ਦਲਿਤਾਂ ਦਾ ਦਰਦ

ਦਲਿਤਾਂ ਦਾ ਦਰਦ

ਪ੍ਰਾਇਮਰੀ ਸਕੂਲ ਵਿਚ ਅਖੌਤੀ ਨੀਚ ਜਾਤੀ ਦੇ ਮੁੰਡਿਆਂ ਨੂੰ ਸਟਾਈਪਿੰਡ ਦੇਣ ਲਈ ਅਕਸਰ ਅਧਿਆਪਕ ਕਲਾਸ ਵਿਚ ਆ ਕੇ ਬੋਲਿਆ ਕਰਦਾ ਸੀ, ‘ਸ਼ਡੂਲ ਕਾਸਟ ਹੱਥ ਖੜ੍ਹੇ ਕਰੋ ਬਈ।’ ਇਸ ਸ਼ਬਦ ਨਾਲ ਮੇਰੀ ਸਾਂਝ ਉਦੋਂ ਪਈ ਸੀ। ਬੜੇ ਚਿਰ ਤੋਂ ਅਸੀਂ ਕਥਿਤ ਨਿਮਨਜਾਤੀ ਦੇ ਲੋਕਾਂ ਲਈ ਅੰਗਰੇਜ਼ੀ ਦਾ ‘ਸ਼ਡੂਲਡ ਕਾਸਟ’ ਪਦ ਵਰਤਦੇ ਆ ਰਹੇ ਹਾਂ। ਇਸ ਦਾ ਪੰਜਾਬੀ ਰੂਪਾਂਤਰ ‘ਸ਼ਡੂਲਕਾਸਟ’ ਏਨਾ ਮੂੰਹ ਚੜ੍ਹ ਗਿਆ ਹੈ ਕਿ ਸ਼ਾਇਦ ਬਹੁਤ ਸਾਰੇ ਘਟ ਪੜ੍ਹਿਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਅੰਗਰੇਜ਼ੀ ਦੇ ਦੋ ਸ਼ਬਦਾਂ ਤੋਂ ਬਣਾਇਆ ਇਕ ਸੰਯੁਕਤ ਸ਼ਬਦ ਹੈ।
ਅਮਰੀਕੀ ਅੰਗਰੇਜ਼ੀ ਵਿਚ ਬਰਤਾਨਵੀ/ਭਾਰਤੀ ਸ਼ਡੂਲ ਸ਼ਬਦ ਨੂੰ ਸਕੈਜਲ ਉਚਾਰਿਆ ਜਾਂਦਾ ਹੈ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਅਮਰੀਕੀ ਬੋਲਬਾਲੇ ਦੇ ਇਸ ਦੌਰ ਵਿਚ ਜਦ ਭਾਰਤ ਵਿਚ ਅਮਰੀਕੀ ਅੰਗਰੇਜ਼ੀ ਦਾ ਪ੍ਰਚਲਨ ਹੋ ਰਿਹਾ ਹੈ ਤਾਂ ਕੀ ਇਸ ਪਦ ਨੂੰ ਹੁਣ ‘ਸਕੈਜਲਡ ਕਾਸਟ’ ਨਹੀਂ ਉਚਾਰਿਆ ਜਾਣਾ ਚਾਹੀਦਾ? ਜਾਂ ਕੀ ਅਮਰੀਕੀਆਂ ਨੂੰ ਵੀ ਨਹੀਂ ਚਾਹੀਦਾ ਕਿ ਉਹ ਇਸ ਰੂੜ ਹੋ ਚੁਕੇ ਸ਼ਬਦ ਨੂੰ ਸ਼ਡੂਲਕਾਸਟ ਹੀ ਉਚਾਰਨ?
ਅਸਲ ਵਿਚ ਕਥਿਤ ਅਛੂਤ ਜਾਤੀਆਂ ਲਈ ‘ਸ਼ਡੂਲਡ ਕਾਸਟ’ ਪਦ ਪਹਿਲੀ ਵਾਰ ਅੰਗਰੇਜ਼ੀ ਰਾਜ ਸਮੇਂ ਗੋਰੀ ਭਾਰਤ ਸਰਕਾਰ ਨੇ 1935 ਭਾਰਤ ਐਕਟ ਵਿਚ ਵਰਤਿਆ ਸੀ। ਬਾਅਦ ਵਿਚ 1950 ਦੌਰਾਨ ਹੋਂਦ ਵਿਚ ਆਏ ਭਾਰਤੀ ਸੰਵਿਧਾਨ ਵਿਚ ਅਛੂਤ ਜਾਤੀਆਂ ਦੀ ਇੱਕ ਵੱਖਰੀ ਸੂਚੀ ਬਣਾਈ ਗਈ। ਇਸੇ ਕਰਕੇ ਇਨ੍ਹਾਂ ਦਾ ਇਹ ਨਾਂ ਪਿਆ। ਇਸ ਦਾ ਸ਼ਾਬਦਿਕ ਅਨੁਵਾਦ ‘ਅਨੁਸੂਚਿਤ ਜਾਤੀਆਂ’ ਸਿਰਫ ਕਦੇ ਕਦਾਈਂ ਲਿਖਣ, ਪੜ੍ਹਨ, ਪ੍ਰਸਾਰਨ ਵਿਚ ਹੀ ਮਿਲਦਾ ਹੈ, ਆਮ ਬੋਲ-ਚਾਲ ਵਿਚ ਨਹੀਂ। ਇਨ੍ਹਾਂ ਜਾਤੀਆਂ ਨੂੰ ਪਹਿਲਾਂ ਸਮੂਹਕ ਤੌਰ ‘ਤੇ ਡੀਪਰੈਸਡ ਕਲਾਸਿਜ਼ ਕਿਹਾ ਜਾਂਦਾ ਸੀ, ਜਿਸ ਦਾ ਪੰਜਾਬੀ ਅਨੁਵਾਦ ਆਮ ਤੌਰ ‘ਤੇ ‘ਦੱਬੀਆਂ-ਕੁਚਲੀਆਂ ਜਾਤਾਂ’ ਕੀਤਾ ਜਾਂਦਾ ਹੈ। ਪੰਜਾਬੀ ਦਾ ਇਹ ਪਦ ਆਮ ਤੌਰ ‘ਤੇ ਸਾਹਿਤ ਵਿਚ ਹੀ ਵਰਤਿਆ ਮਿਲਦਾ ਹੈ।
ਕਾਫੀ ਸਮੇਂ ਤੋਂ ਇਨ੍ਹਾਂ ਜਾਤੀਆਂ ਦੇ ਲੋਕ ਆਪਣੇ ਆਪ ਨੂੰ ਦਲਿਤ ਸਦਾਉਣ ਨੂੰ ਤਰਜੀਹ ਦੇਣ ਲੱਗ ਪਏ ਤਾਂ ਰਾਜ ਕਰਦੀਆਂ ਜਮਾਤਾਂ ਤੇ ਮੁੱਖ ਪਾਰਟੀਆਂ ਇਸ ਸ਼ਬਦ ਦੀ ਭਾਵਨਾ ਤੋਂ ਤ੍ਰਹਿਣ ਲੱਗ ਪਈਆਂ। ਪਿਛੇ ਜਿਹੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਮੀਡੀਆ ਨੂੰ ਸਲਾਹ ਦਿੱਤੀ ਕਿ ਉਹ ਇਸ ਸ਼ਬਦ ਨੂੰ ਵਰਤਣ ਤੋਂ ਪ੍ਰਹੇਜ਼ ਕਰਨ। ਦਲਿਤ ਇਕ ਤਰ੍ਹਾਂ ਨਾਲ ਅੰਗਰੇਜ਼ੀ ਡੀਪਰੈਸਡ ਦਾ ਕਾਫੀ ਢੁਕਵਾਂ ਅਨੁਵਾਦ ਹੈ। ਮੇਰੇ ਖਿਆਲ ਵਿਚ ‘ਦੱਬੀਆਂ ਕੁਚਲੀਆਂ’ ਹੋਰ ਵੀ ਵਧੇਰੇ ਢੁਕਵਾਂ ਹੈ ਪਰ ਮਸਲਾ ਇਕ ਸ਼ਬਦ ਨੂੰ ਸਾਰੇ ਭਾਰਤ, ਘੱਟੋ ਘੱਟ ਉਤਰੀ ਭਾਰਤ ਵਿਚ ਇਕ ਹੀ ਪ੍ਰਚਲਿਤ ਕਰਨ ਦਾ ਵੀ ਹੈ। ਦਲਿਤ ਸ਼ਬਦ ਤੋਂ ਇਸ ਦੀ ਛਤਰੀ ਹੇਠ ਆਉਂਦੇ ਜਨ ਸਮੁਦਾਇ ਵਿਚ ਸਮਾਜ ਵਿਚ ਦੱਬੇ ਕੁਚਲੇ ਹੋਣ ਦਾ ਅਹਿਸਾਸ ਅਤੇ ਉਚਾ ਉਠਣ ਦੀ ਭਾਵਨਾ ਪੈਦਾ ਹੁੰਦੀ ਹੈ।
ਮਹਾਤਮਾ ਗਾਂਧੀ ਹਰੀਜਨ ਸ਼ਬਦ ਵਰਤਣ ਲੱਗਾ ਤਾਂ ਡਾ. ਅੰਬੇਦਕਰ ਨੇ ਮੁਕਾਬਲੇ ‘ਤੇ ਦਲਿਤ ਸ਼ਬਦ ਦੀ ਵਕਾਲਤ ਕੀਤੀ। ਦਲਿਤ ਸ਼ਬਦ ਪਹਿਲਾਂ ਪਹਿਲ ਉਨ੍ਹੀਵੀਂ ਸਦੀ ਦੇ ਅਖੀਰ ਵਿਚ ਵਧੇਰੇ ਕਰਕੇ ਮਰਾਠੀ ਵਿਚ ਹੀ ਵਰਤਿਆ ਜਾਣ ਲੱਗਾ। 1970 ਦੇ ਆਸ-ਪਾਸ ਮਹਾਰਾਸ਼ਟਰ ਦੇ ਖਾੜਕੂ ਦਲਿਤਾਂ ਨੇ ਇਸ ਸ਼ਬਦ ਦੀ ਵਰਤੋਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਲਿਤ ਪੈਂਥਰ ਨਾਂ ਦੀ ਪਾਰਟੀ ਬਣਾਈ। ਇਸ ਦੇ ਮੈਨੀਫੈਸਟੋ ਵਿਚ ਦਲਿਤ ਦੀ ਪਰਿਭਾਸ਼ਾ ਅਧੀਨ ਸ਼ਡੂਲ ਕਾਸਟ, ਸ਼ਡੂਲ ਟਰਾਈਬ, ਨਵ-ਬੋਧੀ, ਕਿਰਤੀ ਕਾਮੇ, ਬੇਜਮੀਨੇ ਅਤੇ ਗਰੀਬ ਕਿਸਾਨ, ਇਸਤਰੀਆਂ ਤੇ ਧਰਮ ਦੇ ਨਾਂ ਹੇਠ ਆਰਥਕ ਤੇ ਰਾਜਨੀਤਕ ਤੌਰ ‘ਤੇ ਸ਼ੋਸਿਤ ਸਭ ਤਰ੍ਹਾਂ ਦੇ ਸਮੂਹ ਲੈ ਆਂਦੇ। ਇਸ ਤਰ੍ਹਾਂ ਦਲਿਤ ਸ਼ਬਦ ਦੇ ਅਰਥਾਂ ਦਾ ਘੇਰਾ ਵਿਸ਼ਾਲ ਹੋ ਗਿਆ।
ਮਰਾਠੀ ਤੋਂ ਸ਼ੁਰੂ ਹੋਏ ਦਲਿਤ ਸਾਹਿਤ ਦਾ ਜ਼ਿਕਰ ਹਰ ਭਾਸ਼ਾ ਵਿਚ ਹੋਣ ਲੱਗਾ। ਹਰੀਜਨ ਸ਼ਬਦ ਵਿਚ ਹਮਦਰਦੀ ਜਾਂ ਤਰਸ ਦੀ ਬੋਅ ਆਉਂਦੀ ਹੈ ਪਰ ਇਸ ਸ਼ਬਦ ਦੀ ਵਕਾਲਤ ਕਰਨ ਵਾਲੇ ਇਨ੍ਹਾਂ ਜਾਤੀਆਂ ਨੂੰ ਵਡੇਰੇ ਹਿੰਦੂ ਸਮੂਹ ਵਿਚ ਹੀ ਸਮੋਅ ਦੇਣ ਦੀ ਲੋਚਾ ਰੱਖਦੇ ਹਨ, ਜਦਕਿ ਦਲਿਤ ਸਮਾਜ ਦਰਅਸਲ ਇੱਕ ਵੱਖਰੇ ਸਮੂਹ ਵਜੋਂ ਸਾਹਮਣੇ ਆਉਂਦਾ ਹੈ, ਜੋ ਵੈਦਿਕ ਕਾਲ ਤੋਂ ਹੀ ਜਾਤੀ ਵਿਵਸਥਾ ਵਿਚ ਵੰਡੇ ਸਮਾਜ ਵਿਚ ਅਲੱਗ-ਥਲੱਗ ਪਿਆ ਰਿਹਾ। ਵਿਡੰਬਨਾ ਹੈ ਕਿ ਹਾਸ਼ੀਆਗਤ ਹੋਏ ਇਹ ਲੋਕ ਚਾਰ ਵਰਣਾਂ ਵਿਚ ਵੀ ਨਹੀਂ ਗਿਣੇ ਜਾਂਦੇ।
ਹਰੀਜਨ ਸ਼ਬਦ ਮੱਧ-ਯੁੱਗ ਦੇ ਗੁਜਰਾਤੀ ਸੰਤ-ਕਵੀ ਨਰਸਿੰਹ (ਨਰਸੀ) ਮਹਿਤਾ ਨੇ ਵਰਤਿਆ ਸੀ, ਜਿਸ ਤੋਂ ਗਾਂਧੀ ਨੇ ਇਸ ਨੂੰ ਚੁੱਕਿਆ। ਉਂਜ ‘ਹਰਿ ਜਨ’ ਸ਼ਬਦ ਜੁੱਟ ਗੁਰੂਆਂ ਭਗਤਾਂ ਨੇ ਖੂਬ ਵਰਤਿਆ ਹੈ, ਜਿਵੇਂ ‘ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥’ (ਗੁਰੂ ਰਾਮ ਦਾਸ), ਪਰ ਗੁਰੂਆਂ ਨੇ ‘ਹਰਿ ਜਨ’ ਤੋਂ ਪਰਮਾਤਮਾ ਦੇ ਸੇਵਕ ਹੋਣ ਦਾ ਭਾਵ ਲਿਆ ਹੈ।
ਚਲੋ ਦੇਖੀਏ ਦਲਿਤ ਸ਼ਬਦ ਵਿਚ ਦੱਬੇ-ਕੁਚਲੇ ਹੋਣ ਦਾ ਭਾਵ ਕਿਵੇਂ ਆਉਂਦਾ ਹੈ। ਦਲਿਤ ਸ਼ਬਦ ਦਾ ਧਾਤੂ ‘ਦਲ’ ਹੈ ਜਿਸ ਵਿਚ ਚੀਰਨ, ਫਾੜ੍ਹਨ, ਟੁਕੜੇ ਕਰਨ ਦੇ ਭਾਵ ਹਨ। ਪੰਜਾਬੀ ਅਤੇ ਹੋਰ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਸ ਧਾਤੂ ਤੋਂ ਬਹੁਤ ਸਾਰੇ ਸ਼ਬਦ ਨਿਰਮਿਤ ਹੋਏ ਹਨ।
ਸਭ ਤੋਂ ਪਹਿਲਾਂ ਫੌਜ ਦੀ ਟੁਕੜੀ ਲਈ ਹੀ ਦਲ ਸ਼ਬਦ ਵਰਤਿਆ ਜਾਂਦਾ ਹੈ। ਅਰਥਾਤ ਦਲ ਨੂੰ ਫੌਜ ਦੀ ਇਕ ਟੁਕੜੀ ਵਜੋਂ ਸਮਝਿਆ ਗਿਆ ਹੈ, ‘ਸੱਟ ਪਈ ਜਮਧਾਣੀ ਦਲਾਂ ਮੁਕਾਬਲਾ।’ (ਚੰਡੀ ਦੀ ਵਾਰ)। ਦਲ ਦੇ ਇਸ ਭਾਵ ਤੋਂ ਹੀ ਇਸ ਦਾ ਅਰਥ ਰਾਜਸੀ ਪਾਰਟੀ ਜਾਂ ਧੜਾ ਵੀ ਬਣ ਗਿਆ। ਅੰਗਰੇਜ਼ੀ ਪਾਰਟੀ ਵਿਚ ਵੀ ਪਾਰਟ ਸ਼ਬਦ ਦਾ ਅਰਥ ਹਿੱਸਾ, ਟੁਕੜਾ ਹੀ ਹੈ। ਕਈ ਪਾਰਟੀਆਂ ਜਿਵੇਂ ਅਕਾਲੀ ਦਲ, ਜਨਤਾ ਦਲ ਵਿਚ ਇਹ ਸ਼ਬਦ ਆਉਂਦਾ ਹੈ। ਟਿੱਡੀ-ਦਲ ਇੱਕ ਤਰ੍ਹਾਂ ਫੌਜ ਦੀ ਟੁਕੜੀ ਵਾਂਗ ਹੀ ਹਮਲਾ ਕਰਦਾ ਹੈ। ਦਲ-ਬਾਦਲ ਬੱਦਲਾਂ ਦਾ ਸਮੂਹ ਹੈ। ਦਲ ਦਾ ਮੁਖੀਆ ਦਲਪਤੀ ਹੁੰਦਾ ਹੈ। ‘ਆਗੇ ਜਮ ਦਲੁ ਬਿਖਮੁ ਘਨਾ॥’ (ਗੁਰੂ ਨਾਨਕ); ‘ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ॥’ (ਗੁਰੂ ਅਰਜਨ ਦੇਵ); ‘ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥’ (ਗੁਰੂ ਅਮਰ ਦਾਸ)।
ਦਲ ਦਾ ਇਕ ਰੁਪਾਂਤਰ ਦਲ ਵੀ ਹੈ ਤੇ ਇਸ ਤੋਂ ਬਣੇ ਦਲਨਾ ਦਾ ਅਰਥ ਮੋਟਾ ਪੀਹਣਾ ਅਰਥਾਤ ਕਿਸੇ ਚੀਜ਼ ਦੇ ਛੋਟੇ ਛੋਟੇ ਟੁਕੜੇ ਕਰਨਾ ਹੈ। ਜਿਵੇਂ ਦਾਲ ਨੂੰ ਦਲਿਆ ਜਾਂਦਾ ਹੈ। ਦਲੀਆ ਇਕ ਤਰ੍ਹਾਂ ਦਲੀ ਹੋਈ ਗਿਜ਼ਾ ਹੀ ਹੈ।
ਅਸਲ ਵਿਚ ਤਾਂ ਦਾਲ ਸ਼ਬਦ ਵੀ ਇਸੇ ਨਾਲ ਜਾ ਜੁੜਦਾ ਹੈ। ਦਾਲ ਉਹ ਹੈ, ਜੋ ਦੋ ਜੁਜ਼ਾਂ (ਟੁਕੜਿਆਂ) ਦੇ ਜੁੜਨ ਨਾਲ ਬਣਦੀ ਹੈ। ਧਿਆਨ ਦਿਉ, ਦਾਲ ਦੇ ਦੋ ਟੁਕੜੇ ਹੋ ਜਾਂਦੇ ਹਨ। ਧੋਵੀਂ ਦਾਲ ਵਿਚ ਇਹ ਟੁਕੜੇ ਸਪੱਸ਼ਟ ਦਿਸਦੇ ਹਨ। ਕੁਝ ਭਾਸ਼ਾਵਾਂ ਵਿਚ ਦਾਲ ਦਾ ਅਰਥ ਕੇਵਲ ਮਟਰਾਂ ਜਾਂ ਛੋਲਿਆਂ ਦੀ ਦਾਲ ਹੀ ਹੈ। ਦਾਲ ਦੇ ਅਰਥਾਂ ਵਿਚ ਇਸ ਦੇ ਰੁਪਾਂਤਰ ਦਾਰ, ਦਾਲੀ, ਦਾਰੀ ਵੀ ਹਨ। ਦਾਲ ਰੋਟੀ, ਦਾਲ ਨਾ ਗਲਣਾ, ਦਾਲ ਵਿਚ ਕਾਲਾ ਕਾਲਾ ਹੋਣਾ, ਛਿੱਤਰਾਂ ਵਿਚ ਦਾਲ ਵੰਡਣਾ ਆਦਿ ਮੁਹਾਵਰੇ ਹਨ।
ਦਲ ਦਾ ਰੁਪਾਂਤਰ ਦਰ ਵੀ ਹੈ ਜਿਵੇਂ ਮੋਟਾ ਪੀਹਣਾ ਦੇ ਅਰਥ ਵਿਚ ਦਰੜਨਾ। ਇਸ ਦਾ ਲਾਖਣਿਕ ਅਰਥ ਲਤਾੜਨਾ, ਮਸਲਣਾ, ਦੱਬਣਾ, ਕੁਚਲਣਾ ਵੀ ਹੋ ਗਿਆ ਹੈ, ਜਿਵੇਂ ਦਰੜੇ ਹੋਏ ਲੋਕ। ਪਸੂਆਂ ਦੀ ਵੰਡ ਵਿਚ ਪਾਉਣ ਵਾਲੇ ਮੋਟੇ ਪੀਠੇ ਆਟੇ ਨੂੰ ਦਰੜ ਜਾਂ ਦਰੜ-ਮਰੜ ਆਖਦੇ ਹਨ। ਦਰਦਰਾ ਆਟਾ ਵੀ ਮੋਟਾ ਹੀ ਹੁੰਦਾ ਹੈ। ਆਲਸ, ਕੰਗਾਲੀ, ਗਰੀਬੀ ਦੇ ਅਰਥਾਂ ਵਾਲਾ ਦਲਿੱਦਰ (ਦਰਿਦਰ) ਸ਼ਬਦ ਵੀ ਇਸੇ ਨਾਲ ਜਾ ਜੁੜਦਾ ਹੈ, ‘ਦਲਿਦਰੀ ਘਰ ਦੀ ਗਊ ਦਾ, ਦੁਧ ਵੀ ਕਦੇ ਨਾ ਚੋਣ।’ ਇਸ ਦਾ ਪ੍ਰਾਕ੍ਰਿਤ ਰੂਪ ਦਲਿੱਦ ਹੈ। ਗੁਰੂ ਰਾਮਦਾਸ ਨੇ ਇਹ ਰੂਪ ਵਰਤਿਆ ਹੈ, ‘ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ॥’ ਇਸ ਵਿਚ ਦਲਘਾ ਵੀ ਦਲ ਤੋਂ ਹੀ ਵਿਉਤਪਤ ਸ਼ਬਦ ਹੈ, ਅਰਥਾਤ ਦਲਾਂ ਦੇ ਦਲ। ਦਰ ਤੋਂ ਬਣੇ ਦਾਰੀ ਦਾ ਅਰਥ ਚੀਰ ਸੁੱਟਣ ਵਾਲਾ ਹੁੰਦਾ ਹੈ, ਜਿਸ ਤੋਂ ਨਸ਼ਟ ਕਰ ਦੇਣ ਦਾ ਭਾਵ ਲਿਆ ਜਾਂਦਾ ਹੈ। ਇਹ ਪਿਛੇਤਰ ਦੇ ਤੌਰ ‘ਤੇ ਵਰਤਿਆ ਮਿਲਦਾ ਹੈ ਜਿਵੇਂ ‘ਦੁਖਦਾਰੀ’ ਦੁਖ ਨਸ਼ਟ ਕਰਨ ਵਾਲਾ (ਨਿਰੰਕਾਰ ਦੁਖਦਾਰੀ- ਗੁਰੂ ਅਰਜਨ ਦੇਵ)।
ਇਸੇ ਤਰ੍ਹਾਂ ‘ਦਾਰਨ’ ਦਾ ਅਰਥ ਹੈ-ਚੀਰ ਸੁੱਟਣ ਵਾਲਾ, ਘੋਰ, ਡਾਢਾ (ਦਾਰਨ ਦੁਖ ਦੁਤੁਰ ਸੰਸਾਰ॥ -ਗੁਰੂ ਅਰਜਨ ਦੇਵ)। ਦਰਾੜ ਵੀ ਪਾੜ ਹੀ ਹੈ। ਇਸ ਦੇ ਅੱਗੇ ‘ਵਿ’ ਅਗੇਤਰ ਲੱਗ ਕੇ ਵਿਦਾਰਣ ਸ਼ਬਦ ਬਣਦਾ ਹੈ, ਜਿਸ ਵਿਚ ਪਾੜਨ, ਚੀਰਨ ਦੇ ਭਾਵ ਹਨ। ਗੁਰਬਾਣੀ ਵਿਚ ਇਹ ਸ਼ਬਦ ਬਿਦਾਰਣ, ਬਿਦੀਰਨ ਦੇ ਰੂਪ ਵਿਚ ਮਿਲਦਾ ਹੈ,
‘ਪ੍ਰਭ ਦਇਆਲ ਦੁਖ ਦਰਦ ਬਿਦਾਰਣ॥’
(ਗੁਰੂ ਅਰਜਨ ਦੇਵ)।
ਹੋਰ ਦੇਖੋ,
‘ਨਿੰਦਕ ਦੁਸਟੁ ਖਿਨ ਮਾਹਿ ਬਿਦਾਰਿਅਨ॥’
(ਗੁਰੂ ਅਰਜਨ ਦੇਵ)।
ਇਸ ਤੋਂ ਅੱਗੇ ਲਾਂਘਾ ਦੇ ਅਰਥਾਂ ਵਾਲੇ ਦੱਰਾ ਸ਼ਬਦ ਵਿਚ ਵੀ ਪਾੜ ਦੇ ਅਰਥ ਸਪੱਸ਼ਟ ਝਲਕਦੇ ਹਨ। ਦਲ ਧਾਤੂ ਦਾ ਇੱਕ ਰੂਪ ਦਰ ਵੀ ਹੈ ਅਤੇ ਦਰ ਦਾ ਅੱਗੇ ਡਰ। ਭੈਅ ਦੇ ਅਰਥਾਂ ਵਾਲੇ ‘ਡਰ’ ਸ਼ਬਦ ਵਿਚ ਮਾਨਸਿਕ ਤੌਰ ‘ਤੇ ਫਟ ਜਾਣ ਦਾ ਭਾਵ ਹੈ। ਪੰਛੀਆਂ ਨੂੰ ਡਰਾਉਣ ਲਈ ਖੇਤਾਂ ਵਿਚ ਡਰਨੇ ਖੜ੍ਹੇ ਕੀਤੇ ਜਾਂਦੇ ਹਨ। ਇਸ ਤੋਂ ਅੱਗੇ ਡਲੀ ਜਾਂ ਡਲਾ ਵਿਚ ਵੀ ਮਿੱਟੀ ਦੇ ਛੋਟੇ ਟੁਕੜੇ ਹੋਣ ਦਾ ਭਾਵ ਹੈ। ਫਾਰਸੀ ਵਿਚ ਵੀ ਇਸ ਸ਼ਬਦ ਦੇ ਸਜਾਤੀ ਸ਼ਬਦ ਮਿਲਦੇ ਹਨ। ਡਰ ਦੀ ਤਰ੍ਹਾਂ ਦਰਦ ਸ਼ਬਦ ਵਿਚ ਵੀ ਮਾਨਸਿਕ ਜਾਂ ਸਰੀਰਕ ਤੌਰ ‘ਤੇ ਫਟਣ ਦਾ ਭਾਵ ਹੈ। ਫਾਰਸੀ ਤੋਂ ਹੀ ਆਏ ਦਰਿੰਦਾ ਦਾ ਸ਼ਾਬਦਿਕ ਅਰਥ ਹੋਇਆ, ਪਾੜ ਸੁੱਟਣ ਵਾਲਾ। ਦਰਜ਼ ਹੁੰਦੀ ਹੈ-ਤ੍ਰੇੜ, ਚੀਰ ਆਦਿ। ਦਰਜ਼ੀ ਸ਼ਬਦ ਦਾ ਮੂਲ ਅਰਥ ਕੱਪੜੇ ਸੀਣ ਲਈ ‘ਕਾਟ ਕਰਨ ਵਾਲਾ’ ਹੈ।
ਦਲ ਧਾਤੂ ਦੇ ਟਾਕਰੇ ‘ਤੇ ਇਸ ਦਾ ਭਾਰੋਪੀ ਮੂਲ ਹੈ ‘ਦ॥ਰ’ ਜਿਸ ਵਿਚ ਫਟਣ, ਚੀਰਨ ਦੇ ਭਾਵ ਹਨ। ਅੰਗਰੇਜ਼ੀ ਸ਼ਬਦ ਪਾੜਨ ਦੇ ਅਰਥਾਂ ਵਾਲਾ ਠਅਰ ਸ਼ਬਦ ਇਸੇ ਧਾਤੂ ਨਾਲ ਜਾ ਜੁੜਦਾ ਹੈ। ਹੋਰ ਯੂਰਪੀ ਭਾਸ਼ਾਵਾਂ ਵਿਚ ਇਸ ਸ਼ਬਦ ਤੋਂ ਬਣੇ ਕਈ ਸ਼ਬਦ ਮਿਲਦੇ ਹਨ। ਜਰਮਨ ਜ਼ੈਹਰਨ ਦਾ ਅਰਥ ਪਾੜਨਾ, ਨਸ਼ਟ ਕਰਨਾ ਹੈ। ਅੰਗਰੇਜ਼ੀ ਦੇ ਧਰਮ ਦਾ ਅਰਥ ਚਮੜੀ ਹੁੰਦਾ ਹੈ, ਭਾਵ ਅਜਿਹੀ ਚੀਜ਼ ਜੋ ਸਰੀਰ ਤੋਂ ਵੱਖ ਹੋ ਜਾਂਦੀ ਹੈ। ਇਸੇ ਤੋਂ ਡਰਮੇਟਾਲੋਜੀ (ਚਰਮਰੋਗ ਵਿਗਿਆਨ) ਸ਼ਬਦ ਬਣਿਆ। ਹੋਰ ਸ਼ਬਦ ਹਨ Echinoderm; Epidermis;
Hypodermic; Pachyderm;
Scleroderma; Taxidermy. ਅੰਗਰੇਜ਼ੀ Tetter ਦਾ ਅਰਥ ਹੁੰਦਾ ਹੈ, ਦੱਦ। Tart ਖੱਟਾ ਟੀਟ ਵਿਚ ਵੀ ਅੰਤਿਮ ਤੌਰ ‘ਤੇ ਪੀੜ ਦੇਣ ਵਾਲਾ ਦਾ ਭਾਵ ਹੈ। ਲੀਂਡੇ ਲਈ ਅੰਗਰੇਜ਼ੀ ਸ਼ਬਦ ਹੈ, ਠੁਰਦ ਜਿਸ ਦਾ ਸ਼ਾਬਦਿਕ ਅਰਥ ਹੈ-ਜੋ ਵੱਖ ਹੋ ਗਈ, ਸਰੀਰ ਤੋਂ ਟੁੱਟ ਗਈ। ਦਲਿਤ ਨਾਲ ਜੁੜਦੇ ਸ਼ਬਦ ਬੜੇ ਕਸ਼ਟਮਈ ਹਨ।

– ਬਲਜੀਤ ਬਾਸੀ