ਖਹਿਰਾ ਵਲੋਂ ਪੰਜਾਬ ‘ਚ ਨਵੀਂ ਪਾਰਟੀ ਬਣਾਏ ਜਾਣ ਦੇ ਆਸਾਰ

ਖਹਿਰਾ ਵਲੋਂ ਪੰਜਾਬ ‘ਚ ਨਵੀਂ ਪਾਰਟੀ ਬਣਾਏ ਜਾਣ ਦੇ ਆਸਾਰ

ਚੰਡੀਗੜ੍ਹ : ਪੰਜਾਬ ਵਿੱਚ ਬਦਲੇ ਰਾਜਸੀ ਸਮੀਕਰਨਾਂ ਦੇ ਮੱਦੇਨਜ਼ਰ ਨਵੀਂ ਸਿਆਸੀ ਪਾਰਟੀ ਦਾ ਗਠਨ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਸਿਆਸੀ ਹਲਕਿਆਂ ਦਾ ਦੱਸਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਤੋਂ ਵੱਖ ਹੋਏ ਧੜੇ ਜਿਸ ਦੀ ਅਗਵਾਈ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਰ ਰਹੇ ਹਨ, ਵੱਲੋਂ ਇਹ ਸਿਆਸੀ ਪਾਰਟੀ ਬਣਾਈ ਜਾ ਰਹੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਵਿਚਾਰਾਂ ਚੱਲ ਰਹੀਆਂ ਹਨ ਤੇ ‘ਆਪ’ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਏਕਤਾ ਯਤਨਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ। ਆਪ ਦੇ ਦੋਹਾਂ ਧੜਿਆਂ ਵਿੱਚ 23 ਅਕਤੂਬਰ ਨੂੰ ਹੋਈ ਪਲੇਠੀ ਏਕਤਾ ਮੀਟਿੰਗ ਦੌਰਾਨ ਜੋ ਤੱਥ ਉੱਭਰੇ ਹਨ, ਉਸ ਨੂੰ ਦੇਖਦਿਆਂ ਪੰਜਾਬ ਇਕਾਈ ਵਿੱਚ ਏਕਤਾ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ ਤੇ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਅਮਲ ਸ਼ੁਰੂ ਹੋ ਗਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਨਵੀਂ ਪਾਰਟੀ ਦਾ ਨਾਮ ‘ਪੰਜਾਬ ਏਕਤਾ ਪਾਰਟੀ’ ਰੱਖਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਸ੍ਰੀ ਖਹਿਰਾ ਨੂੰ ਇਸ ਦਾ ਪ੍ਰਧਾਨ ਬਣਾਉਣ ਬਾਰੇ ਚਰਚਾ ਚੱਲ ਰਹੀ ਹੈ। ਇਸ ਨਵੇਂ ਧੜੇ ਨਾਲ ਜੁੜੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸ੍ਰੀ ਖਹਿਰਾ ਵਿਧਾਇਕ ਵਜੋਂ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦੀ ਵਾਗਡੋਰ ਸੰਭਾਲ ਸਕਦੇ ਹਨ ਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਸੰਸਦੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਮੁਕਾਬਲੇ ਉਮੀਦਵਾਰ ਵੀ ਹੋ ਸਕਦੇ ਹਨ।
ਸੂਤਰਾਂ ਦਾ ਦੱਸਣਾ ਹੈ ਕਿ ਇਸ ਨਵੇਂ ਸਿਆਸੀ ਦਲ ਵਿੱਚ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੈ, ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਸ੍ਰੀ ਗਾਂਧੀ ਨਾਲ ਇਸ ਸਬੰਧੀ ਪਹਿਲੇ ਗੇੜ ਦੀ ਗੱਲ ਵੀ ਹੋ ਚੁੱਕੀ ਹੈ। ਨਵੀਂ ਬਣਨ ਵਾਲੀ ਸਿਆਸੀ ਪਾਰਟੀ ਦੇ ਆਗੂਆਂ ਨੂੰ ‘ਬਰਗਾੜੀ ਮੋਰਚੇ’ ਤੋਂ ਜਨਤਕ ਹਮਾਇਤ ਮਿਲਣ ਦੀਆਂ ਉਮੀਦਾਂ ਹਨ। ਇਸ ਮੋਰਚੇ ਵਿੱਚ ਸ਼ਾਮਲ ਕੁਝ ਵਿਅਕਤੀ ਵੀ ਰਾਜਸੀ ਲਾਲਸਾ ਪਾਲੀ ਬੈਠੇ ਹਨ। ਇਹ ਵੀ ਤੱਥ ਅਹਿਮ ਹੈ ਕਿ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਬਰਗਾੜੀ ਮੋਰਚੇ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ‘ਤੇ ਗਰਮਦਲੀਏ ਹੋਣ ਦਾ ਠੱਪਾ ਲਾਇਆ ਜਾ ਰਿਹਾ ਹੈ।