ਚੀਨੀ ਵੱਲੋਂ ਵਿਸ਼ਵ ਦੇ ਸਭ ਤੋਂ ਲੰਮੇ ਸਾਗਰ ਪੁਲ ਦਾ ਉਦਘਾਟਨ

ਚੀਨੀ ਵੱਲੋਂ ਵਿਸ਼ਵ ਦੇ ਸਭ ਤੋਂ ਲੰਮੇ ਸਾਗਰ ਪੁਲ ਦਾ ਉਦਘਾਟਨ

ਪੇਈਚਿੰਗ : ਚੀਨੀ ਸਦਰ ਸ਼ੀ ਜਿਨਪਿੰਗ ਨੇ ਹਾਂਗਕਾਂਗ, ਮਕਾਓ ਤੇ ਚੀਨ ਨੂੰ ਜੋੜਦੇ ਵਿਸ਼ਵ ਦੇ ਸਭ ਤੋਂ ਲੰਮੇ ਸਾਗਰ ਪੁਲ ਦਾ ਉਦਘਾਟਨ ਕਰਦਿਆਂ ਇਸ ਨੂੰ ਅਧਿਕਾਰਤ ਤੌਰ ‘ਤੇ ਆਵਾਜਾਈ ਲਈ ਖੋਲ੍ਹ ਦਿੱਤਾ। ਇਸ ਪੁਲ ਦੇ ਖੁੱਲ੍ਹਣ ਨਾਲ ਇਨ੍ਹਾਂ ਤਿੰਨਾਂ ਖੇਤਰਾਂ ਦਾ ਤਿੰਨ ਘੰਟੇ ਦਾ ਸਫ਼ਰ ਘੱਟ ਕੇ ਮਹਿਜ਼ ਤੀਹ ਮਿੰਟਾਂ ਦਾ ਰਹਿ ਜਾਏਗਾ। 55 ਕਿਲੋਮੀਟਰ ਲੰਮੇ ਇਸ ਪੁਲ ਦੀ ਉਸਾਰੀ ‘ਤੇ 20 ਅਰਬ ਅਮਰੀਕੀ ਡਾਲਰ ਦੀ ਲਾਗਤ ਆਈ ਹੈ। ਇੰਜਨੀਅਰਿੰਗ ਦੀ ਕੁਸ਼ਲ ਕਾਰੀਗਰੀ ਕਿਹਾ ਜਾਂਦਾ ਇਹ ਪੁਲ ਆਰਥਿਕ ਤੇ ਸਿਆਸੀ ਪੱਖੋਂ ਵੀ ਕਾਫ਼ੀ ਅਹਿਮ ਹੈ। ਇਸ ਪੁਲ ਨੂੰ ਮੁਕੰਮਲ ਹੋਣ ਵਿੱਚ ਨੌਂ ਸਾਲ ਲੱਗੇ ਹਨ। ਉਸਾਰੀ ਕਾਮਿਆਂ ਦੀ ਮੌਤ, ਭ੍ਰਿਸ਼ਟਾਚਾਰ ਨਾਲ ਸਬੰਧਤ ਮੁਕੱਦਮਿਆਂ ਤੇ ਬਜਟ ਤੋਂ ਉਪਰ ਖਰਚਾ ਹੋਣ ਦੇ ਚਲਦਿਆਂ ਪੁਲ ਦੇ ਕੰਮ ਵਿੱਚ ਕਈ ਵਾਰ ਅੜਿੱਕਾ ਪਿਆ। ਚੀਨੀ ਸਦਰ ਸ਼ੀ ਵੱਲੋਂ ਅੱਜ ਉੱਤਰੀ ਚੀਨ ਦੇ ਗੁਆਂਗਡੌਂਗ ਸੂਬੇ ਦੇ ਜ਼ੁਹਾਏ ਵਿੱਚ ਪੁਲ ਦਾ ਉਦਘਾਟਨ ਕੀਤੇ ਜਾਣ ਮੌਕੇ ਰੱਖੇ ਸਮਾਗਮ ਵਿੱਚ ਹਾਂਗਕਾਂਗ ਤੇ ਮਕਾਓ ਦੇ ਆਗੂਆਂ ਸਮੇਤ ਲਗਪਗ ਸੱਤ ਸੌ ਮਹਿਮਾਨ ਮੌਜੂਦ ਸਨ।