ਭਾਰਤੀ ਅੰਬੈਸੀ ਮਿਲਾਨ ਦੇ ਅਧਿਕਾਰੀਆਂ ਵਲੋਂ ਪੰਜਾਬੀਆਂ ਦੇ ਨਹੀਂ ਬਣਾਏ ਜਾ ਰਹੇ ਪਾਸਪੋਰਟ

ਭਾਰਤੀ ਅੰਬੈਸੀ ਮਿਲਾਨ ਦੇ ਅਧਿਕਾਰੀਆਂ ਵਲੋਂ ਪੰਜਾਬੀਆਂ ਦੇ ਨਹੀਂ ਬਣਾਏ ਜਾ ਰਹੇ ਪਾਸਪੋਰਟ

ਬਰੇਸ਼ੀਆ : ਭਾਰਤੀ ਅੰਬੈਸੀ ਦੇ ਮਿਲਾਨ ਕੋਂਸਲੇਟ ਦਫਤਰ ਦੇ ਅਧਿਕਾਰੀਆ ਵਲੋਂ ਉਨ੍ਹਾਂ ਪੰਜਾਬੀਆਂ ਦੇ ਪਾਸਪੋਰਟ ਰੀਨਿਊ ਕਰਨ ਤੋਂ ਕੋਰੀ ਨਾਂਹ ਕਰਨ ਤੇ ਇਟਲੀ ਵਿਚ ਵੱਸਦੇ ਭਾਰਤੀਆਂ ਵਿਚ ਵੱਡੇ ਰੋਸ ਦੀ ਲਹਿਰ ਹੈ, ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੁਖਬੀਰ ਸਿੰਘ ਜਹੂਰਾ ਨੇ ਕਿਹਾ ਕਿ ਅੰਬੈਸੀ ਇੰਡੀਆ ਦੇ ਮਿਲਾਨ ਦਫਤਰ ਦੇ ਅਧਿਕਾਰੀ ਜਿਨ੍ਹਾਂ ਵਿਚ ਪ੍ਰਦੀਪ ਗੌਤਮ ਸਿੱਖਾਂ ਪ੍ਰਤੀ ਜਿਥੇ ਭੱਦੀ ਸ਼ਬਦਾਵਲੀ ਵਰਤਦਾ ਹੈ ਉਸ ਦੇ ਨਾਲ ਹੀ ਉਨ੍ਹਾਂ ਪੰਜਾਬੀ ਲੋਕਾਂ ਦੇ ਪਾਸਪੋਰਟ ਰੀਨੀਊ ਕਰਨ ਤੋਂ ਨਾਂਹ ਕਰ ਰਿਹਾ ਹੈ, ਜਿਨ੍ਹਾਂ ਕੋਲ ਇਟਲੀ ਦੇ ਪੇਪਰ ਨਹੀਂ ਹਨ,ਉਨ੍ਹਾਂ ਨੇ ਦੱਸਿਆ ਕਿ ਕੁਝ ਸਿਆਸੀ ਨਸਲ ਦੇ ਲੋਕ ਰੋਮ ਅਤੇ ਬਰੇਸ਼ੀਆ ਤੋਂ ਵੀ ਮਿਲਾਨ ਵਿਖੇ ਬਗੈਰ ਪੇਪਰਾਂ ਤੋਂ ਇਨ੍ਹਾਂ ਅਧਿਕਾਰੀਆਂ ਕੋਲੋਂ ਪਾਸਪੋਰਟ ਬਣਵਾ ਕੇ ਲੈ ਗਏ ਹਨ ਜਿਨ੍ਹਾਂ ਦੇ ਪਰੂਫ ਉਨ੍ਹਾਂ ਕੋਲ ਹਨ, ਪਰ ਜਿਹੜੇ ਆਮ ਵਿਅਕਤੀ ਹਨ ਉਨ੍ਹਾਂ ਨੂੰ ਇਹ ਅਧਿਕਾਰੀ ਧੱਕੇ ਮਾਰ ਮਾਰ ਕੇ ਅੰਬੈਸੀ ਵਿਚੋਂ ਬਾਹਰ ਕੱਢ ਰਿਹਾ ਹੈ, ਸ੍ਰੀ ਜਹੂਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੰਬੈਸੀ ਵਲੋਂ ਕਦੇ ਵੀ ਅਜਿਹਾ ਵਰਤੀਰਾ ਨਹੀਂ ਕੀਤਾ ਗਿਆ। ਅੰਬੈਸੀ ਵਲੋਂ ਜਾਣਬੁੱਝ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ , ਕਦੇ ਉਹ ਮਾਲਕ ਦਾ ਕੰਟਰੈਕਟ, ਕਦੇ ਹਾਊਸਪੀਤੀ ਅਤੇ ਕਦੇ ਪੁਲਿਸ ਰਿਪੋਰਟ ਦੀ ਮੰਗ ਕਰਦੇ ਹਨ ਉਨ੍ਹਾਂ ਦੱਸਿਆ ਕਿ ਜੇ ਕੋਈ ਇਹ ਸਾਰੀਆਂ ਚੀਜਾਂ ਪੂਰੀਆਂ ਵੀ ਕਰਦਾ ਹੈ ਤਾਂ ਵੀ ਉਨ੍ਹਾਂ ਦੇ ਹੋਰ ਨੁਕਸ ਕੱਢ ਕੇ ਅੰਬੈਸੀ ਵਿਚੋਂ ਭਜਾ ਦਿੱਤਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਕੋਈ 200 ਦੇ ਕਰੀਬ ਅਜਿਹੇ ਨੌਜਵਾਨ ਹਨ ਜਿਨ੍ਹਾਂ ਦੇ ਨਾਲ ਅਜਿਹਾ ਵਰਤੀਰਾ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਕੋਲੋਂ ਮੰਗ ਕਰਦੇ ਹਾਂ ਕਿ ਸਾਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਅਤੇ ਇਥੋਂ ਦੇ ਸਟਾਫ ਨੂੰ ਹਿਦਾਇਤਾਂ ਦਿੱਤੀਆਂ ਜਾਣ ਤਾਂ ਜੋ ਬਿਨਾਂ ਪੇਪਰਾਂ ਵਾਲੇ ਲੋਕਾਂ ਦੇ ਪਾਸਪੋਰਟ ਬਣ ਸਕਣ। ਮਨਜੀਤ ਸਿੰਘ ਲਾਡਾ ਵੈਰੋਨਾ ਅਤੇ ਸੁਖਬੀਰ ਸਿੰਘ ਜਹੂਰਾ ਹੱਥਜੋੜ ਕੇ ਬੇਨਤੀ ਕਰਦੇ ਹਨ ਕਿ ਇਟਲੀ ਦੇ ਗੁਰੂ ਘਰਾਂ ਦੀਆਂ ਕਮੇਟੀਆਂ, ਮੰਦਿਰ ਕਮੇਟੀਆਂ ਵੀ ਉਨ੍ਹਾਂ ਨੂੰ ਸਹਿਯੋਗ ਦੇਣ ਤਾਂ ਜੋ ਅੰਬੈਸੀ ਅਧਿਕਾਰੀਆ ਦੀਆਂ ਵਧੀਕੀਆਂ ਨੂੰ ਠੱਲ ਪਾਈ ਜਾ ਸਕੇ। ਮਨਜੀਤ ਸਿੰਘ ਲਾਡਾ ਵੈਰੋਨਾ ਅਤੇ ਸੁਖਬੀਰ ਸਿੰਘ ਜਹੂਰਾ,ਜਗੀਰ ਸਿੰਘ ਔਲ਼ਖ ਸੇਵਾਦਾਰ ਗੁਰਦੁਆਰਾ ਹਰਗੋਬਿੰਦ ਸਾਹਿਬ ਲੇਨੋ, ਸ. ਚੈਨ ਸਿੰਘ ਬਰੇਸ਼ੀਆ, ਕਸ਼ਮੀਰ ਸਿੰਘ ਕੰਧਾਲਾ ਜੱਟਾਂ, ਸੁਖਵਿੰਦਰ ਸਿੰਘ ਸਰਾਂ, ਬਲਜੀਤ ਸਿੰਘ ਸੰਧੂ, ਪਲਵਿੰਦਰ ਸਿੰਘ ਮਾਨਤੌਵਾ, ਹਰਜੀਤ ਸਿੰਘ ਜੀਤਾ ਬਰੇਸ਼ੀਆ, ਬੀਬੀ ਸਰਬਜੀਤ ਕੌਰ ਮਾਣੂੰਕੇ,ਬੀਬੀ ਕੁਲਵਿੰਦਰ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਜਸਵੀਰ ਕੌਰ ਨੇ ਵੀ ਭਾਰਤ ਸਰਕਾਰ ਕੋਲ ਅਪੀਲ ਕੀਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮਨਜੂਰ ਕੀਤੀਆਂ ਤੇ ਅਸੀਂ ਅਗਲੇ ਹਫਤੇ ਭਾਰਤੀ ਅੰਬੈਸੀ ਦੇ ਸਾਹਮਣੇ ਰੋਸ ਧਰਨਾ ਲਾਵਾਂਗੇ।