ਰੁਝਾਨ ਖ਼ਬਰਾਂ
ਦਿਨ ਕਦੋਂ ਚੜੂ?

ਦਿਨ ਕਦੋਂ ਚੜੂ?

”ਪੈ ਜਾਹ, ਕਿਉਂ ਗੇੜੇ ਕੱਢੀ ਜਾਨਾ, ਜੁਆਕ ਜਾਗ ਪੈਣਗੇ, ਪਤਾ ਨਹੀ ਕਿਵੇਂ ਦਸ ਮਿੰਟ ਨੀਂਦ ਆਈ ਏ।” ਬਿੱਕਰ ਦੀ ਘਰ ਵਾਲੀ ਤਾਰੋ ਨੇ ਅੱਕ ਕੇ ਕਿਹਾ। ਬਿੱਕਰ ਚੁੱਪ ਚਾਪ ਮੰਜੀ ਤੇ ਬੈਠ ਗਿਆ। ਨੀਂਦ ਤਾਂ ਦੋਵੇਂ ਜੀਆਂ ‘ਚੋਂ ਕਿਸੇ ਨੂੰ ਨਹੀਂ ਸੀ ਆ ਰਹੀ ਪਰ ਬੱਚਿਆਂ ਕਾਰਨ ਮਨ ਘੁੱਟੀ ਬੈਠੇ ਸਨ। ਕਿਹੋ ਜਿਹੇ ਹਾਲਾਤ ਸਨ ਆਪਸ ਵਿੱਚ ਦੁੱਖ ਵੀ ਸਾਂਝਾ ਨਹੀਂ ਸਨ ਕਰ ਸਕਦੇ।ਸਾਂਝਾ ਵੀ ਕੀ ਕਰਦੇ ਇੱਥੇ ਤਾਂ ਇਹ ਨਿੱਤ ਦਾ ਵਰਤਾਰਾ ਸੀ, ਕਦੇ ਰੋਟੀ ਮਿਲ ਗਈ ਨਹੀਂ ਤਾਂ ਬਸ.. । ਖੇਤ ਮਜਦੂਰਾਂ ਲਈ ਪਿੰਡਾਂ’ਚ ਵੈਸੇ ਹੀ ਕੰਮ ਨਹੀਂ ਸੀ ਰਹਿ ਗਿਆ, ਝੌਨਾ ਲਾਉਣ ਵੇਲੇ ਭਈਏ
ਆ ਜਾਂਦੇ, ਕਣਕ ਦੀ ਕਟਾਈ ਮਸ਼ੀਨਾਂ ਨੇ ਕੁੱਝ ਹੀ ਦਿਨਾਂ ਤੱਕ ਸੀਮਤ ਕਰ ਦਿੱਤੀ ਸੀ।ਪਰਿਵਾਰਾਂ ਵਾਲੇ ਤਾਂ ਰਲ ਮਿਲ ਚਾਰ ਪੈਸੇ ਕਮਾ ਲੈਂਦੇ ਪਰ ਬਿੱਕਰ ਨੂੰ ਇਸ ਪਾਸਿਓਂ ਵੀ ਕੋਈ ਸਹਾਰਾ ਨਹੀਂ ਸੀ।ਤਾਰੋ ਕਈ ਸਾਲਾਂ ਤੋਂ ਮੰਜਾ ਮੱਲੀ ਬੈਠੀ ਸੀ, ਬੱਚੇ ਨਿਆਣੇ, ਸਾਰਾ ਭਾਰ ਇਕੱਲੀ ਜਾਨ ਤੇ।ਬਿੱਕਰ ਸਾਈਕਲ ਚੱਕ ਮਜਦੂਰਾਂ ਦੀ ਮੰਡੀ ਸ਼ਹਿਰ ਪੁੱਜ ਜਾਂਦਾ, ਇੱਥੇ ਵੀ ਦਿਹਾੜੀ ਕਦੇ ਕਦਾਈਂ ਲੱਗਦੀ।ਮਜਦੂਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਸੀ, ਹੁਣ ਤਾਂ ਕਈ ਬੇਜਮੀਨੇ ਕਿਸਾਨ ਵੀ ਆਉਣ ਲੱਗੇ ਸਨ। ਬਰਸਾਤਾਂ ਦੀ ਰੁੱਤ ਅਤੇ ਰੇਤ ਦੀ ਕਾਲਾਬਜ਼ਾਰੀ ਨੇ ਉਸਾਰੀ ਦਾ ਕੰਮ ਮੱਠਾ ਪਾ ਦਿੱਤਾ ਸੀ।
ਅੱਜ ਵੀ ਬਿੱਕਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਤੁਰ ਪਿਆ ਸੀ, ਸ਼ਾਇਦ ਸੁਵੱਖਤੇ ਕੰਮ ਮਿਲ ਜਾਵੇ।ਚਾਰ ਪੈਸਿਆਂ ਦੇ ਸੁਪਨੇ ਲੈਂਦਾ ਉਹ ਸਾਈਕਲ ਜੋਰ ਨਾਲ ਭਜਾਈ ਆ ਰਿਹਾ ਸੀ। ”ਕਿੱਧਰ ਬੂਥਾ ਚੱਕਿਆ ਓਏ, ਨਾਕਾ ਨਹੀਂ ਦਿਸਦਾ ?” ਸਿਪਾਹੀ ਨੇ ਮਗਰਾਡ ਤੇ ਡੰਡਾ ਮਾਰਦਿਆ ਅੱਗੇ ਹੋ ਰੋਕਿਆ। ”ਜੀ..ਜੀ..ਮੈਂ..ਦਿਹਾੜੀ..” ਬਿੱਕਰ ਇਕਦਮ ਪਈ ਆਫਤ ਵੇਖ ਘਬਰਾ ਗਿਆ ਸੀ। ”ਕੀ ਮੈਂ..ਮੈਂ ਲਾਈ ਆ।”ਥਾਣੇਦਾਰ ਨੇ ਢਿੱਡ ਤੋਂ ਥੱਲੇ ਖਿਸਕਦੀ ਪੈਂਟ ਨੂੰ ਉਪਰ ਕਰਦਿਆਂ, ਅੱਗੇ ਬੱਧੇ ਝੋਲੇ ਦੀ ਤਲਾਸ਼ੀ ਲਈ ਸਿਪਾਹੀ ਨੂੰ ਕਿਹਾ। ਸਿਪਾਹੀ ਨੇ ਝੋਲੇ ਵਿੱਚਲੀ ਰੋਟੀ ਖੋਲ੍ਹ ਦੂਰ ਚਲਾ ਮਾਰੀ ਜਿਸ ਨੂੰ ਨਾਲ ਦੀ ਨਾਲ ਕੁੱਤਾ ਲੈ ਭੱਜਿਆ। ਬਿੱਕਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਘਰ ਵਿੱਚ ਇਹੋ ਅਖੀਰਲਾ ਆਟਾ ਸੀ, ਜਿਸ ਦੀਆਂ ਬਣੀਆਂ ਦੋਵੇਂ ਰੋਟੀਆਂ ਉਹ ਲੈ ਆਇਆ ਸੀ। ”ਤੈਨੂੰ ਪਤਾ ਨਹੀਂ ਸ਼ਹਿਰ ‘ਚ ਝੰਡਾ ਚੜਾਉਣ ਲਈ ਮੰਤਰੀ ਜੀ ਆ ਰਹੇ ਨੇ..ਦੋ ਤਿੰਨ ਦਿਨ ਸ਼ਹਿਰ ‘ਚ ਵੜਿਆ ਤਾਂ ਵੇਖ ਲਵੀਂ।” ਥਾਣੇਦਾਰ ਨੇ ਗੰਦੀ ਜਿਹੀ ਗਾਲ੍ਹ ਕੱਢਦਿਆਂ ਦੋਨੋਂ ਟਾਇਰ ਪੈਂਚਰ ਕਰ ਵਾਪਿਸ ਮੋੜ ਦਿੱਤਾ ਸੀ।ਬਿੱਕਰ ਸਾਈਕਲ ਧੂੰਹਦਾ ਮਸਾਂ ਹੀ ਘਰ ਪਹੁੰਚਿਆਂ ਸੀ।
”ਅੱਜ ਫਿਰ ਨਹੀਂ ਮਿਲੀ ਦਿਹਾੜੀ ? ਦੁਪਹਿਰ ਤਾਂਈ ਉਡੀਕ ਲੈਂਦਾ.. ਘਰੇ ਤਾਂ..। ਤਾਰੋ ਨੇ ਆਉਂਦਿਆਂ ਵੇਖ ਕਈ ਸੁਆਲ ਕਰ ਦਿੱਤੇ। ”ਪੁਲਿਸ ਸ਼ਹਿਰ ‘ਚ ਵੜਨ ਨਹੀਂ ਦਿੰਦੀ..ਕਹਿੰਦੇ ਜਾਦੀ ਦਿਹਾੜਾ.. ਕਿਸੇ ਮੰਤਰੀ ਨੇ ਝੰਡਾ ਚੜਾਉਣ ਆਉਣਾ..। ”ਬਿੱਕਰ ਨੇ ਮਸਾਂ ਹੀ ਜਵਾਬ ਦਿੱਤਾ। ”ਇਹ ਜਾਦੀ ਦਿਹਾੜਾ ਕੀ ਹੁੰਦਾ ਮੰਮੀ? ਮੁੰਡੇ ਸ਼ਨੀ ਨੇ ਉਤਸੁਕਤਾ ਨਾਲ ਪੁਛਿਆ। ”ਤੈਨੂੰ ਇਨ੍ਹਾਂ ਵੀ ਨਹੀਂ ਪਤਾ, ਕੱਲ੍ਹ ਵੱਡੇ ਸਰ ਨੇ ਸਭ ਦੱਸਿਆ ਤਾਂ ਸੀ।” ਸ਼ਨੀ ਤੋਂ ਵੱਡੀ ਜੀਤਾਂ ਇਕਦਮ ਬੋਲ ਉੱਠੀ। ”ਪੁੱਤ ਤੂੰ ਵੀ ਧਿਆਨ ਨਾਲ ਪੜ੍ਹਿਆ ਕਰ।” ਤਾਰੋ ਨੇ ਸਮਝਾਇਆ। ”ਮੰਮੀ ਉਦੋਂ ਐਨੀ ਤਾਂ ਭੁੱਖ ਲੱਗੀ ਹੁੰਦੀ ਆ,ਉਦੋਂ ਤਾਂ ਬਸ ਰੋਟੀ..।” ਸ਼ਨੀ ਨੂੰ ਰੋਟੀ ਦੀ ਯਾਦ ਨੇ ਵਿਆਕੁਲ ਕਰ ਦਿੱਤਾ ਸੀ। ”ਮਾਸਟਰ ਐਨੀਆਂ ਛੁੱਟੀਆਂ ਕਿਉਂ ਕਰਦੇ ਆ,ਸਕੂਲ ‘ਚ ਰੋਟੀ ਤਾਂ ਮਿਲ ਜਾਂਦੀ।” ਸ਼ਨੀ ਢਿੱਡ ਤੇ ਹੱਥ ਫੇਰ ਰਿਹਾ ਸੀ। ”ਵੀਰੇ ਮਾਸਟਰਾਂ ਦੇ ਘਰ ਵਾਧੂ ਪੈਸੇ ਹੁੰਦੇ ਹੋਣਗੇ, ਆਪਣੇ ਵਾਗੂੰ ਨਹੀਂ ਹੁੰਦੇ।” ਜੀਤਾਂ ਨੇ ਆਪਣੇ ਗਿਆਨ ਅਨੁਸਾਰ ਸਪੱਸ਼ਟ ਕੀਤਾ।ਦੋਵੇਂ ਜੀਆਂ ਨੇ ਇੱਕ ਦੂਜੇ ਵੱਲ ਵੇਖਿਆ ਪਰ ਕੋਈ ਵੀ ਕੁੱਝ ਨਾ ਬੋਲ ਸਕਿਆ। ਦਿਨ ਤਾਂ ਲੰਘ ਚੱਲਿਆ ਸੀ ਪਰ ਉਪਰੋਂ ਹੁੰਦੀ ਰਾਤ ਵੱਡੀ ਸਮੱਸਿਆ ਲੱਗ ਰਹੀ ਸੀ। ਕਿਤੋਂ ਉਧਾਰ ਵੀ ਨਹੀਂ ਸੀ ਮਿਲਣਾ, ਜਿੱਥੋਂ ਮੁੜਨ ਦੀ ਆਸ ਨਾ ਹੋਵੇ ਉੱਥੇ ਦਿੰਦਾ ਵੀ ਕੌਣ।ਨਾਲੇ ਬਸਤੀ ‘ਚ ਸਭ ਉਨ੍ਹਾਂ ਵਰਗੇ ਹੀ ਤਾਂ, ਰਹਿੰਦੇ ਸਨ।
ਸਿਵਿਆਂ ਵਰਗੀ ਸਾਂਤੀ ‘ਚ ਸਾਰਾ ਟੱਬਰ ਹਨੇਰੇ ਵਿੱਚ ਚੁੱਪ ਬੈਠਾ ਸੀ। ਘਰ ਵਿੱਚ ਨਾ ਚੁੱਲ੍ਹਾ ਬਲਿਆ ਨਾ ਦੀਵਾ। ਬੱਚੇ ਮਾਂ ਪਿਉ ਦੇ ਮੂੰਹ ਵੱਲ ਵੇਖਦੇ ਮੰਜੀਆਂ ਤੇ ਟੇਢੇ ਹੋ ਗਏ ਸਨ ਪਰ ਦੋਵੇਂ ਜੀਅ ਮੰਜੀਆਂ ਤੇ ਉਵੇਂ ਹੀ ਬੈਠੇ ਸਨ। ”ਮੰਮੀ ਰਾਤ ਕਿੰਨੀ ਕੁ ਰਹਿ ਗਈ?” ਜੀਤਾਂ ਨੇ ਬੈਠੀ ਮਾਂ ਨੂੰ ਵੇਖ ਪੁਛਿਆ। ”ਸੌਂ ਜਾਹ ਪੁੱਤ ਅਜੇ ਤਾਂ ਬਹੁਤ ਪਈ ਆ।”ਤਾਰੋ ਨੇ ਸੰਖੇਪ ਜਿਹਾ ਜਵਾਬ ਦਿੱਤਾ। ”ਅੱਜ ਰਾਤ ਵੀ ਕਿੰਨੀ ਲੰਮੀ ਹੋ ਗਈ..ਜੇ ਰੱਬ ਤਾਰਿਆਂ ਦੀ ਥਾਂ ਰੋਟੀਆਂ ਲਾ ਦਿੰਦਾ, ਕੋਈ ਭੁੱਖਾ ਤਾਂ ਨਾ ਸੌਂਦਾ।” ਜੀਤਾਂ ਅਸਮਾਨ ਵੱਲ ਵੇਖ ਕਲਪਨਾ ਕਰ ਰਹੀ ਸੀ। ”ਪੁੱਤ ਚੁੱਪ ਕਰਕੇ ਪੈ ਜਾ,ਵੀਰਾ ਜਾਗ ਪਿਆ ਤਾਂ..?” ਤਾਰੋ ਬੇਚੈਨ ਜਿਹੀ ਬੋਲੀ।ਹੁਣ ਤਾਂ ਖੇਤਾਂ ਵਿੱਚ ਵੀ ਚਾਰ ਚੁਫੇਰੇ ਝੌਨਾ ਹੀ ਝੌਨਾ, ਹੋਰ ਕੋਈ ਵੀ ਫਸਲ ਨਹੀਂ ਹੋਣੀ। ਖਾਣ ਵਾਲੀ ਕੋਈ ਵੀ ਚੀਜ਼ ਨਹੀਂ ਹੋਣੀ। ਬਿੱਕਰ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ।ਇਕਦਮ ਮੁੰਡੇ ਨੇ ਰੋਣਾ ਸ਼ੁਰੂ ਕਰ ਦਿੱਤਾ। ਮਾਂ ਦੇ ਪੁਛਣ ਤੇ ਰੋਂਦਾ ਰੌਂਦਾ ਬੋਲਿਆ,”ਮੰਮੀ ਢਿੱਡ ਦੁਖਦਾ..ਰੋਟੀ..।” ਤਾਰੋ ਨੇ ਦਿਨ ਚੜਨ ਤੱਕ ਸਬਰ ਕਰਨ ਲਈ ਕਿਹਾ। ”ਮੰਮੀ ਦਿਨ ਕਦੋਂ ਚੜੂ?” ਬੱਚੇ ਦੇ ਸੁਆਲ ਦਾ ਮਾਂ ਕੀ ਜਵਾਬ ਦਿੰਦੀ। ਫਿਰ ਚੁੱਪ ਵਰਤ ਗਈ ਸੀ। ਬੱਚਾ ਸੁੱਤਾ ਪਿਆ ਵੀ ਹੌਕੇ ਲੈਂਦਾ ਹੋਇਆ ਦਿਨ ਕਦੋਂ ਚੜੂ ਬੋਲੀ ਜਾਂਦਾ ਸੀ। ਦੋਵੇਂ ਜੀਅ ਬੇਵਸੀ ਵਿੱਚ ਹੰਝੂ ਵਹਾ ਰਹੇ ਸਨ।”ਕਦੋਂ ਕੁ ਦਿਨ ਚੜੂ ?” ਤਾਰੋ ਨੇ ਬਿੱਕਰ ਵੱਲ ਮੂੰਹ ਕਰਕੇ ਪੁਛਿਆ। ”ਆਪਣਾ ਦਿਨ ਕਾਹਦਾ ਚੜਨਾ ਤਾਰੋ! ਜੇ ਕੱਲ੍ਹ ਨੂੰ ਵੀ ਕੰਮ ਨਾ ਮਿਲਿਆ..ਕਦੋਂ ਤੱਕ ਜੁਆਕਾਂ ਨੂੰ ਭੁੱਖਾ ਰੱਖਾਂਗੇ..ਭੁੱਖੇ ਢਿੱਡ ਤਾਂ ਕੰਮ ਵੀ ਨਹੀਂ ਹੁੰਦਾ.. ਇਸ ਸਿਸਟਮ ਦੀ ਚੰਦਰੀ ਰਾਤ ਦਾ ਦਿਨ ਕਦੋਂ ਚੜੂ।” ਬਿੱਕਰ ਦੀ ਬੇਵਸੀ ‘ਚ ਧਾਹ ਨਿਕਲ ਗਈ ਸੀ।

-ਗੁਰਮੀਤ ਸਿੰਘ ਮਰਾੜ੍ਹ
ਮੋ:9501400397