆਪਣੇ ਅਰਮਾਨਾਂ ਬਾਰੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜੇ ਥੋੜ੍ਹਾ ਜਿੰਨਾ ਵੀ ਤੁਸੀਂ ਬੱਚੇ ਦੇ ਫਰਜ਼ਾਂ ਪ੍ਰਤੀ ਅਵੇਸਲੇ ਹੋ ਗਏ ਤਾਂ ਇਸ ਦਾ ਖਮਿਆਜ਼ਾ ਬਹੁਤ ਮਾੜਾ ਤੇ ਬਹੁਤ ਦੇਰ ਤੱਕ ਭੁਗਤਣਾ ਪੈਂਦਾ ਹੈ। ਜਦੋਂ ਫਿਰ ਪਤਾ ਲਗਦਾ ਹੈ, ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਫਿਰ ਲੱਖ ਕੋਸ਼ਿਸ਼ਾਂ ਕਰਨ ‘ਤੇ ਵੀ ਤੁਸੀਂ ਸਫਲ ਨਹੀਂ ਹੋ ਸਕਦੇ। ਬੱਚਿਆਂ ਪ੍ਰਤੀ ਜੋ ਤੁਹਾਡੇ ਫਰਜ਼ ਬਣਦੇ ਹਨ, ਉਹ ਕੁਝ ਇਸ ਤਰ੍ਹਾਂ ਹਨ-
* ਜਵਾਨ ਹੋ ਰਹੇ ਬੱਚੇ ਦੇ ਮਨ ‘ਚ ਕੋਈ ਚਾਹਤ ਹੈ ਤਾਂ ਉਸ ਨੂੰ ਪਿਆਰ ਨਾਲ ਪੁੱਛ ਕੇ ਉਸ ਨੂੰ ਬੜੀ ਸੂਝਬੂਝ ਨਾਲ ਪੂਰਾ ਕੀਤਾ ਜਾਵੇ।
* ਜੇ ਤੁਹਾਨੂੰ ਬੱਚੇ ‘ਤੇ ਥੋੜ੍ਹਾ ਸ਼ੱਕ ਪੈਦਾ ਹੋਣ ਲੱਗੇ ਕਿ ਉਸ ਨੂੰ ਕੁਝ ਮਾੜੀਆਂ ਆਦਤਾਂ ਪੈ ਰਹੀਆਂ ਹਨ ਤਾਂ ਬਜਾਏ ਉਸ ਨੂੰ ਡਾਂਟਣ ਦੇ ਉਨ੍ਹਾਂ ਆਦਤਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਜਾਵੇ ਤਾਂ ਬੱਚਾ ਬੜੀ ਜਲਦੀ ਸਮਝ ਕੇ ਕੁਰਾਹੇ ਜੈਣ ਤੋਂ ਸਿੱਧੇ ਰਾਹ ਆ ਸਕਦਾ ਹੈ।
* ਕੋਸ਼ਿਸ਼ ਕਰੋ, ਪੂਰੇ ਪਰਿਵਾਰ ‘ਚ ਕੋਈ ਸਾਂਝੀ ਗੱਲ ਕਰਨ ਲੱਗਿਆਂ ਬੱਚੇ ਨੂੰ ਵਿਚ ਬਿਠਾ ਕੇ ਉਸ ਦੇ ਵਿਚਾਰ ਵੀ ਸੁਣੋ। ਇਸ ਨਾਲ ਬੱਚਾ ਆਪਣੇ-ਆਪ ਨੂੰ ਸਿਆਣਿਆਂ ‘ਚ ਬੈਠਣ ‘ਤੇ ਮਾਣ ਮਹਿਸੂਸ ਕਰੇਗਾ ਤੇ ਆਪਣੇ-ਆਪ ਨੂੰ ਸਿਆਣਾ ਸਮਝਣ ਲੱਗੇਗਾ। ਇਸ ਨਾਲ ਉਸ ਦਾ ਬੌਧਿਕਤਾ ਬਲ ਵਧੇਗਾ।
* ਇਹ ਬੱਚੇ ਲਈ ਬੜਾ ਅਹਿਮ ਪੱਖ ਮੰਨਿਆ ਜਾਂਦਾ ਹੈ ਕਿ ਤੁਸੀਂ ਬੱਚੇ ਬਾਰੇ ਜੋ ਸੋਚਿਆ ਹੁੰਦਾ ਹੈ, ਤੁਸੀਂ ਉਹ ਬਣਨ ਦੀ ਚਾਹਤ ਰੱਖਦੇ ਹੋ, ਭਾਵੇਂ ਬੱਚੇ ਦੀ ਉਸ ਵਿਚ ਰੁਚੀ ਵੀ ਨਾ ਹੋਵੇ। ਇਸ ਤਰ੍ਹਾਂ ਦੀ ਸਥਿਤੀ ‘ਚ ਬੱਚੇ ਦੇ ਦਿਮਾਗ ਦੀ ਪਰਖ ਕਰਨੀ ਚਾਹੀਦੀ ਹੈ ਕਿ ਬੱਚੇ ਦੀ ਕਿਸ ਖੇਤਰ ਵੱਲ ਰੁਚੀ ਹੈ।
* ਕੋਸ਼ਿਸ਼ ਕਰੋ, ਸ਼ੁਰੂ ਤੋਂ ਹੀ ਬੱਚੇ ਨੂੰ ਕੰਪਿਊਟਰ ਤੇ ਇੰਟਰਨੈੱਟ ਦੀ ਜਾਣਕਾਰੀ ਦੇ ਕੇ ਉਸ ਨੂੰ ਵੱਧ ਤੋਂ ਵੱਧ ਇਸ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾਵੇ। ਇਸ ਨਾਲ ਬੱਚਾ ਆਪਣੇ-ਆਪ ਬੌਧਿਕ ਵਿਕਾਸ ਦਾ ਪੱਲਾ ਫੜ ਲਵੇਗਾ ਤੇ ਯਾਦ ਰੱਖੋ, ਉਹ ਜੋ ਵੀ ਕਰੇਗਾ, ਉਸ ਵਿਚ ਹੀ ਸਫਲ ਹੋਵੇਗਾ।