ਰੁਝਾਨ ਖ਼ਬਰਾਂ
ਉਨਟਾਰੀਓ ਮਿਊਂਸਪਲ ਚੋਣਾਂ ‘ਚ ਜੇਤੂ ਰਹੇ 10 ਪੰਜਾਬੀ

ਉਨਟਾਰੀਓ ਮਿਊਂਸਪਲ ਚੋਣਾਂ ‘ਚ ਜੇਤੂ ਰਹੇ 10 ਪੰਜਾਬੀ

ਬਰੈਂਪਟਨ, ਉਨਟਾਰੀਓ ਮਿਊਂਸਪਲ ਚੋਣਾਂ ਦੌਰਾਨ ਪੰਜਾਬੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਰਹੀ ਅਤੇ 2014 ਦੇ ਮੁਕਾਬਲੇ ਦੁੱਗਣੇ ਉਮੀਦਵਾਰ ਜਿੱਤ ਦਰਜ ਕਰਨ ਵਿਚ ਸਫ਼ਲ ਰਹੇ। ਭਾਵੇਂ ਟੋਰਾਂਟੋ ਵਿਚ ਪੰਜਾਬੀ ਉਮੀਦਵਾਰ ਖ਼ਾਤਾ ਖੋਲਣ ਵਿਚ ਸਫ਼ਲ ਨਾ ਹੋ ਸਕੇ ਪਰ ਬਰੈਂਪਟਨ, ਕਿਚਨਰ, ਹੈਮਿਲਟਨ, ਮਿਸੀਸਾਗਾ ਅਤੇ ਓਕਵਿਲ ਸਣੇ ਛੇ ਸ਼ਹਿਰਾਂ ਦੀ ਮਿਊਂਸਪਲ ਸਿਆਸਤ ਵਿਚ ਲਗਭਗ 10 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡ ਦਿਤੇ। ਦੂਜੇ ਪਾਸੇ ਪੰਜਾਬੀ ਮੀਡੀਆ ਨਾਲ ਸਬੰਧਤ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਬਰੈਂਪਟਨ ਵਿਖੇ ਮੇਅਰ ਦੀ ਚੋਣ ਵਿਚ ਜਿੱਤ ਨਾਲ ਪੈਟ੍ਰਿਕ ਬ੍ਰਾਊਨ ਨੇ ਸਿਆਸਤ ਵਿਚ ਵਾਪਸੀ ਕੀਤੀ ਜਦਕਿ ਮਿਸੀਸਾਗਾ ਵਿਚ ਬੌਨੀ ਕਰੌਂਬੀ ਨੇ ਲਗਾਤਾਰ ਦੂਜੀ ਵਾਰ ਸ਼ਹਿਰ ਦੇ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਟੋਰਾਂਟੋ ਦੇ ਲੋਕਾਂ ਨੇ ਵੀ ਜੌਹਨ ਟੋਰੀ ‘ਤੇ ਮੁੜ ਭਰੋਸਾ ਕਰਦਿਆਂ ਉਨਾਂ ਨੂੰ ਮੁੜ ਮੇਅਰ ਚੁਣ ਲਿਆ। ਪੈਟ੍ਰਿਕ ਬ੍ਰਾਊਨ ਨੇ ਤਕਰੀਬਨ 47 ਹਜ਼ਾਰ ਵੋਟਾਂ ਹਾਸਲ ਕਰਦਿਆਂ ਫ਼ਸਵੇਂ ਮੁਕਾਬਲੇ ਵਿਚ ਲਿੰਡਾ ਜੈਫ਼ਰੀ ਨੂੰ ਹਰਾਇਆ। ਜੈਫ਼ਰੀ ਨੂੰ ਲਗਭਗ 43 ਹਜ਼ਾਰ ਵੋਟਾਂ ਮਿਲੀਆਂ ਅਤੇ ਗਿਣਤੀ ਮੁਕੰਮਲ ਹੋਣ ਤੱਕ ਲੋਕਾਂ ਦੀ ਦਿਲਚਸਪੀ ਮੁਕਾਬਲੇ ਵਿਚ ਬਣੀ ਰਹੀ। ਜੇਤੂ ਭਾਸ਼ਣ ਦੌਰਾਨ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਹ ਬਰੈਂਪਟਨ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਵੱਲ ਧਿਆਨ ਕੇਂਦਰਤ ਕਰਨਗੇ।