ਪੰਥਕ ਸੰਕਟ ਟਾਲਣ ਲਈ ਬਾਦਲਾਂ ਨੇ ਘੜੀ ਰਣਨੀਤੀ

ਪੰਥਕ ਸੰਕਟ ਟਾਲਣ ਲਈ ਬਾਦਲਾਂ ਨੇ ਘੜੀ ਰਣਨੀਤੀ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੰਕਟ ਟਾਲਣ ਲਈ ਹੁਣ ‘ਗੁਪਤ ਮਿਸ਼ਨ’ ਸ਼ੁਰੂ ਕੀਤਾ ਹੈ। ਮੁੱਢਲੇ ਪੜਾਅ ‘ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਨਬਜ਼ ਟੋਹੀ ਜਾ ਰਹੀ ਹੈ। ਪਿੰਡ ਬਾਦਲ ਵਿਚ ਜੱਦੀ ਰਿਹਾਇਸ਼ ‘ਤੇ ਪੰਜ ਜ਼ਿਲ੍ਹਿਆਂ ਦੇ ਕਰੀਬ ਡੇਢ ਦਰਜਨ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੁਖਬੀਰ ਨੇ ਚਾਰ ਘੰਟੇ ਤੱਕ ਗੁਪਤ ਮੀਟਿੰਗ ਕੀਤੀ। ਸੁਖਬੀਰ ਨੇ ਇਕੱਲੇ ਇਕੱਲੇ ਮੈਂਬਰ ਨਾਲ ਆਹਮੋ ਸਾਹਮਣੀ ਗੱਲਬਾਤ ਕੀਤੀ।
ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਬਣੇ ਪੰਥਕ ਮਾਹੌਲ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਮਸ਼ਵਰੇ ਵੀ ਲਏ। ਸੁਖਬੀਰ ਇਸ ਗੁਪਤ ਮੀਟਿੰਗ ਬਹਾਨੇ ਅੰਦਰੋਂ-ਅੰਦਰੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹਾਜ਼ਰੀ ਦਾ ਰੌਂਅ ਵੀ ਜਾਣਨਾ ਚਾਹੁੰਦੇ ਸਨ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਗੁਪਤ ਮੀਟਿੰਗ ਕੀਤੀ। ਪੰਜ ਜ਼ਿਲ੍ਹਿਆਂ ਦੇ ਕਰੀਬ 35 ਸ਼੍ਰੋਮਣੀ ਕਮੇਟੀ ਮੈਂਬਰ ਹਨ ਜਿਨ੍ਹਾਂ ‘ਚੋਂ ਕਰੀਬ ਦੋ ਦਰਜਨ ਸ਼੍ਰੋਮਣੀ ਕਮੇਟੀ ਮੈਂਬਰ ਪਿੰਡ ਬਾਦਲ ਪੁੱਜੇ ਸਨ। ਕਰੀਬ 11 ਮੈਂਬਰ ਗੈਰਹਾਜ਼ਰ ਰਹੇ। ਵੇਰਵਿਆਂ ਅਨੁਸਾਰ ਸੁਖਬੀਰ ਨੇ ਮੁੱਖ ਤੌਰ ‘ਤੇ ਤਿੰਨ ਚਾਰ ਨੁਕਤਿਆਂ ਉੱਤੇ ਗੱਲਬਾਤ ਕੇਂਦਰਿਤ ਰੱਖੀ। ਵੱਡਾ ਸੁਆਲ ਬੇਅਦਬੀ ਮਾਮਲੇ ਵਿਚ ਲੋਕਾਂ ਦੇ ਵੱਧ ਰਹੇ ਰੋਹ ਬਾਰੇ ਅਤੇ ਇਸ ਰੋਹ ਨੂੰ ਮੱਠਾ ਕਰਨ ਲਈ ਪੈਂਤੜੇ ਬਾਰੇ ਪੁੱਛਿਆ।
ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੇ ਲੋਕਾਂ ‘ਚ ਗਏ ਪ੍ਰਭਾਵ ਬਾਰੇ ਵੀ ਜਾਣਿਆ ਗਿਆ। ਦੱਸਿਆ ਜਾਂਦਾ ਹੈ ਕਿ ਕਈ ਮੈਂਬਰਾਂ ਨੇ ਗਿਲਾ ਵੀ ਕੀਤਾ ਕਿ ਉਨ੍ਹਾਂ ਨੂੰ ਹਮੇਸ਼ਾ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਹੋਣ ਤੋਂ ਪਹਿਲਾਂ ਹੀ ਸੱਦਿਆ ਜਾਂਦਾ ਹੈ। ਮੁੜ ਕੇ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਭੁੱਲ-ਭੁਲਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਗੁਰਤੇਜ ਸਿੰਘ ਢੱਡੇ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਪੰਥਕ ਮਾਮਲਿਆਂ ‘ਤੇ ਮਸ਼ਵਰੇ ਲਏ ਹਨ। ਸ੍ਰੀ ਢੱਡੇ ਨੇ ਦੱਸਿਆ ਕਿ ਪ੍ਰਧਾਨ ਲੌਂਗੋਵਾਲ ਤਾਂ ਦੋ ਵਜੇ ਤੋਂ ਮਗਰੋਂ ਪਿੰਡ ਬਾਦਲ ਪੁੱਜੇ ਸਨ। ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਮਗਰੋਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਸਰੂਪ ਚੰਦ ਸਿੰਗਲਾ ਨਾਲ ਵੀ ਮੀਟਿੰਗਾਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਲ਼ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸੀਨੀਅਰ ਤੇ ਸਤਿਕਾਰਤ ਆਗੂ ਹਨ ਤੇ ਉਨ੍ਹਾਂ ਨਾਲ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਡਾਲ਼ ਚੀਮਾ ਨੇ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਨੂੰ ਪਾਰਟੀ ਨਾਲ ਕੋਈ ਗਿਲਾ ਨਹੀਂ ਤੇ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ।

ਅਕਾਲੀਆਂ ਨੇ ਧਾਰਮਿਕ ਸਰਗਰਮੀਆਂ ਵੱਲ ਵਧਾਏ ਕਦਮ

ਫਰੀਦਕੋਟ: ਸਿੱਖ ਸੰਗਤ ਦੇ ਰੋਹ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸਿਆਸੀ ਸਮਾਗਮਾਂ ਦੀ ਥਾਂ ਧਾਰਮਿਕ ਸਰਗਰਮੀਆਂ ਵੱਲ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਕਾਰਨ ਅਕਾਲੀ ਦਲ ਆਪਣੀ ਰਵਾਇਤੀ ਵੋਟ ਬਚਾਉਣ ਲਈ ਫਿਕਰਮੰਦ ਹੈ ਤੇ ਚੋਣਾਂ ਤੋਂ ਪਹਿਲਾਂ ਬੇਅਦਬੀ ਕਾਂਡ ਦਾ ਰੋਹ ਸ਼ਾਂਤ ਕਰਨ ਲਈ ਅਕਾਲੀ ਦਲ ਨੇ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਲੇ ਦਿਨਾਂ ਵਿਚ ਫਰੀਦਕੋਟ ਜ਼ਿਲ੍ਹੇ ਦੇ ਹੋਰ ਪਿੰਡਾਂ ਵਿਚ ਵੀ ਧਾਰਮਿਕ ਸਥਾਨਾਂ ਲਈ ਮੁਫਤ ਬੱਸਾਂ ਭੇਜਣ ਦਾ ਪ੍ਰਬੰਧ ਕਰ ਚੁੱਕੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਲਖਵੀਰ ਸਿੰਘ ਅਰਾਈਆਂ ਵਾਲਾ ਨੇ ਕਮੇਟੀ ਤੋਂ ਬੱਸਾਂ ਮੰਗਵਾ ਕੇ ਹਲਕੇ ਦੇ ਲੋਕਾਂ ਨੂੰ ਮੁਫਤ ਧਾਰਮਿਕ ਯਾਤਰਾ ਕਰਵਾਉਣ ਦੀ ਮੁਹਿੰਮ ਵਿੱਢੀ ਹੈ। ਲਖਵੀਰ ਸਿੰਘ ਅਰਾਈਆਂ ਵਾਲਾ ਨੇ ਤਖਤ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਲਈ ਇਥੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਅਤੇ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਵੀ ਸ਼ਾਮਲ ਹੋਏ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਬਰਗਾੜੀ ਵਿਚ ਲੱਗੇ ਇਨਸਾਫ ਮੋਰਚੇ ਦੀਆਂ ਸਰਗਰਮੀਆਂ ਵਧਣ ਤੋਂ ਬਾਅਦ ਇਲਾਕੇ ਵਿਚ ਅਕਾਲੀ ਦਲ ਖਿਲਾਫ਼ ਲੋਕ ਰੋਹ ਕਾਫੀ ਵਧਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਬਹੁਤੇ ਅਕਾਲੀ ਆਗੂਆਂ ਦੀਆਂ ਹਲਕਿਆਂ ਵਿਚ ਸਰਗਰਮੀਆਂ ਨਾਮਾਤਰ ਹੀ ਹਨ। ਸਤੰਬਰ ਵਿਚ ਅਕਾਲੀ ਦਲ ਨੇ ਫਰੀਦਕੋਟ ਵਿਚ ਦੋ ਵੱਡੇ ਸਿਆਸੀ ਸਮਾਗਮ ਕੀਤੇ ਸਨ ਅਤੇ ਦੋਹਾਂ ਸਮਾਗਮਾਂ ਵਿਚ ਹੀ ਗਰਮਖਿਆਲੀ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਤਿੱਖਾ ਟਕਰਾਅ ਹੋਇਆ ਸੀ।

ਸੁਖਬੀਰ ਦੇ ‘ਬਾਹੂਬਲੀ’ ਵਾਲੇ ਰੁਤਬੇ ਦਾ ਨਿਤਾਰਾ ਕਰੇਗਾ ਮਿਸ਼ਨ 2019

ਚੰਡੀਗੜ੍ਹ: ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਨੂੰ ਲਗਾਤਾਰ ਹਾਰਾਂ ਮਿਲ ਰਹੀਆਂ ਹਨ। ਕਾਂਗਰਸ ਸਰਕਾਰ ਖਿਲਾਫ ਰੋਸ ਹੋਣ ਦੇ ਬਾਵਜੂਦ ਲੋਕ ਅਕਾਲੀ ਦਲ ਤੋਂ ਦੂਰੀ ਬਣਾਏ ਹੋਏ ਹਨ। ਇਸ ਤੋਂ ਇਲਾਵਾ ਪੰਥਕ ਮੁੱਦਿਆਂ ‘ਤੇ ਵੀ ਅਕਾਲੀ ਦਲ ਗੰਭੀਰ ਸੰਕਟ ਵਿਚ ਘਿਰਿਆ ਹੋਇਆ ਹੈ। ਇਸ ਸੰਕਟ ਦਾ ਸਾਰਾ ਜ਼ਿੰਮਾ ਬਾਦਲ ਪਰਿਵਾਰ ਤੇ ਖਾਸਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਤੇ ਆ ਰਿਹਾ ਹੈ।
ਇਸ ਵੇਲੇ ਟਕਸਾਲੀ ਲੀਡਰ ਬਾਗੀ ਸੁਰਾਂ ਬੁਲੰਦ ਕਰ ਰਹੇ ਹਨ। ਉਹ ਸੁਖਬੀਰ ਬਾਦਲ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਬਹੁਤੇ ਪਾਰਟੀ ਲੀਡਰ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਲਈ ਮਿਸ਼ਨ 2019 ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਹੋਏਗਾ। ਜੇਕਰ ਇਨ੍ਹਾਂ ਚੋਣਾਂ ਵਿਚ ਵੀ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ਵਾਲਾ ਹਾਲ ਹੁੰਦਾ ਹੈ ਤਾਂ ਸੁਖਬੀਰ ਬਾਦਲ ਦਾ ਸਿੰਘਾਸ਼ਨ ਡੋਲਣਾ ਤੈਅ ਹੈ। ਲਗਾਤਾਰ ਹਾਰਾਂ ਕਰਕੇ ਉਨ੍ਹਾਂ ਨੂੰ ਲਾਂਭੇ ਕਰਨ ਲਈ ਦਬਾਅ ਜ਼ਰੂਰ ਬਣੇਗਾ। ਇਸ ਵੇਲੇ ਦੱਬੀ ਸੁਰ ਵਿਚ ਗੱਲ ਕਰਨ ਵਾਲੇ ਟਕਸਾਲੀ ਲੀਡਰਾਂ ਨੂੰ ਹੋਰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲ ਜਾਏਗਾ।
ਇਹ ਵੀ ਅਹਿਮ ਹੈ ਕਿ ਲੋਕ ਸਭਾ ਚੋਣਾਂ ਵਿਚ ਜਿੱਤ ਹਾਰ ਅਕਾਲੀ ਦਲ ਤੇ ਬੀਲ਼ਜੇਲ਼ਪੀਲ਼ ਦੀ ਭਾਈਵਾਲੀ ਦਾ ਭਵਿੱਖ ਕਰੇਗੀ। ਜੇਕਰ ਅਕਾਲੀ ਦਲ ਮੌਜੂਦਾ ਸੀਟਾਂ ਵੀ ਬਰਕਰਾਰ ਨਾ ਰੱਖ ਸਕਿਆ ਤਾਂ ਪੰਜਾਬ ਬੀਲ਼ਜੇਲ਼ਪੀਲ਼ ਇਕ ਵਾਰ ਫਿਰ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੱਲਣ ਲਈ ਦਬਾਅ ਬਣਾ ਸਕਦੀ ਹੈ। ਅਜਿਹੇ ਵਿਚ ਵੀ ਬਾਦਲ ਪਰਿਵਾਰ ਦਾ ਕੇਂਦਰੀ ਸਿਆਸਤ ਵਿਚ ਦਬਦਬਾ ਘਟੇਗਾ ਤੇ ਅਕਾਲੀ ਦਲ ਨੂੰ ਨਵੇਂ ਰਾਹ ਲੱਭਣੇ ਪੈਣਗੇ। ਇਸ ਵੇਲੇ ਮੰਨਿਆ ਜਾਂਦਾ ਹੈ ਕਿ ਬਾਦਲਾਂ ਦੀ ਕੇਂਦਰੀ ਸਿਆਸਤ ਵਿਚ ਪੈਂਠ ਨੇ ਹੀ ਉਨ੍ਹਾਂ ਨੂੰ ਅਕਾਲੀ ਦਲ ਵਿਚ ਬਾਹੂਬਲੀ ਬਣਾਇਆ ਹੋਇਆ ਹੈ। ਦਰਅਸਲ, ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ‘ਤੇ ਬਾਦਲ ਪਰਿਵਾਰ ਦਾ ਹੀ ਕਬਜ਼ਾ ਹੈ। ਇਸ ਦੀ ਸ਼ੁਰੂਆਤ ਮਰਹੂਮ ਗੁਰਬਚਨ ਸਿੰਘ ਟੌਹੜਾ ਨੂੰ ਦਲ ਤੋਂ ਬਹਾਰ ਕਰਨ ਨਾਲ ਹੋਈ ਸੀ। ਬੇਸ਼ੱਕ ਇਸ ਤੋਂ ਬਾਅਦ ਅਕਾਲੀ ਦਲ ‘ਤੇ ਕਬਜ਼ਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਰਿਹਾ ਪਰ ਉਹ ਸਾਰੇ ਟਕਸਾਲੀ ਲੀਡਰਾਂ ਨੂੰ ਨਾਲ ਲੈ ਕੇ ਚੱਲਦੇ ਰਹੇ। ਇਸ ਲਈ ਪੰਥਕ ਮੁੱਦਿਆਂ ਤੋਂ ਭਟਕਣ ਦੇ ਬਾਵਜੂਦ ਅਕਾਲੀ ਦਲ ਅੰਦਰ ਕੋਈ ਜ਼ਿਆਦਾ ਹਿਲਜੁਲ ਨਹੀਂ ਹੋਈ।