ਪੰਜਾਬ ‘ਚ ਨਸ਼ਾ ਤਸਕਰੀ ਖਤਮ ਨਾ ਕਰ ਸਕੇ ਕੈਪਟਨ

ਪੰਜਾਬ ‘ਚ ਨਸ਼ਾ ਤਸਕਰੀ ਖਤਮ ਨਾ ਕਰ ਸਕੇ ਕੈਪਟਨ 

ਨਸ਼ੇੜੀ ਨੌਜਵਾਨਾਂ ਦੀਆਂ ਮੌਤਾਂ ਪਹਿਲਾਂ ਦੀ ਤਰ੍ਹਾਂ ਜਾਰੀ

ਸਭ ਤੋਂ ਵਧ ਮੌਤਾਂ ਲੁਧਿਆਣੇ ਤੇ ਅੰਮ੍ਰਿਤਸਰ ‘ਚ ਹੋਈਆਂ

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਅੰਕੜਿਆਂ ਦੀ ਖੇਡ ਤੱਕ ਸਿਮਟ ਗਈ ਹੈ। ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਪੰਜਾਬ ਦੇ ਜਵਾਨਾਂ ਦਾ ਮੌਤ ਦੇ ਮੂੰਹ ਵਿਚ ਜਾਣਾ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਪਰ ਸਰਕਾਰ ਵੱਲੋਂ ਹੈਰੋਇਨ, ਸਮੈਕ, ਅਫ਼ੀਮ, ਨਸ਼ੀਲੀਆਂ ਗੋਲੀਆਂ ਅਤੇ ਭੁੱਕੀ ਆਦਿ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੇ ਕੇਸਾਂ ਦੇ ਅੰਕੜਿਆਂ ਦੇ ਆਧਾਰ ‘ਤੇ ਪੰਜਾਬ ਦੀ ਇਸ ਵੱਡੀ ਸਮੱਸਿਆ ਨੂੰ ਦੱਬਣ ਦੇ ਅਕਸਰ ਯਤਨ ਕੀਤੇ ਜਾਂਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਵੀ ਵੱਡੀ ਮੱਛੀ ਨੂੰ ਹੱਥ ਪਾਉਣ ਵਿੱਚ ਕਾਮਯਾਬ ਨਾ ਹੋ ਸਕੀ। ਸਰਕਾਰ ਵੱਲੋਂ ਐੱਸਟੀਐੱਫ ਦੇ ਗਠਨ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚ ਤਾਂ ਮੰਨਿਆ ਜਾਂਦਾ ਸੀ ਪਰ ਤਸਕਰੀ ਰੋਕਣ ਲਈ ਬਣਾਏ ਇਸ ਵਿੰਗ ਨੂੰ ਮੁੱਖ ਮੰਤਰੀ ਵੱਲੋਂ ਵੱਡੀ ਮਾਨਤਾ ਨਹੀਂ ਦਿੱਤੀ ਗਈ। ਇਹੀ ਕਾਰਨ ਹੈ ਕਿ ਪੁਲੀਸ ਦਾ ਇਹ ਵਿਸ਼ੇਸ਼ ਵਿੰਗ ਵੀ ਵੱਡੇ ਪੁਲੀਸ ਅਧਿਕਾਰੀਆਂ ਦੀ ਹਉਮੈਂ ਦੀ ਭੇਟ ਚੜ੍ਹ ਕੇ ਰਹਿ ਗਿਆ। ਕੈਪਟਨ ਨੇ ਬਠਿੰਡਾ ਵਿੱਚ ਕੀਤੀ ਇੱਕ ਰੈਲੀ ਦੌਰਾਨ ‘ਪਵਿੱਤਰ ਗੁਟਕਾ ਸਾਹਿਬ’ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਨੂੰ ਪੰਜਾਬ ਵਿੱਚ 4 ਹਫ਼ਤਿਆਂ ਵਿਚ ਕਾਬੂ ਪਾ ਲਵੇਗੀ। ਮੁੱਖ ਮੰਤਰੀ ਵਜੋਂ ਕੈਪਟਨ ਨੂੰ ਸੱਤਾ ਸੰਭਾਲਿਆਂ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਦਾ ਨਸ਼ਿਆਂ ਤੋਂ ਖਹਿੜਾ ਨਹੀਂ ਛੁੱਟਿਆ।
ਸੂਬੇ ਵਿੱਚ ਅਕਾਲੀ ਭਾਜਪਾ ਸ਼ਾਸਨ ਦੇ ਸਮੇਂ ਇਹ ਮੁੱਦਾ ਜ਼ਿਆਦਾ ਸੁਰਖ਼ੀਆਂ ਵਿੱਚ ਆਇਆ ਸੀ। ਉਸ ਸਮੇਂ ਨਸ਼ਿਆਂ ਕਾਰਨ ਮੌਤਾਂ ਵੀ ਬਹੁਤ ਜ਼ਿਆਦਾ ਹੋਈਆਂ ਸਨ। ਜੇਕਰ ਪਿਛਲੇ ਸਾਢੇ ਚਾਰ ਸਾਲਾਂ ਦੇ ਅੰਕੜਿਆਂ ‘ਤੇ ਝਾਤ ਮਾਰੀ ਜਾਵੇ ਤਾਂ 570 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਸਾਲ 2014 ਦੌਰਾਨ 186 ਮੌਤਾਂ ਹੋਈਆਂ, 2015 ਦੌਰਾਨ 144, 2016 ਦੌਰਾਨ 138, 2017 ਦੌਰਾਨ 11 ਅਤੇ 2018 ਦੌਰਾਨ 16 ਸਤੰਬਰ ਤੱਕ 91 ਮੌਤਾਂ ਹੋ ਚੁੱਕੀਆਂ ਹਨ। ਇਹ ਅੰਕੜੇ ਪੁਲੀਸ ਦੇ ਹਨ ਜਦੋਂਕਿ ਗੈਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਸਾਲ ਦੌਰਾਨ ਹੀ 200 ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਨਸ਼ਿਆਂ ਕਾਰਨ ਸਭ ਤੋਂ ਵੱਧ ਮੌਤਾਂ ਲੁਧਿਆਣਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹੋ ਰਹੀਆਂ ਹਨ। ਇਹ ਵੀ ਮਹਤੱਵਪੂਰਨ ਤੱਥ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਤਰਾਸਦੀ ‘ਤੇ ਪਰਦਾ ਪਾਉਣ ਲਈ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਦਰਜ ਐੱਫਆਈਆਰਜ਼ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਅੰਕੜੇ ਪੇਸ਼ ਕਰ ਦਿੱਤੇ ਜਾਂਦੇ ਹਨ। ਜੇਕਰ ਚਲੰਤ ਸਾਲ ਦੀ ਹੀ ਗੱਲ ਕਰੀਏ ਤਾਂ ਪਹਿਲੀ ਜਨਵਰੀ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਤਸਕਰੀ ਨਾਲ ਸਬੰਧਿਤ 8959 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ 10,428 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਜਦੋਂ ਕਦੇ ਸਰਕਾਰ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਘਿਰੀ ਮਹਿਸੂਸ ਕਰ ਰਹੀ ਹੁੰਦੀ ਸੀ, ਤਾਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਵੱਲੋਂ ਇਸੇ ਤਰ੍ਹਾਂ ਦੇ ਤੱਥ ਪੇਸ਼ ਕਰਦਿਆਂ ਤਸਕਰ ਫੜਨ ਤੇ ਬਰਾਮਦਗੀ ਵਿੱਚ ਕਾਮਯਾਬੀ ਦੇ ਦਾਅਵੇ ਕੀਤੇ ਜਾਂਦੇ ਸਨ। ਪੰਜਾਬ ਦੇ ਲੋਕਾਂ ਵਿੱਚ ਇਹ ਆਮ ਪ੍ਰਭਾਵ ਪਾਇਆ ਜਾਂਦਾ ਹੈ ਕਿ ਨਸ਼ਿਆਂ ਦੀ ਤਸਕਰੀ ਅਤੇ ਹੋਰਨਾਂ ਗੈਰ ਕਾਨੂੰਨੀ ਕੰਮਾਂ ਦੇ ਮਾਮਲਿਆਂ ਵਿੱਚ ਸਿਆਸਤਦਾਨਾਂ, ਪੁਲੀਸ ਤੇ ਤਸਕਰੀ ਜਾਂ ਅਪਰਾਧੀਆਂ ਦਰਮਿਆਨ ਇੱਕ ਗੱਠਜੋੜ ਬਣਿਆ ਹੋਇਆ ਹੈ। ਕੈਪਟਨ ਸਰਕਾਰ ਦੇ ਪਹਿਲੇ ਸਾਲ ਦੌਰਾਨ ਪੁਲੀਸ ਵਿਭਾਗ ਵਿੱਚ ਸਭ ਤੋਂ ਵੱਡੀ ਘਟਨਾ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰਨ ਦੀ ਹੈ। ਮੋਗਾ ਜ਼ਿਲ੍ਹੇ ਦੇ ਸਾਬਕਾ ਐੱਸਐੱਸਪੀ ਰਾਜਜੀਤ ਸਿੰਘ, ਜਿਸ ਉਪਰ ਇੰਦਰਜੀਤ ਸਿੰਘ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲੱਗੇ ਸਨ, ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਧੀਕ ਡੀਜੀਪੀ ਰੈਂਕ ਦੇ ਹੀ ਇੱਕ ਅਧਿਕਾਰੀ ਖ਼ਿਲਾਫ਼ ਰਿੱਟ ਪਾਉਣ ਨੇ ਅਨੁਸਾਸ਼ਨਬੱਧ ਫੋਰਸ ਦਾ ਇੱਕ ਨਵਾਂ ਕਿਰਦਾਰ ਸਾਹਮਣੇ ਲਿਆਂਦਾ ਹੈ। ਇਸ ਤੋਂ ਬਾਅਦ ਪੁਲੀਸ ਪੂਰੀ ਤਰ੍ਹਾਂ ਧੜੇਬੰਦੀ ਦਾ ਸ਼ਿਕਾਰ ਹੋਈ ਪਈ ਹੈ।

ਪੰਜਾਬ ਵਿਚ ਅਫਰੀਕੀ ਨਸ਼ਾ ਸਮੱਗਲਰਾਂ ਦਾ ਬੋਲਬਾਲਾ
ਪੰਜਾਬ ਵਿਚ ਖਾਸ ਤੌਰ ‘ਤੇ ਪੰਜਾਬੀ ਬੋਲਣ ਵਾਲੇ ਨਾਈਜੀਰੀਆ ਦੇ ਨਸ਼ਾ ਸਮੱਗਲਰਾਂ ਨੇ ਬੁਰੀ ਤਰ੍ਹਾਂ ਆਪਣੇ ਪੈਰ ਜਮਾ ਲਏ ਹਨ। ਇਨ੍ਹਾਂ ਵਿਚ ਉਥੋਂ ਦੇ ਜ਼ਿਆਦਾਤਰ ਵਪਾਰੀਆਂ ਤੋਂ ਲੈ ਕੇ ਭਾਰਤ ਵਿਚ ਇਲਾਜ ਕਰਵਾਉਣ ਆਏ ਮਰੀਜ਼ ਤੇ ਉੱਚ ਸਿੱਖਿਆ ਹਾਸਿਲ ਕਰਨ ਆਏ ਵਿਦਿਆਰਥੀ ਵੀ ਸ਼ਾਮਿਲ ਹਨ। ਅਫਗਾਨਿਸਤਾਨ ਦੇ ਨਸ਼ਾ ਸਮੱਗਲਰਾਂ ਨਾਲ ਇਕ ਨੈੱਟਵਰਕ ਕਾਇਮ ਕਰਕੇ ਇਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ ਤੇ ਦਿੱਲੀ ਦੇ ਰਸਤੇ ਪੰਜਾਬ ਵਿਚ ਨਸ਼ੇ ਵਾਲੇ ਪਦਾਰਥ ਲਿਆ ਰਹੇ ਹਨ। ਪਿਛਲੇ ਸਾਲ ਪੰਜਾਬ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ 42 ਨਾਈਜੀਰੀਅਨਾਂ ਸਮੇਤ 50 ਅਫਰੀਕਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਾਲ ਹੁਣ ਤਕ ਪੁਲਸ ਨੇ 18 ਨਾਈਜੀਰੀਅਨਾਂ ਸਮੇਤ 24 ਅਫਰੀਕਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 22 ਕਿਲੋ ਹੈਰੋਇਨ ਅਤੇ 6 ਕਿਲੋ ਅਫੀਮ ਜ਼ਬਤ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਵਿਚ ਨਾਈਜੀਰੀਆ ਦਾ ਇਕ ਕੱਪੜਾ ਵਪਾਰੀ ‘ਚਿਨੇਡੂ’ ਅਤੇ ਯੁਗਾਂਡਾ ਦੀ ‘ਰੋਗੈਟ ਨਾਮੋਤਾਬੀ’ ਨਾਮੀ ਔਰਤ ਤੋਂ ਇਲਾਵਾ ਇਕ ਹੋਰ ਅਫਰੀਕਨ ਔਰਤ ‘ਫੇਥ’ ਵੀ ਸ਼ਾਮਿਲ ਹੈ, ਜੋ ਟੂਰਿਸਟ ਵੀਜ਼ੇ ‘ਤੇ ਭਾਰਤ ਆਈ ਸੀ। ਇਨ੍ਹਾਂ ਲੋਕਾਂ ਨੇ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿਚ ਸਥਾਨਕ ਸਮੱਗਲਰਾਂ ਤੇ ਬਦਨਾਮ ਨਸ਼ੇੜੀਆਂ ਨਾਲ ਆਪਣੇ ਸੰਪਰਕ ਬਣਾ ਲਏ ਹਨ। ਇਹ ਨਾਈਜੀਰੀਅਨ ਪੰਜਾਬੀ ਬੋਲਦੇ ਹਨ ਅਤੇ ਫੜੇ ਜਾਣ ‘ਤੇ ਜੇਲ ਵਿਚੋਂ ਵੀ ਆਪਣਾ ਨੈੱਟਵਰਕ ਚਲਾ ਲੈਂਦੇ ਹਨ।
‘ਪੰਜਾਬ ਕਾਊਂਟਰ ਇੰਟੈਲੀਜੈਂਸ’ ਦੇ ਏ. ਆਈ. ਜੀ. ਸ਼੍ਰੀ ਐੱਚ. ਪੀ. ਐੱਸ. ਖੱਖ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਨੇ ਇਨ੍ਹਾਂ ਵਿਦੇਸ਼ੀਆਂ ‘ਤੇ ਨਜ਼ਰ ਰੱਖਣ ਲਈ ਦਿੱਲੀ ਸਰਕਾਰ ਨੂੰ ਲਿਖਿਆ ਹੈ। ਗ੍ਰਿਫਤਾਰ ਕੀਤੇ ਗਏ ਵਿਦੇਸ਼ੀਆਂ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਆਪਣੇ ਵੀਜ਼ੇ ਦੀ ਮਿਆਦ ਖਤਮ ਹੋ ਜਾਣ ‘ਤੇ ਵੀਇਥੇ ਟਿਕੇ ਹੋਏ ਹਨ। ਇਹ ਨਸ਼ੇ ਦੀ ਸਮੱਗਲਿੰਗ ਦੇ ਜ਼ਰੀਏ ਮੋਟੀ ਰਕਮ ਕਮਾਉਂਦੇ ਹਨ।
ਪੰਜਾਬ ਪੁਲਸ ਵਲੋਂ ਭੇਜੀ ਗਈ ਇਕ ਰਿਪੋਰਟ ਅਨੁਸਾਰ ਦਿੱਲੀ ਦੇ ਦੁਆਰਕਾ ਤੋਂ ਇਲਾਵਾ ਉੱਤਮ ਨਗਰ ਤੇ ਜਲੰਧਰ ਨਾਈਜੀਰੀਅਨਾਂ ਦਾ ਕੇਂਦਰ ਬਣ ਚੁੱਕਾ ਹੈ। ਇਸ ਸਾਲ ਅਗਸਤ ਵਿਚ ਗ੍ਰਿਫਤਾਰ ਨਾਈਜੀਰੀਅਨ ‘ਫ੍ਰੈਂਕ ਮਾਰਜਿਨ’ ਦਾ ਅਫਗਾਨੀ, ਪੰਜਾਬੀ ਤੇ ਅਫਰੀਕਨ ਸਮੱਗਲਰਾਂ ਦਾ ਨੈੱਟਵਰਕ ਹੈ। ਉਸ ਨੂੰ ਪੰਜਾਬ ਵਿਚ ਸਾਢੇ ਤਿੰਨ ਕਿਲੋ ਹੈਰੋਇਨ ਅਤੇ 60 ਗ੍ਰਾਮ ਆਈਸ ਨਾਲ ਫੜਿਆ ਗਿਆ ਸੀ। ਦਿੱਲੀ ਤੇ ਪੰਜਾਬ ਦੇ ਸਮੱਗਲਰਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਲਈ ਉਹ ਦਿੱਲੀ ਤੇ ਅਫਗਾਨਿਸਤਾਨ ਵਿਚ ਕਈ ਅਫਗਾਨ ਨਾਗਰਿਕਾਂ ਦੇ ਸੰਪਰਕ ਵਿਚ ਸੀ।
ਕੁਝ ਅਜਿਹੀ ਹੀ ਕਹਾਣੀ ‘ਮਾਈਕਲ’ ਨਾਮੀ ਸਮੱਗਲਰ ਦੀ ਹੈ, ਜੋ ਨਾਭਾ ਜੇਲ ਵਿਚੋਂ ਨਸ਼ੇ ਵਾਲੇ ਪਦਾਰਥ ਸਪਲਾਈ ਕਰਨ ਦਾ ਧੰਦਾ ਚਲਾ ਰਿਹਾ ਸੀ। ਉਸ ਦਾ ਨਾਂ ‘ਰੋਗੈਟ’ ਨਾਮੀ ਯੁਗਾਂਡਾ ਦੀ ਇਕ ਮਹਿਲਾ ਸਮੱਗਲਰ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ।
ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਗ੍ਰਿਫਤਾਰੀ ਤੋਂ ਬਾਅਦ ‘ਮਾਈਕਲ’ ਨੇ ਮੋਗਾ ਦੇ ਦੌਲੇਵਾਲਾ ਪਿੰਡ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਗੱਡੀ ਚਲਾਉਣ ਵਿਚ ਮਾਹਿਰ ਇਕ ਵਿਅਕਤੀ ਨਾਲ ਆਪਣਾ ਨੈੱਟਵਰਕ ਕਾਇਮ ਕਰ ਲਿਆ ਸੀ। ਉਸ ਡਰਾਈਵਰ ਨੇ ‘ਮਾਈਕਲ’ ਦੀ ਜਾਣ-ਪਛਾਣ ਕੁਝ ਹੋਰਨਾਂ ਲੋਕਾਂ ਨਾਲ ਕਰਵਾਈ ਤੇ ਛੇਤੀ ਹੀ ਉਨ੍ਹਾਂ ਨੇ ਜੇਲ ਅੰਦਰ ਰਹਿੰਦਿਆਂ ਦੌਲੇਵਾਲਾ ਅਤੇ ਹੋਰਨਾਂ ਥਾਵਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਅਤੇ ਇਹ ਧੰਦਾ ਉਦੋਂ ਤਕ ਜਾਰੀ ਰਿਹਾ, ਜਦੋਂ ਤਕ ਉਕਤ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਗਿਆ।
ਸਥਾਨਕ ਸਮੱਗਲਰਾਂ ਦੀ ਮਿਲੀਭੁਗਤ ਨਾਲ ਵਿਦੇਸ਼ੀ ਸਮੱਗਲਰਾਂ ਦਾ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਪੈਰ ਜਮਾ ਲੈਣਾ ਸਿੱਧ ਕਰਦਾ ਹੈ ਕਿ ਇਨ੍ਹਾਂ ਨੇ ਇਥੇ ਆਪਣੀਆਂ ਕਿੰਨੀਆਂ ਡੂੰਘੀਆਂ ਜੜ੍ਹਾਂ ਜਮਾ ਲਈਆਂ ਹਨ।

ਕੈਪਟਨ ਤੇ ਨਸ਼ਾ ਕਾਰੋਬਾਰ
ਨਸ਼ਿਆਂ ਦੀ ਦਲਦਲ ਵਿਚ ਫਸੇ ਪੰਜਾਬ ਵਿਚੋਂ ਚਾਰ ਹਫ਼ਤਿਆਂ ਵਿਚ ਨਸ਼ੇ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਹੋਰ ਦਾਅਵਾ ਲੈ ਕੇ ਹਾਜ਼ਰ ਹੋਏ ਹਨ। ਇਸ ਦਾਅਵੇ ਵਿਚ ਉਨ੍ਹਾਂ ਪੰਜਾਬ ਵਾਸੀਆਂ ਲਈ ਇਕ ਹੋਰ ਫ਼ਿਕਰ ਜੋੜ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਅਤੇ ਚੀਨ ਖਾਸ ਰਣਨੀਤੀ ਤਹਿਤ ਉੱਤਰੀ ਭਾਰਤ ਦੇ ਸੂਬਿਆਂ, ਖਾਸ ਕਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਉੱਤੇ ਲਾ ਰਹੇ ਹਨ ਤਾਂ ਜੋ ਭਾਰਤੀ ਫ਼ੌਜ ਨੂੰ ਤਬਾਹ ਕੀਤਾ ਜਾ ਸਕੇ। ਉਨ੍ਹਾਂ ਹਾਲ ਹੀ ਵਿਚ ਗੁਜਰਾਤ ਦੀ ਮੰਡਵੀ ਬੰਦਰਗਾਹ ਅਤੇ ਜੰਮੂ ਕਸ਼ਮੀਰ ਵਿਚ ਉੜੀ ਤੋਂ ਫੜੀ ਹੈਰੋਇਨ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਮੁਤਾਬਿਕ, ਭਾਰਤੀ ਫ਼ੌਜ ਦੀਆਂ ਦੋ-ਤਿਹਾਈ ਰਜਮੈਂਟਾਂ ਉੱਤਰੀ ਭਾਰਤ ਤੋਂ ਹੀ ਹਨ। ਜੇ ਇਨ੍ਹਾਂ ਸੂਬਿਆਂ ਦੇ ਨੌਜਵਾਨ ਤੰਦਰੁਸਤ ਹੀ ਨਹੀਂ ਹੋਣਗੇ ਤਾਂ ਇਸ ਦਾ ਅਸਰ ਫ਼ੌਜ ਦੀ ਭਰਤੀ ਉੱਤੇ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨਸ਼ਿਆਂ ਬਾਬਤ ਕੌਮੀ ਨੀਤੀ ਦੀ ਪੈਰਵਾਈ ਵੀ ਕੀਤੀ ਹੈ।
ਬਿਨਾਂ ਸ਼ੱਕ, ਨਸ਼ਿਆਂ ਨਾਲ ਨਜਿੱਠਣ ਦੇ ਮਾਮਲੇ ‘ਤੇ ਕਾਰਗਰ ਕੌਮੀ ਨੀਤੀ ਸਮੇਂ ਦੀ ਲੋੜ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ ਵਿਚ ਲੈ ਕੇ ਸਹੁੰ ਖਾਧੀ ਸੀ ਕਿ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਚਾਰ ਹਫ਼ਤਿਆਂ ਵਿਚ ਨਸ਼ਿਆਂ ਦਾ ਫਸਤਾ ਵੱਢ ਦਿੱਤਾ ਜਾਵੇਗਾ। ਅਸਲ ਵਿਚ, ਸੂਬੇ ਦੇ ਲੋਕ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਅਤੇ ਘਰਾਂ ਦੇ ਉਜਾੜੇ ਤੋਂ ਇੰਨੇ ਦੁਖੀ ਸਨ ਕਿ ਚੋਣਾਂ ਦੌਰਾਨ ਇਹ ਮੁੱਖ ਮੁੱਦਾ ਬਣ ਗਿਆ ਸੀ। ਉਂਜ, ਸੱਤਾ ਸੰਭਾਲਣ ਤੋਂ ਬਾਅਦ ਕੈਪਟਨ ਨੇ ਇਸ ਮਸਲੇ ਤੋਂ ਟਾਲਾ ਵੱਟਣਾ ਆਰੰਭ ਕਰ ਦਿੱਤਾ। ਸੂਬੇ ਵਿਚ ਜਿਸ ਪੱਧਰ ਉੱਤੇ ਨਸ਼ੇ ਆ ਰਹੇ ਹਨ ਅਤੇ ਇਨ੍ਹਾਂ ਦੀ ਵੰਡ-ਵੰਡਾਈ ਹੋ ਰਹੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਵੱਡੀ ਪੱਧਰ ਉੱਤੇ ਮਿਲੀਭੁਗਤ ਤੋਂ ਬਗ਼ੈਰ ਅਜਿਹਾ ਹੋ ਸਕਣਾ ਅਸੰਭਵ ਹੈ। ਇਸ ਨਾਲ ਨਜਿੱਠਣਾ ਆਸਾਨ ਨਹੀਂ ਪਰ ਇੰਨਾ ਵੀ ਮੁਸ਼ਕਿਲ ਨਹੀਂ ਸੀ ਕਿ ਇਹ ਕਾਰੋਬਾਰ ਚਲਾ ਰਹੇ ਲੋਕਾਂ ਦੀ ਸ਼ਨਾਖ਼ਤ ਨਾ ਹੋ ਸਕਦੀ ਅਤੇ ਇਨ੍ਹਾਂ ਨੂੰ ਖਦੇੜਿਆ ਨਾ ਜਾ ਸਕਦਾ ਹੋਵੇ।
ਸਰਹੱਦੀ ਸੂਬਾ ਕਰਕੇ ਪੰਜਾਬ ਨੂੰ ਨਸ਼ਿਆਂ ਸਮੇਤ ਹੋਰ ਕਈ ਅਲਾਮਤਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਕਾਰੋਬਾਰ ਵਿਚ ਸਿਆਸਤਦਾਨਾਂ, ਪੁਲੀਸ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਨੇ ਇਹ ਮਸਲਾ ਬਹੁਤ ਗੁੰਝਲਦਾਰ ਬਣ ਦਿੱਤਾ ਹੈ। ਇਸੇ ਸਿਲਸਿਲੇ ਵਿਚ 6000 ਕਰੋੜ ਰੁਪਏ ਦੇ ਡਰੱਗ ਕੇਸ ਵਿਚ ਜੋ ਨੂਰਾ ਕੁਸ਼ਤੀ ਸਾਹਮਣੇ ਆਈ ਹੈ, ਉਸ ਨਾਲ ਇਨ੍ਹਾਂ ਕਾਰੋਬਾਰੀਆਂ ਦੀ ਤਾਕਤ ਦਾ ਹੀ ਮੁਜ਼ਾਹਰਾ ਹੋਇਆ ਹੈ। ਇਸ ਕੇਸ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ ਕਰ ਰਿਹਾ ਹੈ। ਪਹਿਲਾਂ ਤਾਂ ਇਸ ਕੇਸ ਦੀ 2013 ਤੋਂ ਜਾਂਚ ਕਰ ਰਹੇ ਮੁੱਖ ਜਾਂਚ ਅਫਸਰ ਦੀ ਬਦਲੀ ਤੱਕ ਕਰਵਾਉਣ ਦੇ ਯਤਨ ਹੋਏ ਅਤੇ ਹੁਣ ਇਸ ਕੇਸ ਦੇ ਜਾਂਚ ਅਫਸਰ ਰਹੇ ਡਿਪਟੀ ਡਾਇਰੈਕਟਰ ਨੇ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸੂਰਤ ਵਿਚ ਕੈਪਟਨ ਦੀ ਬੇਵਸੀ ਵੀ ਭਲੀਭਾਂਤ ਜ਼ਾਹਿਰ ਹੋ ਜਾਂਦੀ ਹੈ।

ਕੇਂਦਰ ਤੇ ਪੰਜਾਬ ਨੂੰ ਮਿਲ ਕੇ ਕਰਨੀ ਹੋਵੇਗੀ ਨਸ਼ਿਆਂ ਖਿਲਾਫ਼ ਸਖ਼ਤੀ
ਇਕ ਸਾਲ ਪਹਿਲਾਂ ਪੰਜਾਬ ਵਿਚ ਹੋਏ ਸਰਵੇ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਇਥੇ 10.8 ਲੱਖ ਦੇ ਕਰੀਬ ਅਜਿਹੇ ਲੋਕ ਹਨ ਜੋ ਨਸ਼ਾ ਕਰਦੇ ਹਨ। ਇਨ੍ਹਾਂ ਵਿਚੋਂ 2.4 ਲੱਖ ਲੋਕ ਨਸ਼ੇ ਦੇ ਆਦੀ ਹਨ। ਜਦ ਕਿ 8.6 ਲੱਖ ਲੋਕ ਨਸ਼ਾ ਤਾਂ ਕਰਦੇ ਹਨ, ਪਰ ਆਦੀ ਨਹੀਂ ਹਨ। ਨਸ਼ੇ ਦੀ ਦਲਦਲ ਵਿਚ ਫਸੇ ਹੋਣ ਦਾ ਇਕ ਕਾਰਨ ਗੁਆਂਢੀ ਰਾਜ ਰਾਜਸਥਾਨ ਵਿਚ ਅਫੀਮ ਦੀ ਖੇਤੀ ਦਾ ਲਾਇਸੈਂਸ ਹੋਣਾ ਤੇ ਪੰਜਾਬ ਦੇ ਨਾਲ ਲਗਦੀ ਪਾਕਿਸਤਾਨ ਦੀ ਸਰਹੱਦ ਹੈ। ਰਾਜਸਥਾਨ ਤੇ ਪਾਕਿਸਤਾਨ ਤੋਂ ਸਮੱਗਲਰ ਨਸ਼ਾ ਲਿਆ ਕੇ ਇਥੇ ਸਪਲਾਈ ਕਰਦੇ ਹਨ। ਇਹੀ ਨਹੀਂ ਕੁਝ ਲੋਕ ਜਲਦੀ ਅਮੀਰ ਬਣਨ ਦੇ ਚੱਕਰ ਵਿਚ ਨਸ਼ਿਆਂ ਦੇ ਜਾਲ ਵਿਚ ਫਸ ਰਹੇ ਹਨ। ਸੂਤਰ ਦੱਸਦੇ ਹਨ ਕਿ ਸਮੱਗਲਰ ਖੁਦ ਨਸ਼ੇ ਦੀ ਸਪਲਾਈ ਨਾ ਕਰਕੇ ਅਜਿਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ, ਜਿਨ੍ਹਾਂ ਵਿਚ ਪੈਸੇ ਦੀ ਜ਼ਰੂਰਤ ਹੁੰਦੀ ਹੈ। ਸਰਵੇ ਦੀ ਰਿਪੋਰਟ ਦੇ ਅਨੁਸਾਰ ਲੋਕ ਹੁਣ ਮੈਡੀਕਲ ਨਸ਼ੇ ਜ਼ਿਆਦਾ ਕਰਨ ਲੱਗੇ ਹਨ। ਮੈਡੀਕਲ ਨਸ਼ੇ ਦੀ ਤੈਅ ਮਾਤਰਾ ਨਾ ਹੋਣ ਕਾਰਨ ਕਈ ਲੋਕ ਇਸ ਦੇ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਤੋਂ ਇਲਾਵਾ ਹੈਰੋਇਨ ਦਾ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ 53 ਫੀਸਦੀ ਹੈ। ਦਸ ਦੇਈਏ ਹੈਰੋਇਨ ਦੀ ਸਭ ਤੋਂ ਜ਼ਿਆਦਾ ਸਪਲਾਈ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਰਹੀ ਹੈ। ਪਹਿਲਾਂ ਇਥੇ ਪਾਕਿ ਪੰਜਾਬ ਬਾਰਡਰ ਤੋਂ ਸਮੱਗਲਿੰਗ ਕਰ ਰਿਹਾ ਸੀ, ਹੁਣ ਸਮੱਗਲਰਾਂ ਨੇ ਜੰਮੂ-ਕਸ਼ਮੀਰ ਦੇ ਰਸਤੇ ਵੀ ਡਰੱਗ ਪੰਜਾਬ ਵਿਚ ૪ਭੇਜਣੀ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਦੇ ਸਾਮਾਜਿਕ ਨਿਆਂ ਵਿਭਾਗ ਨੇ ਪਿਛਲੇ ਸਾਲ ਪੰਜਾਬ ਦੇ 10 ਸਾਲਾਂ ਵਿਚ ਸਰਵੇ ਕਰਵਾਇਆ ਸੀ। ਇਸੇ ਸੁਸਾਇਟੀ ਪ੍ਰਮੋਸ਼ਨ ਆਫ਼ ਯੂਥ ਐਂਡ ਮਾਸੇਜ ਨੇ ਏਮਜ਼ ਦੇ ਨਾਲ ਮਿਲ ਕੇ ਕੀਤਾ ਸੀ। ਰਿਪੋਰਟ ਅਨੁਸਾਰ ਪੰਜਾਬ ਵਿਚ ਡਰੱਗ ਤੇ ਦਵਾਈਆਂ ਦੀ ਲਪੇਟ ਵਿਚ ਤਕਰੀਬਨ 2.4 ਲੱਖ ਲੋਕ ਹਨ। ਨਸ਼ਾ ਕਰਨ ਵਾਲਿਆਂ ਵਿਚ 89 ਫੀਸਦੀ ਪੁਰਸ਼, 83 ਫੀਸਦੀ ਪੜ੍ਹੇ ਲਿਖੇ, 54 ਫੀਸਦੀ ਵਿਆਹੇ, 73 ਪ੍ਰਤੀਸ਼ਤ 16 ਤੋਂ 35 ਸਾਲਾਂ ਦੇ ਲੋਕ ਹਨ। ਹੈਰੋਇਨ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਸ ਨਸ਼ੇ ਨੂੰ ਲੈਣ ਵਾਲੇ ਲੋਕ 400 ਰੁਪਏ ਰੋਜ਼ਾਨਾ ਖਰਚ ਕਰਦੇ ਹਨ। 2017 ਦੌਰਾਨ ਭਾਰਤ ਵਿਚ ਨਾਰਕੋਟਿਕਸ ਡਰੱਗ ਐਂਡ ਸਾਈਕਟ੍ਰੋਪਿਕ ਸਬਸਟਾਂਸਿਜ਼ ਐਕਟ ਦੇ ਤਹਿਤ ਸ ਭਤੋਂ ਜ਼ਿਆਦਾ ਮਾਮਲੇ 44 ਪ੍ਰਤੀਸ਼ਤ ਲੋਕ ਪੰਜਾਬ ਵਿਚ ਦਰਜ ਹੋਏ ਤੇ 2016 ਵਿਚ ਐਨਡੀਪੀਐਕਸ ਐਕਟ ਦੇ ਤਹਿਤ ਪੰਜਾਬ ਵਿਚ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ਦੀ ਸੰਖਿਆ ਸਭ ਤੋਂ ਜ਼ਿਆਦਾ 3972 ਰਹੀ।
ਕੀ ਕਹਿੰਦੇ ਹਨ ਕੈਪਟਨ ਅਮਰਿੰਦਰ ਸਿੰਘ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੇ ਨਸ਼ੇ ਉਤੇ ਰੋਕ ਲਗਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੋਈ, ਨਸ਼ਾ ਸਮੱਗਲਰ ਸਰਕਾਰੀ ਸ਼ਿਕੰਜ਼ਾ ਕਸਦਾ ਦੇਖ ਕੇ ਇਹ ਦੂਸਰੇ ਰਾਜਾਂ ਵਿਚ ਜਾ ਵੜੇ ਹਨ। ਹੁਣ ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਇਨ੍ਹਾਂ ਉਤੇ ਲਗਾਮ ਕੱਸੇ।

ਡਰਗੱਜ਼ ਓਵਰਡੋਜ਼
ਕਾਰਨ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਵਾਧਾ
ਸਿਵਲ ਹਸਪਤਾਲ ਜਲੰਧਰ ਵਿਚ ਰੋਜ਼ਾਨਾ ਡਰੱਗਜ਼ ਓਵਰਡੋਜ਼ ਦੇ ਮਰੀਜ਼ ਪਹੁੰਚ ਰਹੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਚਿੱਟਾ ਜਾਂ ਨਾਫੀਨ ਦੀ ਓਵਰਡੋਜ਼ ਦੇ ਚਲਦਿਆਂ ਹਸਪਤਾਲ ਵਿਚ ਦਾਖਲ ਹੋ ਰਹੇ ਹਨ।
ਸਤੰਬਰ ਮਹੀਨੇ ਵਿਚ 22 ਦਿਨਾਂ ਵਿਚ ਹੀ ਸਿਵਲ ਹਸਪਤਾਲ ਵਿਚ ਡਰੱਗਜ਼ ਓਵਰਡੋਜ਼ ਦੇ 32 ਮਰੀਜ਼ ਆਏ ਹਨ। ਸਿਵਲ ਹਸਪਤਾਲ ਵਿਚ ਹਰ ਰੋਜ਼ ਓਵਰਡੋਜ਼ ਕਾਰਨ ਦਾਖਲ ਹੋ ਰਹੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ। ਹਸਪਤਾਲ ਦੇ ਐਨੇਸਥੈਟਿਕ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਲਿਆਂਦੇ ਗਏ 8 ਲੋਕਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ। ਐਂਟੀਡੋਟ ਦੇਣ ਤੋਂ ਬਾਅਦ ਦੋਹਾਂ ਦੀ ਹਾਲਤ
ਵਿਚ ਸੁਧਾਰ ਹੈ।
ਲੋਕਾਂ ਵਿਚ ਜਾਗਰੂਕਤਾ ਵਧਣ ਨਾਲ ਵੀ ਹੁਣ ਪਰਿਵਾਰ ਵਾਲੇ ਖੁੱਲ੍ਹ ਕੇ ਆਪਣੇ ਬੱਚਿਆਂ ਦਾ ਇਲਾਜ ਕਰਵਾ ਰਹੇ ਹਨ। ਇਸ ਸਾਲ ਜੂਨ ਵਿਚ 5, ਜੁਲਾਈ ਵਿਚ 20, ਅਗਸਤ ਵਿਚ 19 ਅਤੇ ਸਤੰਬਰ ਦੇ 22 ਦਿਨਾਂ ਵਿਚ ਹੀ 32 ਮਰੀਜ਼ ਪਹੁੰਚ ਚੁੱਕੇ ਹਨ।