‘ਬਹੁਤ ਕੁਛ ਹੋਇਆ ਹੈ ਤੇਰੇ ਸ਼ਹਿਰ ਵਿੱਚ’

‘ਬਹੁਤ ਕੁਛ ਹੋਇਆ ਹੈ ਤੇਰੇ ਸ਼ਹਿਰ ਵਿੱਚ’

ਮਿ. ਡੱਗ ਮਕੱਲਮ ਸਰੀ ਦਾ ਨਵਾਂ ਮੇਅਰ ਬਣਿਆ

20 ਅਕਤੂਬਰ ਨੂੰ ਬੀ.ਸੀ. ਦੀਆਂ ਮਿਊਂਸੀਪਲ ਚੋਣਾਂ ਦੇ ਨਤੀਜੇ ਬੜੇ ਹੈਰਾਨੀਜਨਕ ਹੀ ਨਹੀਂ ਰਹੇ ਬਲਕਿ ਉਲਟ ਪੁਲਟ ਵੀ ਨਿਕਲੇ। ਖਾਸ ਕਰਕੇ ਸਰੀ ਤੇ ਵੈਨਕੂਵਰ ਵਿੱਚ, ਜਿਥੇ ਕਿ ਪਹਿਲੇ ਮੇਅਰਾਂ ਨੇ ਤਾਂ ਚੋਣ ਪ੍ਰਕਿਰਿਆ ਵਿੱਚ ਦੁਬਾਰਾ ਭਾਗ ਲੈਣ ਤੋਂ ਕੰਨੀ ਹੀ ਕਤਰਾ ਲਈ। ਕਿਉਂਕਿ ਉਨ੍ਹਾਂ ਨੂੰ ਜਿੱਤ ਨਸੀਬ ਹੋਣ ਦੀ ਆਸ ਉਮੀਦ ਹੀ ਨਹੀਂ ਸੀ। ਸੂਬੇ ‘ਚ ਜਿਥੇ ਲੱਗਭਗ 36% ਵੋਟਾਂ ਪੋਲ ਹੋਈਆਂ ਉਥੇ ਸਰੀ ਸ਼ਹਿਰ ਲਈ ਇਹ ਪ੍ਰਤੀਸ਼ਤ 33% ਹੀ ਰਹੀ। ਜਿਥੇ ਸਰੀ ਫਸਟ ਟੀਮ ਦਾ ਮੇਅਰ ਉਮੀਦਵਾਰ ਮਿ.ਟੌਮ ਗਿੱਲ ਜਿੱਤ ਦੀ ਬਾਜ਼ੀ ਹਾਰ ਗਿਆ। ਜਦੋਂ ਕਿ ਸਰੀ ਦੇ ਨਾਗਰਿਕਾਂ ਦੀ ਅੱਖ ਟੌਮ ਗਿੱਲ ਤੇ ਹੀ ਵਧੇਰੇ ਸੀ। ਭਾਵੇਂ ਉਹਦੇ ਮਗਰ ‘ਤਕੜਿਆਂ’ ਦੀ ਟੀਮ ਵੀ ਸੀ ਤੇ ਉਹਦਾ ਪ੍ਰਚਾਰ ਵੀ ਕੁਝ ਵਧੇਰੇ ਹੀ ਸੀ। ਲੇਕਿਨ ਉਦੇ ਮੁੱਖ ਮੁੱਦੇ ਐਲ.ਆਰ.ਟੀ. ਨੂੰ ਹਰ ਹੀਲੇ ਸ਼ਹਿਰ ‘ਚ ਲਿਆਉਣਾ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਿੱਕ ਸੈਂਟਰਾਂ ਤੇ ਪੂਲਾਂ ‘ਚ ਫਰੀ ਐਂਟਰੀ ਵਾਸਤੇ ਲੋਕਾਂ ਨੇ ਭੋਰਾ ਵੀ ਦਿਲਚਸਪੀ ਨਾ ਦਿਖਾਈ। ਉਹਦਾ ਮੁਕਾਬਲਾ ਸਰੀ ਦੇ ਦੋ ਵਾਰ 1996 ਤੋਂ 2006 ਤੱਕ ਮੇਅਰ ਅਹੁੱਦੇ ‘ਤੇ ਰਹੇ ਮਿ. ਡੱਗ ਮਕੱਲਮ ਨਾਲ ਤੇ ਸਰੀ ਫਸਟ ਤੋਂ ਹੀ ਅਲੱਗ ਹੋਏ ਮਿਸਟਰ ਬਰੂਸ ਹੇਅਨ ਨਾਲ ਸੀ। ਮਿਸਟਰ ਬਰੂਸ ਨੇ ਇੰਟੈਗਰਿਟੀ ਟੀਮ ਦੀ ਅਗਵਾਈ ਕੀਤੀ ਜਿਸ ਵਿੱਚ ਦੋ ਪੰਜਾਬੀ ਉਮੀਦਵਾਰ ਐਵੀ ਧਾਲੀਵਾਲ ਅਤੇ ਰੀਨਾ ਗਿੱਲ ਵੀ ਸ਼ਾਮਿਲ ਸੀ। ਸੇਫ਼ ਸਰੀ ਕੁਲੀਜਨ ਦੀ ਟੀਮ ਦੀ ਅਗਵਾਈ ਮਿਸਟਰ ਡੱਗ ਮੱਕਲਮ ਨੇ ਕੀਤੀ। ਇਸ ਨਵੇਂ ਮੇਅਰ ਦੇ ਸਾਫ਼ ਸ਼ਪੱਸ਼ਟ ਤੇ ਲੋੜ ਅਨੁਸਾਰ ਲੋਕਾਂ ਦੇ ਫਿੱਟ ਮੁੱਦਿਆਂ ਨੇ ਉਹਦੀ ਜਿੱਤ ਲਈ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਉਹਦੇ ਚੋਣ ਵਾਅਦਿਆਂ ਵਿੱਚ ਸਰੀ ਵਿੱਚ ਐਲ.ਆਰ.ਟੀ. ਦੇ ਪ੍ਰਾਜੈਕਟ ਨੂੰ ਰੱਦ ਕਰਕੇ ਸਕਾਈ ਟਰੇਨ ਦਾ ਹੋਰ ਪਸਾਰ ਕਰਨਾ, ਆਰ.ਸੀ.ਐਮ.ਪੀ. ਦੀ ਜਗ੍ਹਾ ਤੇ ਸਥਾਨਕ ਪੁਲਿਸ ਤੇ ਮੁਫ਼ਤ ਪਾਰਕਿੰਗ ਨੂੰ ਤਰਜੀਹ ਦੇਣਾ। ਵੱਧ ਰਹੇ ਜ਼ੁਰਮਾਂ ਨੂੰ ਨੱਥ ਪਾਉਣਾ ਤੇ ਇੱਕ ਹੋਰ ਹਸਪਤਾਲ ਦੀ ਸਥਾਪਨਾ ਸ਼ਾਮਿਲ ਸਨ। ਜਦ ਕਿ ਮਿ. ਬਰੂਸ ਦੇ ਮੁੱਦੇ ਸਿਰਫ਼ ਵਿਚਾਰ ਵਟਾਂਦਰੇ ਵਾਲੇ ਹੀ ਲੱਗੇ। ਜਿੰਨਾਂ ਨੂੰ ਲੋਕਾਂ ਨੇ ਬਹੁਤੀ ਤਰਜੀਹ ਨਾ ਦਿੱਤੀ। ਵੋਟਾਂ ਦੇ ਨਤੀਜੇ ਵਜੋਂ ਡੱਗ ਸਾਹਿਬ ਨੂੰ 45,564, ਮਿ. ਗਿੱਲ ਨੂੰ 28553 ਤੇ ਮਿ. ਬਰੂਸ ਨੂੰ 28077 ਵੋਟਾਂ ਪ੍ਰਾਪਤ ਹੋਈਆਂ। ਜੇਤੂ ਪੰਜਾਬੀ ਕੌਸਲਰਾਂ ‘ਚ ਜੈਕ ਸਿੰਘ ਨੂੰ 33750 ਤੇ ਸ. ਨਾਗਰਾ ਨੂੰ 30083 ਵੋਟਾਂ ਹਾਸਲ ਹੋਈਆਂ। ਹਾਰਨ ਵਾਲਿਆਂ ‘ਚ ਬਬਲੀਨ ਰਾਣਾ ਤੇ ਰੀਨਾ ਗਿੱਲ ਨੂੰ ਮਿਲੇ ਵੋਟ ਉਨ੍ਹਾਂ ਦਾ ਭਵਿੱਖ ਵਧੀਆ ਦਰਸਾ ਰਹੇ ਹਨ। ਦੇਖਿਆ ਜਾਵੇ ਤਾਂ ਐਡਵਾਂਸ ਪੋਲਿੰਗ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਰਹੀ ਟੌਮ ਗਿੱਲ ਨੂੰ ਐਲ.ਆਰ.ਟੀ. ਦਾ ਮੁੱਦਾ ਹੀ ਲੈ ਬੈਠਾ। ਭਾਵੇਂ ਪੰਜਾਬੀਆਂ ਵਸੋਂ ਸਰੀ ‘ਚ ਚੰਗੀ-ਚੌਖੀ ਹੈ ਲੇਕਿਨ ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਵਧੇਰੇ ਨਹੀਂ, ਲੇਕਿਨ ਜਿੱਤ ਹਾਰ ਦਾ ਫੈਸਲਾ ਕਰਨ ‘ਚ ਪੰਜਾਬੀ ਸੂਬਾਈ ਚੋਣਾਂ ਵਾਂਗ ਮੂਹਰੇ ਰਹੇ। ਡੱਗ ਮਕੱਲਮ ਦੀ ਟੀਮ ਵਿੱਚ ਪੰਜਾਬੀ ਨੌਜਵਾਨ ਮਨਦੀਪ ਸਿੰਘ ਨਾਗਰਾ ਵੀ ਜਿੱਤ ਦੀਆਂ ਪੌੜੀਆਂ ਚੜ੍ਹਣ ‘ਚ ਕਾਮਯਾਬ ਰਿਹਾ ਤੇ ਕੌਂਸਲਰ ਬਣਨ ਦਾ ਉਹਨੂੰ ਪਹਿਲੀ ਵਾਰ ਸੁਭਾਗ ਪ੍ਰਾਪਤ ਹੋਇਆ। ਸਕੂਲ ਟਰੱਸਟੀ ਲਈ ਗੈਰੀ ਥਿੰਦ ਫਿਰ ਮੋਰਚਾ ਮਾਰ ਗਿਆ ਜਦ ਕਿ ਸੋਨੀਆ ਐਂਦੀ ਨੇ ਵੀ ਕਮਾਲ ਕਰ ਦਿੱਤੀ।
ਖੈਰ ਬਜ਼ੁਰਗ ਤੇ ਹੰਢੇ ਵਰਤੇ ਸਿਆਸਤੀ ਮਿ. ਡੱਗ ਮੱਕਮਲ ਜਿੰਨਾਂ ਨੇ ਨਵੰਬਰ ‘ਚ ਕੁਰਸੀ ਸੰਭਾਲਣੀ ਹੈ ਲਈ ਕੀਤੇ ਵਾਅਦੇ ਪੂਰੇ ਕਰਨੇ ਕੋਈ ਆਸਾਨ ਕੰਮ ਨਹੀਂ ਹੋਵੇਗਾ। ਐਲ.ਆਰ.ਟੀ. ਪ੍ਰੋਜੈਕਟ ਨੂੰ ਰੋਕਣਾ ਬਹੁਤ ਲੰਬੀ ਪ੍ਰਕਿਰਿਆ ਹੈ। ਸਰੀ ਪੁਲਿਸ ਵੀ ਰਾਤੋਂ-ਰਾਤ ਤਾਂ ਬਣ ਨਹੀਂ ਸਕਣੀ। ਇਸ ਨੂੰ ਵੀ ਸਮਾਂ ਲੱਗ ਸਕਦਾ ਹੈ। ਖੈਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸੰਪੰਨ ਖਰਨ ਲਈ ਲੋਕ ਤਾਂ ਆਸ ਤੇ ਝਾਕ ਲਗਾਕੇ ਬੈਠੇ ਹਨ। ਅਕਸਰ ਉਨ੍ਹਾਂ ਨੇ ਵੋਟਾਂ ਪਾ ਕੇ ਡੱਗ ਸਾਹਿਬ ਨੂੰ ਜਿੱਤ ਨਸੀਬ ਕਰਾਈ ਹੈ। ਉਹਦੇ ਪ੍ਰਭਾਵਸ਼ਾਲੀ ਤੇ ਸਾਫ਼ ਸ਼ਪੱਸ਼ਟ ਸਿਧੇ-ਸਾਧੇ ਵਾਅਦਿਆਂ ਨਾਲ ਲੋਕ ਇੱਕ ਕਿਮਸ ਨਾਲ ਕੀਲ਼ੇ ਹੀ ਗਏ। ਉਝ ਵੀ ਲੋਕ ਸਰੀ ਦੀ ਨਿੱਤ ਦੀ ਠਾਹ-ਠਾਹ ਤੋਂ, ਵੱਧ ਰਹੇ ਜ਼ੁਰਮਾਂ ਤੋਂ ਮਹਿੰਗੀਆਂ ਪੇਅ ਪਾਰਕਿੰਗਾਂ ਤੋਂ, ਥੋਕ ‘ਚ ਮਿਲ ਰਹੀਆਂ ਟਿਕਟਾਂ ਤੋਂ, ਸਰੀ ਸਿਟੀ ਦੇ ਹਾਲ ‘ਚ ਹੋ ਰਹੀਆਂ ਬੇਨਿਯਮੀਆਂ ਤੋਂ ਤੰਗ ਆਏ ਲੋਕਾਂ ਨੇ ਸਰੀ ਫਸਟ ਤੋਂ ਪਾਸਾ ਵੱਟਣਾ ਹੀ ਠੀਕ ਸਮਝਿਆ। ਜਿਸਦੇ ਦੁਆਲੇ ”ਤਕੜਿਆਂ” ਦੀ ਟੀਮ ਵੀ ਉਹਨੂੰ ਜੇਤੂ ਮੰਚ ਤੇ ਖੜਾ ਨਾ ਕਰ ਸਰੀ । ਖੈਰ ਅੱਗੇ ਕੀ ਹੋਵੇਗਾ? ਸਿਟੀ ਹਾਲ ‘ਚ ਸਭ ਅੱਛਾ ਹੀ ਹੋਵੇਗਾ ਇਹਦੀ ਨਬਜ਼ ਮਿ.ਡੱਗ ਦੀ ਟੀਮ ਤੇ ਮਿ.ਡੱਗ ਦੇ ਹੱਥਾਂ ‘ਚ ਹੋਵੇਗੀ। ਲੇਕਿਨ ਅਵਾਮ ਦੀ ਸ਼ਕਤੀ ਨੂੰ ਵੀ ਭੁਲਾਇਆ ਤੇ ਠੁਕਰਾਇਆ ਨਹੀਂ ਜਾ ਸਕਦਾ।
ਸਰੀ ਦੇ ਨਵੇਂ ‘ਕਪਤਾਨ’ ਨੂੰ ਸ਼ੁੱਭ ਕਾਮਨਾਵਾਂ !!

-ਸੰਪਾਦਕ